ਵਿਆਹ ’ਚ ਭਾਨ ਸੁੱਟਣਾ

ਵਿਆਹ ’ਚ ਭਾਨ ਸੁੱਟਣਾ

ਵਿਆਹਾਂ ਵਿੱਚ ਇੱਕ ਰਸਮ ਹੁੰਦੀ ਸੀ, ਡੋਲੀ ਤੁਰਨ ਵੇਲੇ ਲੜਕੇ ਦੇ ਪਿਓ ਅਤੇ ਮਾਮੇ ਵੱਲੋਂ ਉਸ ਉੱਤੋਂ ਦੀ ਪੈਸੇ (ਭਾਨ) ਵਰ੍ਹਾਉਣਾ, ਹੁੰਦੀ ਤਾਂ ਅੱਜ ਵੀ ਹੈ, ਪਰ ਜੋ ਚਾਅ ਬੱਚਿਆਂ ਨੂੰ ਡੋਲੀ ਤੋਂ ਪੈਸੇ ਲੁੱਟਣ ਦਾ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ, ਮੈਨੂੰ ਲੱਗਦਾ ਹੁਣ ਨਹੀਂ ਰਿਹਾ ਉਨ੍ਹਾਂ ਸਮਿਆਂ ਵਿੱਚ ਤਾਂ ਸਾਰੇ ਪਿੰਡ ਦੇ ਬੱਚਿਆਂ ਨੇ ਸ਼ਾਮ ਨੂੰ ਜਿਸ ਦੇ ਘਰ ਕੁੜੀ ਦਾ ਵਿਆਹ ਹੋਣਾ ਉੱਥੇ ਇਕੱਠੇ ਹੋ ਜਾਣਾ ਪੈਸੇ ਲੁੱਟਣ ਲਈ ਉਦੋਂ ਬੱਚਿਆਂ ਨੂੰ ਘਰੋਂ ਜੇਬ੍ਹ ਖਰਚਾ ਘੱਟ ਹੀ ਮਿਲਦਾ ਸੀ, ਇਸ ਕਰਕੇ ਉਨ੍ਹਾਂ ਨੂੰ ਲਾਲਚ ਵੀ ਹੁੰਦਾ ਸੀ।

ਉਦੋਂ ਅਮੀਰ-ਗਰੀਬ ਦੇ ਬੱਚਿਆਂ ਵਿਚ ਕੋਈ ਜ਼ਿਆਦਾ ਫ਼ਾਸਲਾ ਨਹੀਂ ਸੀ ਹੁੰਦਾ, ਇਹੋ-ਜਿਹੇ ਕੰਮਾਂ ਲਈ ਲਗਭਗ ਸਾਰੇ ਹੀ ਬਰਾਬਰ ਸਨ ਕਈ ਤਾਂ ਐਨੇ ਢੀਠ ਹੁੰਦੇ ਸੀ ਕਿ ਦਸ-ਵੀਹ ਪੈਸਿਆਂ ਲਈ ਨਾਲੀਆਂ ਵਿੱਚ ਹੱਥ ਮਾਰਨ ਤੋਂ ਵੀ ਗੁਰੇਜ਼ ਨਹੀਂ ਸਨ ਕਰਦੇ ਕਈ ਸ਼ਰਾਰਤੀ ਮੇਰੇ ਵਰਗੇ ਮਾੜੇ ਬੰਦੇ ਤੋਂ ਜ਼ਬਰਦਸਤੀ ਖੋ ਕੇ ਵੀ ਭੱਜ ਜਾਂਦੇ ਸੀ। ਕਈ ਵਾਰ ਕਈਆਂ ਦਾ ਗੱਡੀ ਦੇ ਟਾਇਰ ਥੱਲੇ ਹੱਥ ਵੀ ਆ ਜਾਂਦਾ ਸੀ ਤਾਂ ਵੀ ਕੋਈ ਪਰਵਾਹ ਨਹੀਂ ਸੀ ਕਰਦੇ। ਇੱਕ ਸੀਨ ਹੋਰ ਵੀ ਹੁੰਦਾ ਸੀ ਜੋ ਮੈਂ ਆਪਣੀ ਵੇਖਿਆ ਕਿ ਵਿਆਹ ਵਿੱਚ ’ਕੱਠੀਆਂ ਹੋਈਆਂ ਬੀਬੀਆਂ ਵੀ ਅੱਖ ਬਚਾ ਕੇ ਪੈਸੇ ਪੈਰ ਥੱਲੇ ਦੱਬ ਲੈਂਦੀਆਂ ਸਨ ਆਪਣੇ ਬੱਚਿਆਂ ਨੂੰ ਦੇਣ ਲਈ।

ਇੱਕ ਸਾਡਾ ਆੜੀ ਹੁੰਦਾ ਸੀ ਟੀਟੂ, ਉਹਨੂੰ ਬੜਾ ਚਾਅ ਸੀ ਡੋਲੀ ਵਾਲੀ ਕਾਰ ਤੋਂ ਪੈਸੇ ਲੁੱਟਣ ਦਾ ਉਹ ਹਰੇਕ ਵਿਆਹ ’ਚ ਜਾਂਦਾ ਸੀ ਪੈਸੇ ਲੁੱਟਣ ਲਈ ਪਰ ਕਦੇ ਕੁੱਝ ਹੱਥ ਨਹੀਂ ਸੀ ਲੱਗਦਾ ਪਰ ਸਿਆਣੇ ਕਹਿੰਦੇ ਨੇ ਕਿ ਜਦੋਂ ਰੱਬ ਦਿੰਦਾ ਛੱਤ ਪਾੜ ਕੇ ਦਿੰਦਾ ਸਾਡੇ ਗੁਆਂਢੀਆਂ ਦੀ ਕੁੜੀ ਦਾ ਵਿਆਹ ਸੀ ਜਦੋਂ ਬਰਾਤ ਬੈਂਡ ਵਾਜਿਆਂ ਦੇ ਨਾਲ ਰੋਟੀ ਖਾਣ ਲਈ ਕੁੜੀ ਵਾਲਿਆਂ ਦੇ ਘਰ ਭੰਗੜਾ ਪਾਉਂਦੀ ਆ ਰਹੀ ਸੀ ਤਾਂ ਮੁੰਡੇ ਦੇ ਪਿਓ ਨੇ ਭਾਨ ਵਾਲੀ ਪੋਟਲੀ ਕੱਢੀ ਅਤੇ ਵਰ੍ਹਾਉਣ ਲੱਗ ਪਿਆ।

ਉਸ ਸਮੇਂ ਉੱਥੇ ਪੈਸੇ ਲੁੱਟਣ ਲਈ ਜ਼ਿਆਦਾ ਬੱਚੇ ਨਹੀਂ ਸਨ, ਟੀਟੂ ਸਮੇਤ ਪੰਜ ਕੁ ਜਣੇ ਟੀਟੂ ਨੂੰ ਤਾਂ ਜਿਵੇਂ ਕੁਬੇਰ ਦਾ ਖਜ਼ਾਨਾ ਲੱਭ ਗਿਆ ਹੋਵੇ ਉਹਦੇ ਕੋਲੋਂ ਪੈਸੇ ਇਕੱਠੇ ਨਾ ਹੋਣ ਉਸ ਦਿਨ ਟੀਟੂ ਨੇ ਦਸ ਰੁਪਏ ਦੀ ਭਾਨ ਇਕੱਠੀ ਕਰ ਲਈ ਸੀ ਉਹ ਦਸ ਰੁਪਏ ਵੀ ਅੱਜ ਦੇ ਸੌ ਰੁਪਏ ਦੇ ਬਰਾਬਰ ਸਨ। ਪਤਾ ਨਹੀਂ ਇਹ ਰਸਮਾਂ ਚੰਗੀਆਂ ਹਨ ਜਾਂ ਬੁਰੀਆਂ ਪਰ ਉਦੋਂ ਦੇ ਬੱਚਿਆਂ ਦੇ ਮਨ ਨੂੰ ਤਾਂ ਬਹੁਤ ਭਾਉਂਦੀਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ