ਜਲਦ ਤੋਂ ਜਲਦ ਯੁੱਧ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਹੋਵੇ ਵਤਨ ਵਾਪਸੀ: ਡਾ. ਅਮਰ ਸਿੰਘ
(ਅਨਿਲ ਲੁਟਾਵਾ) ਫਤਿਹਗੜ੍ਹ ਸਾਹਿਬ। ਯੂਕਰੇਨ ’ਚ ਛਿੜੇ ਭਿਆਨਕ ਯੁੱਧ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਦੀ ਜਲਦ ਵਤਨ ਵਾਪਸੀ ਲਈ ਕਾਂਗਰਸੀ ਸੰਸਦਾਂ (Congress MP) ਦੇ ਇੱਕ ਸਮੂਹ ਨੇ ਕੇਂਦਰੀ ਵਿਦੇਸ਼ ਮੰਤਰੀ ਮੀਨਾਕਸ਼ੀ ਲੇਖੀ ਨਾਲ ਮੁਲਾਕਾਤ ਕਰਦਿਆਂ ਇਸਦੇ ਜਲਦ ਹੱਲ ਦੀ ਅਪੀਲ ਕੀਤੀ। ਵਿਦੇਸ਼ ਮੰਤਰਾਲੇ ਦੇ ਦਿੱਲੀ ਸਥਿਤ ਦਫ਼ਤਰ ਵਿਖੇ ਲੋਕ ਸਭਾ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾਂ, ਸ਼੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਅਤੇ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਆਦਿ ’ਤੇ ਅਧਾਰਿਤ ਸਮੂਹ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਭਾਰਤੀ ਵਿਦਿਆਰਥੀਆਂ ਦੀ ਸਲਾਮਤੀ ਲਈ ਵੱਡੇ ਕਦਮ ਚੁੱਕੇ ਜਾਣ। ਉਨ੍ਹਾਂ ਆਪਣੇ ਮੰਗ ਪੱਤਰ ਰਾਹੀਂ ਮੰਗ ਰੱਖੀ ਕਿ ਰੋਮਾਨੀਆ ਅਤੇ ਪੋਲੈਂਡ ਦੇ ਬਾਰਡਰਾਂ ’ਤੇ ਜਾਣ ਲਈ ਭਾਰਤੀ ਵਿਦਿਆਰਥੀਆਂ ਦੀ ਮੱਦਦ ਕੀਤੀ ਜਾਵੇ। ਉਨ੍ਹਾਂ ਕੇਂਦਰ ਸਰਕਾਰ ਪਾਸੋਂ ਆਸ ਰੱਖਦਿਆਂ ਵਿਦਿਆਰਥੀਆਂ ਦੇ ਮੌਜੂਦਾ ਹਾਲਾਤਾਂ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਸਾਂਸਦ ਡਾ. ਅਮਰ ਸਿੰਘ ਨੇ ਕਿਹਾ ਕਿ ਉਹ ਪੰਜਾਬੀ ਵਿਦਿਆਰਥੀਆਂ ਸਮੇਤ ਹੋਰਨਾਂ ਭਾਰਤੀਆਂ ਲਈ ਪੂਰੀ ਤਰ੍ਹਾਂ ਚਿੰਤਿਤ ਹਨ। ਉਨ੍ਹਾਂ ਕਿਹਾ ਕਿ ਮੁਲਖ ਦੀ ਕੇਂਦਰ ਸਰਕਾਰ ਨੂੰ ਇਸ ਮੌਕੇ ਜਲਦ ਕੋਈ ਵੱਡਾ ਕਦਮ ਚੁੱਕਣਾ ਚਾਹੀਦਾ ਹੈ ਤਾਂ ਕਿ ਯੂਕਰੇਨ ’ਚ ਫਸੇ ਸਾਰੇ ਭਾਰਤੀਆਂ ਨੂੰ ਸਮਾਂ ਰਹਿੰਦੇ ਬਚਾਇਆ ਜਾ ਸਕੇ। ਡਾ. ਅਮਰ ਸਿੰਘ ਦਾ ਕਹਿਣਾ ਸੀ ਕਿ ਕੇਂਦਰੀ ਵਿਦੇਸ਼ ਮੰਤਰੀਂ ਮੀਨਾਕਸ਼ੀ ਲੇਖੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਭਾਰਤ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਬਹੁਤ ਜਲਦ ਯੋਗ ਉਪਰਾਲੇ ਕੀਤੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ