ਕੁਮਾਰੀ ਸ਼ੈਲਜਾ ਨੂੰ ਵਿਧਾਇਕਾਂ ਨੇ ਸੁਣਾਈਆਂ ਖਰੀਆਂ-ਖਰੀਆਂ

Punjab Congress, MLA, Meeting, Kumari Shailza, election

ਸੰਗਠਨ ਚੋਣਾਂ ਨੂੰ ਲੈ ਕੇ ਖ਼ੁਦ ਵਿਧਾਇਕ ਹੀ ਨਹੀਂ ਲੈ ਰਹੇ ਦਿਲਚਸਪੀ

ਅਸ਼ਵਨੀ ਚਾਵਲਾ, ਚੰਡੀਗੜ੍ਹ : ਪੰਜਾਬ ਵਿੱਚ ਕਾਂਗਰਸ ਦੀਆਂ ਸੰਗਠਨ ਚੋਣਾਂ ਦੀ ਤਿਆਰੀ ਨੂੰ ਲੈ ਕੇ ਵਿਧਾਇਕਾਂ ਦੀ ਮੀਟਿੰਗ ਲੈਣ ਲਈ ਆਈ ਸੰਸਦ ਮੈਂਬਰ ਕੁਮਾਰੀ ਸੈਲਜ਼ਾ ਨੂੰ ਹੀ ਕਈ ਵਿਧਾਇਕਾਂ ਨੇ ਖਰੀਆਂ-ਖਰੀਆਂ ਸੁਣਾਉਂਦੇ ਹੋਏ ਸ਼ਿਕਾਇਤਾਂ ਦਾ ਅੰਬਾਰ ਲਗਾ ਕੇ ਰੱਖ ਦਿੱਤਾ। ਜਿਸ ਨੂੰ ਦੇਖਦੇ ਹੋਏ ਨਾ ਸਿਰਫ਼ ਕੁਮਾਰੀ ਸੈਲਜ਼ਾ ਨੇ ਵਿਧਾਇਕਾਂ ਦੀ ਸ਼ਿਕਾਇਤ ਨੂੰ ਦੂਰ ਕਰਨ ਲਈ ਵਿਸ਼ਵਾਸ ਦੇ ਕੇ ਉਨ੍ਹਾਂ ਨੂੰ ਠੰਢਾ ਕੀਤਾ, ਸਗੋਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ। ਕੁਮਾਰੀ ਸੈਲਜ਼ਾ ਹਰਿਆਣਾ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਸੰਗਠਨ ਚੋਣਾਂ ਦਾ ਇੰਚਾਰਜ ਲਾਇਆ ਗਿਆ ਹੈ।

ਅੱਧੇ ਤੋਂ ਜ਼ਿਆਦਾ ਵਿਧਾਇਕਾਂ ਮੀਟਿੰਗ ‘ਚ ਹੀ ਨਹੀਂ ਲਿਆ ਹਿੱਸਾ, ਸਿਵਲ ਸਕੱਤਰੇਤ ਵਿਖੇ ਘੁੰਮਦੇ ਰਹੇ

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਸੰਗਠਨ ਦੇ ਅਹੁਦੇਦਾਰਾਂ ਦੀ ਚੋਣ ਕਰਵਾਉਣ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੁਮਾਰੀ ਸੈਲਜ਼ਾ ਨੇ ਪੰਜਾਬ ਕਾਂਗਰਸ ਭਵਨ ਵਿਖੇ ਸਾਰੇ 77 ਵਿਧਾਇਕਾਂ ਦੀ ਮੀਟਿੰਗ ਰੱਖੀ ਸੀ, ਜਿਸ ਵਿੱਚ ਸਾਰੇ ਕੈਬਨਿਟ ਮੰਤਰੀਆਂ ਨੂੰ ਵੀ ਆਉਣ ਲਈ ਕਿਹਾ ਗਿਆ ਸੀ। ਕੁਮਾਰੀ ਸੈਲਜ਼ਾ ਵੱਲੋਂ ਪਹਿਲਾਂ ਤੋਂ ਹੀ ਮੀਟਿੰਗ ਸਬੰਧੀ ਜਾਣਕਾਰੀ ਭੇਜਣ ਤੋਂ ਬਾਅਦ ਵੀ ਅੱਧੇ ਤੋਂ ਜ਼ਿਆਦਾ ਵਿਧਾਇਕ ਨਾ ਤਾਂ ਮੀਟਿੰਗ ਵਿੱਚ ਭਾਗ ਲੈਣ ਲਈ ਪੁੱਜੇ ਅਤੇ ਨਾ ਹੀ ਉਨ੍ਹਾਂ ਨੇ ਮੀਟਿੰਗ ‘ਚ ਨਾ ਆਉਣ ਸਬੰਧੀ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਕੋਈ ਜਾਣਕਾਰੀ ਦਿੱਤੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਮੀਟਿੰਗ ਵਿੱਚੋਂ ਗੈਰ- ਹਾਜ਼ਰ ਰਹਿਣ ਵਾਲਿਆਂ ਵਿੱਚ 4 ਮੰਤਰੀ ਵੀ ਸ਼ਾਮਲ ਹਨ। ਇਨ੍ਹਾਂ ਗੈਰ- ਹਾਜ਼ਰ ਵਿਧਾਇਕਾਂ ਵਿੱਚੋਂ ਕਾਫ਼ੀ ਵਿਧਾਇਕ ਚੰਡੀਗੜ੍ਹ ਵਿਖੇ ਹੀ ਸਨ ਪਰ ਫਿਰ ਵੀ ਉਨ੍ਹਾਂ ਨੇ ਮੀਟਿੰਗ ਵਿੱਚ ਆਉਣਾ ਜ਼ਰੂਰੀ ਨਹੀਂ ਸਮਝਿਆ।

ਵਿਧਾਇਕਾਂ ਦੀਆਂ ਸ਼ਿਕਾਇਤਾਂ ਨੂੰ ਕੀਤਾ ਜਾਵੇਗਾ ਦੂਰ, ਚੰਗੇ ਢੰਗ ਨਾਲ ਹੋਣਗੀਆਂ ਸੰਗਠਨ ਚੋਣਾਂ

ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਜਿਹੜੇ ਵਿਧਾਇਕ ਪੁੱਜੇ ਹੋਏ ਸਨ, ਉਨ੍ਹਾਂ ਨੇ ਸੰਗਠਨ ਚੋਣਾਂ ਬਾਰੇ ਚਰਚਾ ਘੱਟ ਅਤੇ ਸ਼ਿਕਾਇਤਾਂ ਬਾਰੇ ਜ਼ਿਆਦਾ ਚਰਚਾ ਕੀਤੀ। ਜਿਸ ਨੂੰ ਦੇਖ ਕੇ ਖ਼ੁਦ ਕੁਮਾਰੀ ਸੈਲਜ਼ਾ ਵੀ ਹੈਰਾਨ ਸਨ ਕਿ ਇਹ ਮੀਟਿੰਗ ਸ਼ਿਕਾਇਤਾਂ ਸਬੰਧੀ ਸੱਦੀ ਗਈ ਹੈ ਜਾਂ ਫਿਰ ਸੰਗਠਨ ਚੋਣਾਂ ਲਈ ਸੱਦੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਵਿਧਾਇਕਾਂ ਨੇ ਕਿਹਾ ਕਿ ਸੰਗਠਨ ਚੋਣਾਂ ਵਿੱਚ ਉਨ੍ਹਾਂ ਕਾਂਗਰਸੀਆਂ ਨੂੰ ਭਾਗ ਲੈਣ ਦੀ ਇਜ਼ਾਜਤ ਨਾ ਦਿੱਤੀ ਜਾਵੇ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਦਾ ਵਿਰੋਧ ਕੀਤਾ ਸੀ, ਜਿਨ੍ਹਾਂ ਵਿੱਚ ਪੰਜਾਬ ਅਤੇ ਜ਼ਿਲ੍ਹਾ ਕਾਂਗਰਸ ਦੇ ਅਹੁਦੇਦਾਰ ਤੱਕ ਸ਼ਾਮਲ ਹਨ।

ਇੱਕ ਵਿਧਾਇਕ ਵੱਲੋਂ ਸ਼ਿਕਾਇਤ ਦੇਣ ਤੋਂ ਬਾਅਦ ਜ਼ਿਆਦਾਤਰ ਵਿਧਾਇਕ ਸੰਗਠਨ ਚੋਣਾਂ ਸਬੰਧੀ ਸੁਝਾਅ ਦੇਣ ਦੀ ਥਾਂ ‘ਤੇ ਇਹੋ ਜਿਹੀਆਂ ਸ਼ਿਕਾਇਤਾਂ ਨੂੰ ਲੈ ਕੇ ਹੀ ਬੈਠ ਗਏ ਅਤੇ ਸ਼ਿਕਾਇਤਾਂ ਆਉਣ ਦੇ ਕਾਰਨ ਕੁਮਾਰੀ ਸੈਲਜ਼ਾ ਨੇ ਸਾਰੇ ਵਿਧਾਇਕਾਂ ਨੂੰ ਸ਼ਿਕਾਇਤ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ ਹੈ ਤਾਂ ਕਿ ਉਸ ਕਾਂਗਰਸੀ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਮਾਰੀ ਸੈਲਜ਼ਾ ਨੇ ਦੱਸਿਆ ਕਿ ਉਹ ਸੰਗਠਨ ਚੋਣਾਂ ਲਈ ਆਏ ਹੋਏ ਸਨ ਅਤੇ ਸੰਗਠਨ ਚੋਣਾਂ ਨੂੰ 7 ਅਗਸਤ ਤੋਂ ਲੈ ਕੇ 20 ਅਗਸਤ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਇਨ੍ਹਾਂ ਚੋਣਾਂ ਨੂੰ ਲੋਕਤੰਤਰਿਕ ਤਰੀਕੇ ਨਾਲ ਹੀ ਕਰਵਾਇਆ ਜਾਵੇਗਾ। ਕੁਮਾਰੀ ਸੈਲਜ਼ਾ ਨੇ ਦੱਸਿਆ ਕਿ ਕਾਫ਼ੀ ਵਿਧਾਇਕਾਂ ਨੇ ਉਨ੍ਹਾਂ ਨੂੰ ਸ਼ਿਕਾਇਤਾਂ ਵੀ ਕੀਤੀਆਂ ਹਨ ਜਿਨ੍ਹਾਂ ਦਾ ਹੱਲ ਕੱਢਕੇ ਕਾਰਵਾਈ ਕੀਤੀ ਜਾਵੇਗੀ ਇਸ ਲਈ ਜਿਹੜੇ-ਜਿਹੜੇ ਵਿਧਾਇਕ ਲਿਖਤੀ ਸ਼ਿਕਾਇਤ ਕਰਨਗੇ, ਉਸ ‘ਤੇ ਕਾਰਵਾਈ ਕੀਤੀ ਜਾਵੇਗੀ।