ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਆਪਣੀ ਸਰਕਾਰ ਨੂੰ ਕਿਹਾ ਭ੍ਰਿਸ਼ਟ

Congress, MLA Pargat Singh, Told, Government, Corrupt

ਨਵਜੋਤ ਕੌਰ ਤੋਂ ਬਾਅਦ ਵਿਧਾਇਕ ਪ੍ਰਗਟ ਸਿੰਘ ਨੇ ਘੇਰੀ ਆਪਣੀ ਹੀ ਕਾਂਗਰਸ ਦੀ ਸਰਕਾਰ

ਕਿਹਾ, ਨਹੀਂ ਖ਼ਤਮ ਹੋਇਆ ਭ੍ਰਿਸ਼ਟਾਚਾਰ, ਜਦੋਂ ਤੱਕ ਕਾਂ ਮਾਰ ਕੇ ਨਹੀਂ ਟੰਗਦੇ ਨਹੀਂ ਹੁੰਦਾ ਖ਼ਤਮ

ਅਸ਼ਵਨੀ ਚਾਵਲਾ, ਚੰਡੀਗੜ੍ਹ

ਕਾਂਗਰਸ ਸਰਕਾਰ ਨੂੰ ਭ੍ਰਿਸ਼ਟ ਤੇ ਮੰਤਰੀਆਂ ਨੂੰ ਭ੍ਰਿਸ਼ਟਾਚਾਰੀ ਕਹਿਣ ਵਾਲੀ ਨਵਜੋਤ ਕੌਰ ਤੋਂ ਬਾਅਦ ਹੁਣ ਜਲੰਧਰ ਦੇ ਵਿਧਾਇਕ ਪਰਗਟ ਸਿੰਘ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕਦੇ ਹੋਏ ਇਸ ਸਰਕਾਰ ਨੂੰ ਭ੍ਰਿਸ਼ਟਾਚਾਰੀ ਕਰਾਰ ਦੇ ਦਿੱਤਾ ਹੈ। ਵਿਧਾਇਕ ਪਰਗਟ ਸਿੰਘ ਨੇ ਇੱਕ ਟੀਵੀ ਚੈਨਲ ‘ਤੇ ਇੰਟਰਵਿਊ ਦਿੰਦੇ ਹੋਏ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਪਰਗਟ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਇਸ ਕਾਂਗਰਸ ਸਰਕਾਰ ‘ਚ ਕੁਝ ਫੀਸਦੀ ਹੀ ਭ੍ਰਿਸ਼ਟਾਚਾਰ ਘੱਟ ਹੋਇਆ ਹੈ ਪਰ ਖ਼ਤਮ ਨਹੀਂ ਹੋਇਆ ਹੈ। ਇੱਥੇ ਹਰ ਕੋਈ ਭ੍ਰਿਸ਼ਟਾਚਾਰ ਕਰਨ ‘ਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ‘ਚ ਇਕਦਮ ਸਾਫ਼ ਹਨ ਤਾਂ ਹੀ ਕਹਿ ਰਹੇ ਹਨ ਕਿ ਅੱਜ ਵੀ ਭ੍ਰਿਸ਼ਟਾਚਾਰ ਜ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੇਠਾਂ ਤੋਂ ਲੈ ਕੇ ਉੱਪਰ ਤੱਕ ਜਿੰਨੇ ਵੀ ਲੈਵਲ ਹਨ, ਹਰ ਲੈਵਲ ਤੱਕ ਭ੍ਰਿਸ਼ਟਾਚਾਰ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਬਾਬੂ ਤੇ ਅਧਿਕਾਰੀ ਤੋਂ ਲੈ ਕੇ ਸਿਆਸਯੀ ਪੱਧਰ ਦੇ ਕਾਂ (ਭ੍ਰਿਸ਼ਟਾਚਾਰੀ) ਮਾਰ ਕੇ ਟੰਗੇ ਨਹੀਂ ਜਾਂਦੇ, ਉਸ ਸਮੇਂ ਤੱਕ ਪੰਜਾਬ ਦੇ ਠੀਕ ਹੋਣ ਦੇ ਆਸਾਰ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂ ਨੂੰ ਮਾਰ ਕੇ ਟੰਗਣ ਦੇ ਮਾਮਲੇ ‘ਚ ਮੁੱਖ ਮੰਤਰੀ ਪੱਧਰ ‘ਤੇ ਹੀ ਫੈਸਲਾ ਹੁੰਦਾ ਹੈ ਤੇ ਸਾਨੂੰ ਉਦਾਹਰਨ ਦੇਣ ਵਾਲੇ ਪਾਸੇ ਤੁਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤੇ ਇਹ ਸਖ਼ਤੀ ਤਾਂ ਪਹਿਲੇ ਦਿਨ ਤੋਂ ਹੀ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਕਹਿਣ ਦੀ ਬਜਾਇ ਆਪਣੇ ਪਾਸੇ ਖੇਡਣ ਵਾਲੇ ਹੀ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮੇਰੇ ਨੇੜੇ ਵੀ ਮਾੜੇ ਕਿਰਦਾਰ ਵਾਲੇ ਬੰਦੇ ਆਏ ਸਨ ਪਰ ਉਨ੍ਹਾਂ ਨੇ ਪਾਸੇ ਕਰ ਦਿੱਤੇ।

ਡੇਢ ਸਾਲ ‘ਚ ਵਿਕਾਸ ਲਈ ਨਹੀਂ ਆਈ ਪੰਜੀ, ਕਰ ਰਿਹਾ ਹਾਂ ਇੰਤਜ਼ਾਰ

ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਦਾ ਵਿਕਾਸ ਕਰਨ ਲਈ ਪਲਾਨ ਤਾਂ ਤਿਆਰ ਕੀਤਾ ਹੋਇਆ ਹੈ ਪਰ ਉਨ੍ਹਾਂ ਦੇ ਸ਼ਹਿਰੀ ਇਲਾਕੇ ਤੇ ਹਲਕੇ ਦੇ 61 ਪਿੰਡਾਂ ‘ਚ ਵਿਕਾਸ ਲਈ ਕੋਈ ਪੈਸਾ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਿਕਾਸ ਕਰਨਾ ਪਏਗਾ ਤੇ ਵਿਕਾਸ ਕੀਤੇ ਬਿਨਾਂ ਕੰਮ ਨਹੀਂ ਚਲਣਾ ਹੈ।

ਲੰਬੀ ਰੈਲੀ ਨੂੰ ਠਹਿਰਾਇਆ ਗਲਤ, ਨਹੀਂ ਕਰਨੀ ਚਾਹੀਦੀ ਸੀ ਰੈਲੀ

ਪਰਗਟ ਸਿੰਘ ਨੇ ਲੰਬੀ ਰੈਲੀ ਨੂੰ ਗਲਤ ਠਹਿਰਾਉਂਦੇ ਹੋਏ ਕਿਹਾ ਕਿ ਇਸ ਤੋਂ ਬਚਿਆ ਜਾ ਸਕਦਾ ਸੀ, ਕਿਉਂਕਿ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ ਅਤੇ ਰੈਲੀਆਂ ਤਾਂ ਵਿਰੋਧੀ ਧਿਰਾਂ ਨੇ ਕਰਨੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ‘ਤੇ ਉਂਗਲ ਚੁੱਕਣ ਲਈ ਵਿਰੋਧੀ ਧਿਰਾਂ ਰੈਲੀ ਕਰਦੀਆਂ ਹੁੰਦੀਆਂ ਹਨ ਪਰ ਅਸੀਂ ਤਾਂ ਸੱਤਾ ‘ਚ ਹਾਂ ਸਾਨੂੰ ਰੈਲੀ ਕਰਨ ਦੀ ਜ਼ਰੂਰਤ ਨਹੀਂ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।