ਜ਼ਬਰਦਸਤੀ ਦੀ ਭੀੜ ਇਕੱਠੀ ਕਰਕੇ ਜਿੱਤ ਨਹੀਂ ਪ੍ਰਾਪਤ ਕਰ ਸਕਦੀ ਕਾਂਗਰਸ: ਰੱਖੜਾ

Congress, Winning, Forcibly, Rakhra

ਕਿਹਾ, ਕਾਂਗਰਸ ਦਾ ਲੋਕ ਸਭਾ ਚੋਣਾਂ ਜਿੱਤਣ ਦਾ ਵਹਿਮ ਅਕਾਲੀ ਦਲ ਕਰੇਗਾ ਦੂਰ

ਪਟਿਆਲਾ ( ਖੁਸ਼ਵੀਰ ਸਿੰਘ ਤੂਰ) । ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਨਤਕ ਥਾਵਾਂ ‘ਤੇ ਪ੍ਰੋਗਰਾਮ ਕਰਕੇ ਆਉਣ ਜਾਣ ਵਾਲਿਆਂ ਦੀ ਭੀੜ ਨੂੰ ਇਕੱਠ ਸਮਝਣ ਵਾਲੀ ਕਾਂਗਰਸ 13 ਲੋਕ ਸਭਾ ਸੀਟਾਂ ‘ਤੇ ਤਾਂ ਦੂਰ ਦੀ ਗੱਲ ਪਟਿਆਲਾ ਲੋਕ ਸਭਾ ਹਲਕੇ ਵਿੱਚ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਰਕਲ ਡਕਾਲਾ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਡਕਾਲਾ ਦੀ ਅਗਵਾਈ ਵਿੱਚ ਹੋ ਰਹੀਆਂ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਸ਼ੇਰਮਾਜਰਾ, ਖੁਸਰੋਪੁਰ, ਮੈਣ, ਸਵਾਜਪੁਰ, ਭਾਨਰੀ, ਭਾਨਰਾ, ਲੰਗਡੋਈ, ਡਰੋਲਾ, ਡਕਾਲਾ, ਡਰੋਲੀ, ਤੁਲੇਵਾਲ, ਖੇੜੀ ਬਰਨਾ, ਦੇਵੀਨਗਰ,  ਮੱਦੋਮਾਜਰਾ, ਤਰੈਂ, ਬਠੋਈ ਕਲਾਂ ਵਿਖੇ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਦੇ ਪਟਿਆਲਾ ਵਿਖੇ ਸਥਿਤ ਗ੍ਰਹਿ ਅਸਥਾਨ ਵਿਖੇ ਰੋਜ਼ਾਨਾ ਕੰਮ ਕਰਵਾਉਣ ਅਤੇ ਮਿਲਣ ਲਈ ਆਉਣ ਵਾਲਿਆਂ ਨੂੰ ਕਦੇ ਕੈ. ਅਮਰਿੰਦਰ ਸਿੰਘ ਜਾਂ ਪ੍ਰਨੀਤ ਕੌਰ ‘ਚੋਂ ਕੋਈ ਵੀ ਨਹੀਂ ਮਿਲਦਾ ਅਤੇ ਲੋਕ ਦੁੱਖੀ ਹੋ ਕੇ ਵਾਪਸ ਆਉਂਦੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸੀ ਨੇਤਾ ਰਾਜ ਸੱਤਾ ਦੇ ਨਸ਼ੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਭੁੱਲ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਮੌਜੂਦਾ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਲੋਕਾਂ ਦੀ ਭੀੜ ਇਕੱਠੀ ਨਹੀਂ ਕਰ ਸਕਦੀ ਬਲਕਿ ਉਸ ਨਾਲ ਸਰਕਾਰੀ ਤੌਰ ‘ਤੇ ਜਾਣ ਵਾਲੀ ਮਸ਼ੀਨਰੀ ਦੀ ਭੀੜ ਹੀ ਇੰਨੀ ਹੁੰਦੀ ਹੈ ਕਿ ਦੇਖਣ ‘ਤੇ ਇੰਝ ਲੱਗਦਾ ਹੈ ਜਿਵੇਂ ਪ੍ਰੋਗਰਾਮ ਵਿੱਚ ਆਈ ਸ਼ਖਸੀਅਤ ਨੂੰ ਸੁਣਨ ਲਈ ਭੀੜ ਜਮ੍ਹਾਂ ਹੋ ਗਈ ਹੋਵੇ ਜਦੋਂ ਕਿ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਭੀੜ ਤੋਂ ਨਫ਼ਰਤ ਕਰਦੇ ਹਨ, ਭੀੜ ਨੂੰ ਮਿਲਣਾ ਪਸੰਦ ਨਹੀਂ ਕਰਦੇ, ਭਲਾ ਉਹ ਲੋਕਾਂ ਦੀ ਭੀੜ ਵਿੱਚ ਕਿਵੇਂ ਜਾ ਸਕਦੇ ਹਨ। ਕਾਂਗਰਸੀ ਸਿਰਫ ਆਪਣੇ ਹੀ ਲੋਕਾਂ ਵਿਚਕਾਰ ਜਾ ਕੇ ਪ੍ਰੋਗਰਾਮ ਕਰਦੇ ਹਨ ਤੇ ਆਖਦੇ ਹਨ ਕਿ ਕਾਂਗਰਸ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਜਿੱਤ ਕਰੇਗੀ ਪਰ ਇਹ ਕਾਂਗਰਸ ਦਾ ਵਹਿਮ ਹੈ।  ਇਹ ਵਹਿਮ ਉਦੋਂ ਦੂਰ ਹੋਵੇਗਾ, ਜਦੋਂ ਅਕਾਲੀ ਦਲ ਵੱਡੀ ਜਿੱਤ ਨਾਲ ਜਿੱਤੇਗਾ।

ਇਸ ਮੌਕੇ ਜਥੇਦਾਰ ਗੁਰਧਿਆਨ ਸਿੰਘ ਭਾਨਰੀ ਸੀਨੀਅਰ ਅਕਾਲੀ ਨੇਤਾ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬਲ ਸਾਬਕਾ ਚੇਅਮਰੈਨ, ਗੁਰਦੀਪ ਸਿੰਘ ਡਕਾਲਾ, ਰੋਡਾ ਸਿੰਘ, ਕੁਲਦੀਪ ਸਿੰਘ, ਪ੍ਰਸ਼ੋਤਮ ਦਾਸ, ਪ੍ਰੇਮ ਚੰਦ ਪੰਮੀ ਆਦਿ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।