Dharamvir Gandhi: ਕਾਂਗਰਸ ਪਾਰਟੀ ’ਚ ਡਾ. ਧਰਮਵੀਰ ਗਾਂਧੀ ਦੀ ਸ਼ਮੂਲੀਅਤ ਤੋਂ ਬਾਅਦ ਪਿਆ ਭੜਥੂ

Dharamvir Gandhi

ਕਾਂਗਰਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ, ਕੰਬੋਜ ਨੂੰ ਟਿਕਟ ਦੇਣ ਦੀ ਮੰਗ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਾਂਗਰਸ ਪਾਰਟੀ ’ਚ ਡਾ. ਧਰਮਵੀਰ ਗਾਂਧੀ ਦੀ ਆਮਦ ਤੋਂ ਬਾਅਦ ਭੜਥੂ ਪਿਆ ਹੋਇਆ ਹੈ ਤੇ ਪਾਰਟੀ ’ਚ ਵਿਰੋਧ ਦੀਆਂ ਸੁਰਾਂ ਤੇਜ਼ ਹੋ ਰਹੀਆਂ ਹਨ। ਜੇਕਰ ਕਾਂਗਰਸ ਪਾਰਟੀ ਵੱਲੋਂ ਚੋਣਾਂ ਨੇੜੇ ਕਾਂਗਰਸ ’ਚ ਸ਼ਾਮਲ ਹੋਏ ਡਾ. ਗਾਂਧੀ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਤਾਂ ਪਾਰਟੀ ’ਚ ਹੋਰ ਖਿਲਾਰਾ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਉਨ੍ਹਾਂ ਦੇ ਸਮਰੱਥਕਾਂ ਵੱਲੋਂ ਕਾਂਗਰਸ ਦੇ ਪੁਰਾਣੇ ਆਗੂਆਂ ਨੂੰ ਟਿਕਟ ਦੇਣ ਦਾ ਮੁੱਦਾ ਚੁੱਕਿਆ ਹੋਇਆ ਹੈ। (Dharamvir Gandhi)

ਡਾ. ਗਾਂਧੀ ਦੀ ਉਮੀਦਵਾਰੀ ਕਾਂਗਰਸ ’ਚ ਪਾ ਸਕਦੀ ਐ ਖਿਲਾਰਾ | Dharamvir Gandhi

ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਵਿੱਚ ਪਹਿਲਾ ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਜਿਉਂ ਹੀ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਦਿੱਲੀ ਜਾ ਕੇ ਕਾਂਗਰਸ ਵਿੱਚ ਐਂਟਰੀ ਕੀਤੀ ਤੇ ਡਾ. ਗਾਂਧੀ ਦੇ ਪਟਿਆਲਾ ਤੋਂ ਉਮੀਦਵਾਰੀ ਦੀ ਚਰਚਾ ਨੇ ਜੋਰ ਫੜ ਲਿਆ ਤਾਂ ਜ਼ਿਲ੍ਹੇ ਅੰਦਰ ਪੁਰਾਣੇ ਕਾਂਗਰਸੀਆਂ ਨੇ ਵੀ ਵਿਰੋਧ ਦਾ ਬਿਗੁਲ ਵਜਾ ਦਿੱਤਾ। ਪਿਛਲੇ ਦਿਨੀਂ ਹੀ ਰਾਜਪੁਰਾ ਤੇ ਸ਼ੁਤਰਾਣਾ ਵਿਖੇ ਕਾਂਗਰਸੀ ਵਰਕਰਾਂ ਨੇ ਮੀਟਿੰਗਾਂ ਕਰਕੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਟਿਕਟ ਦੇਣ ਦੀ ਹਾਈਕਮਾਂਡ ਅੱਗੇ ਮੰਗ ਰੱਖ ਦਿੱਤੀ। (Dharamvir Gandhi)

ਇਨ੍ਹਾਂ ਕਾਂਗਰਸੀਆਂ ਦਾ ਕਹਿਣਾ ਹੈ ਕਿ ਕੰਬੋਜ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਜ਼ਿਲ੍ਹੇ ਅੰਦਰ ਵੱਖ-ਵੱਖ ਥਾਈਂ ਪੁੱਜ ਕੇ ਕਾਂਗਰਸੀ ਵਰਕਰਾਂ ਨਾਲ ਡਟੇ ਹੋਏ ਹਨ ਤੇ ਉਨ੍ਹਾਂ ਦੇ ਦੁੱਖ ਸੁੱਖ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀ ਵਰਕਰਾਂ ਨਾਲ ਮੌਜੂਦਾ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਸੀ ਤਾਂ ਪੁਰਾਣੇ ਕਾਂਗਰਸੀ ਹੀ ਖੜ੍ਹੇ, ਪਰ ਹੁਣ ਕੁਝ ਦਿਨ ਪਹਿਲਾਂ ਸ਼ਾਮਲ ਹੋਏ ਵਿਅਕਤੀਆਂ ਉੱਪਰ ਭਰੋਸਾ ਜਿਤਾਇਆ ਜਾ ਰਿਹਾ ਹੈ, ਜੋ ਕਿ ਪੁਰਾਣੇ ਕਾਂਗਰਸੀ ਆਗੂਆਂ ਦੇ ਮਨੋਬਲ ਨੂੰ ਤੋੜਨ ਦਾ ਯਤਨ ਹੈ।

ਦੱਸਣਯੋਗ ਹੈ ਕਿ ਪਟਿਆਲਾ ਤੋਂ ਟਿਕਟ ਲਈ ਸੀਨੀਅਰ ਆਗੂ ਸਾਬਕਾ ਮੰਤਰੀ ਲਾਲ ਸਿੰਘ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਯੂਥ ਆਗੂ ਅਮਿਤ ਬਾਵਾ ਸੈਣੀ ਵੱਲੋਂ ਅਪਲਾਈ ਕੀਤਾ ਹੋਇਆ ਹੈ। ਜ਼ਿਲ੍ਹੇ ਦੇ ਸਾਰੇ ਹਲਕਾ ਇੰਚਾਰਜ਼ ਤੇ ਕਾਂਗਰਸੀ ਆਗੂ ਇਸ ਤੇ ਇਕਮੱਤ ਹਨ ਕਿ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਹਾਈਕਮਾਂਡ ਵੱਲੋਂ ਟਿਕਟ ਦਿੱਤੀ ਜਾਵੇ ਤਾ ਉਹ ਸਹਿਮਤ ਹੋਣਗੇ। ਇਸ ਤੋਂ ਬਾਅਦ ਡਾ. ਗਾਂਧੀ ਦੀ ਕਾਂਗਰਸ ਪਾਰਟੀ ’ਚ ਹੋਈ ਆਮਦ ਦੇ ਨਾਲ ਨਾਲ ਟਿਕਟ ਦੇ ਪ੍ਰਬਲ ਦਾਅਵੇਦਾਰ ਦੀ ਚੱਲੀ ਚਰਚਾ ਨੇ ਨਵਾ ਬਿਖੇੜਾ ਸ਼ੁਰੂ ਕਰ ਦਿੱਤਾ।

ਅਜੇ ਸਕਰੀਨਿੰਗ ਕਮੇਟੀ ਦੀ ਮੀਟਿੰਗ ਨਹੀਂ ਹੋਈ: ਹਰਦਿਆਲ ਕੰਬੋਜ

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਅਜੇ ਟਿਕਟਾਂ ਲਈ ਸਕਰੀਨਿੰਗ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਉੱਚ ਆਗੂਆਂ ਕੋਲ ਪਟਿਆਲਾ ਜ਼ਿਲ੍ਹੇ ਦੇ ਸਥਿਤੀ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਕੰਬੋਜ ਨੇ ਕਿਹਾ ਕਿ ਜੇਕਰ ਕੱਲ੍ਹ ਨੂੰ ਡਾ. ਗਾਂਧੀ ਨੂੰ ਟਿਕਟ ਮਿਲਦੀ ਹੈ ਤਾਂ ਸਾਰੇ ਹਲਕਾ ਇੰਚਾਰਜ਼ ਬੈਠ ਕੇ ਅਗਲੀ ਰਣਨੀਤੀ ਬਾਰੇ ਚਰਚਾ ਕਰਨਗੇ।

Also Read : Politics: ਰਾਜਨੀਤੀ ’ਚ ਨੈਤਿਕਤਾ, ਮੁੱਲ, ਭਰੋਸੇਯੋਗਤਾ ਜ਼ਰੂਰੀ