ਹਲਕਾ ਵਿਧਾਇਕ ਦੇਵ ਮਾਨ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਹਲਕਾ ਨਾਭਾ ਦਾ ਦੌਰਾ

ਨਾਭਾ ਵਿਖੇ ਵਿਕਾਸ ਕਾਰਜਾਂ ਦੇ ਨਿਰੀਖਣ ਮੌਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਆਪ ਵਿਧਾਇਕ ਦੇਵ ਮਾਨ ਅਤੇ ਹੋਰ। (ਤਸਵੀਰ ਸ਼ਰਮਾ)

ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਸੰਬੰਧੀ ਹਦਾਇਤਾਂ ਕੀਤੀਆਂ ਜਾਰੀ

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਆਪ ਵਿਧਾਇਕ ਦੇਵ ਮਾਨ (MLA Dev Mann ) ਵੱਲੋ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਹਲਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐਸਡੀਐਮ ਨਾਭਾ ਤਰਸੇਮ ਚੰਦ, ਨਾਭਾ ਕੌਂਸਲ ਦੇ ਕਾਰਜ ਸਾਧਕ ਅਫਸਰ ਅਪਰਪਾਰ ਸਿੰਘ ਆਦਿ ਪ੍ਰਸ਼ਾਸ਼ਨਿਕ ਉੱਚ ਅਧਿਕਾਰੀਆਂ ਸਮੇਤ ਆਪ ਆਗੂ ਵੀ ਮੌਜੂਦ ਰਹੇ।

ਇਸ ਦੌਰਾਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਜਿਥੇ ਹਲਕੇ ਦੇ ਚੱਲਦੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਅਤੇ ਸਥਾਨਕ ਰੋਹਟੀ ਪੁੱਲ ਤੋਂ ਦੁਲੱਦੀ ਗੇਟ ਅਤੇ ਸਰਕੂਲਰ ਰੋਡ ਨਾਭਾ ਦੋਨੋ ਪਾਸੇ ਤੋਂ ਚੌੜੀ ਕਰਨ, ਕੈਂਟ ਰੋਡ ’ਤੇ ਸੁੱਕੇ ਦਰਖਤ ਹਟਾਉਣੇ, ਗਿੱਲੇ ਸੁੱਕੇ ਕੂੜੇ ਦਾ ਪ੍ਰਬੰਧ ਕਰਨਾ, ਐਸਟੀਪੀ ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ ਕਰਨ ਦੇ ਪਲਾਂਟ ਦਾ ਨਿਰਮਾਣ ਜਲਦ ਪੂਰਾ ਕਰਨਾ, ਬੰਦ ਪਏ ਪਸੂ ਹਸਪਤਾਲ ਦਾ ਨਿਰੀਖਣ, ਨੇਚਰ ਪਾਰਕ ਨਾਭਾ ਨੂੰ ਸਾਫ ਰੱਖਣਾ, ਗੰਦੇ ਕੂੜੇ ਦੇ ਢੇਰ ਨੂੰ ਠੀਕ ਕਰਕੇ ਖਾਦ ਬਣਾਉਣਾ, ਭਵਾਨੀਗੜ ਪੁੱਲ ਦੇ ਡੀਵਾਇਡਰ ਠੀਕ ਕਰਨਾ ਆਦਿ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਸਹੀ ਕਰਨ ਲਈ ਐਸਡੀਐਮ ਨਾਭਾ, ਕਾਰਜ ਸਾਧਕ ਅਫਸਰ, ਵਣ ਵਿਭਾਗ ਅਤੇ ਪੀਡਬਲਿਉ ਵਿਭਾਗ ਨੂੰ ਸਖਤ ਆਦੇਸ ਦਿੱਤੇ ਗਏ। (MLA Dev Mann )

ਨਾਭੇ ਨੂੰ ਪੰਜਾਬ ਦਾ ਨੰਬਰ ਇੱਕ ਸਹਿਰ ਬਣਾਉਣਾ ਮੇਰਾ ਸੁਪਨਾ : ਵਿਧਾਇਕ ਦੇਵ ਮਾਨ

ਹਲਕਾ ਆਪ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਹਲਕਾ ਨਾਭਾ ਨੂੰ ਪੰਜਾਬ ਦਾ ਨੰਬਰ ਵਨ ਸ਼ਹਿਰ ਬਣਾਉਣਾ ਮੇਰੀ ਪਹਿਲ ’ਤੇ ਹੈ ਜਿਸ ਲਈ ਸਰਗਰਮ ਆਪ ਆਗੂਆਂ ਦੀ ਟੀਮਾਂ ਨਾਲ ਮੈ ਖੁਦ ਵੀ ਸਮੇਂ-ਸਮੇਂ ਨਿਰੀਖਣ ਕਰਦਾ ਹਾਂ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਚੋਗਿਰਦੇ ਨੂੰ ਸਾਫ ਸੁਥਰਾ ਅਤੇ ਹਰਾ ਭਰਾ ਰੱਖਣ ਲਈ ਹਰ ਵਿਅਕਤੀ ਸਹਿਯੋਗ ਪਾਵੇ ਤਾਂ ਦਿਨਾਂ ਨੂੰ ਛੱਡ ਘੰਟਿਆ ’ਚ ਹਲਕਾ ਨਾਭਾ ਸਾਫ ਸਫਾਈ ਦੇ ਪੱਧਰ ’ਤੇ ਨਿੱਖਰ ਜਾਵੇਗਾ।

ਉਨ੍ਹਾਂ ਕਿਹਾ ਕਿ ਨਾਭਾ ਕੌਂਸਲ ਅਤੇ ਇਸ ਦੇ ਸਫਾਈ ਕਰਮਚਾਰੀ ਦਿਨ ਰਾਤ ਤੁਹਾਡੇ ਸਹਿਯੋਗ ਲਈ ਤਿਆਰ ਅਤੇ ਸਰਗਰਮ ਹਨ। ਉਨ੍ਹਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਇਹ ਨਾ ਭੁੱਲਣ ਕਿ ਮੌਜੂਦਾ ਸਮੇਂ ਆਮ ਲੋਕਾਂ ਦੀ ਸਰਕਾਰ ਹੈ। ਇਸ ਲਈ ਜੇਕਰ ਆਮ ਲੋਕਾਂ ਨੂੰ ਸੇਵਾਵਾਂ ਦੇਣ ਸਮੇਂ ਕੋਈ ਕੋਤਾਹੀ ਵਰਤੀ ਗਈ ਤਾਂ ਸੰਬੰਧਤ ਅਧਿਕਾਰੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ