ਨਵੀਂ ਦਿੱਲੀ। ਕਾਂਗਰਸ ਨੇਤਾ ਅਧੀਰ ਰੰਜਨ (Adhir Ranjan Chaudhary) ਨੂੰ ਲੋਕ ਸਭਾ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਅਧੀਰ ਰੰਜਨ ਨੂੰ ਲੋਕ ਸਭਾ ਤੋਂ ਉਦੋਂ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ ਜਦੋਂ ਤੱਕ ਵਿਸ਼ੇਸ਼ ਅਧਿਕਾਰੀ ਕਮੇਟੀ ਉਨ੍ਹਾ ਦੇ ਖਿਲਾਫ਼ ਆਪਣੀ ਰਿਪੋਰਟ ਪੇਸ਼ ਨਹੀਂ ਕਰਦੀ। ਜਾਣਕਾਰੀ ਅਨੁਸਾਰ ਇਹ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਵਿਚਾਰ ਅਧੀਨ ਹੈ। ਇਸ ਮਾਮਲੇ ਵਿੱਚ ਕਮੇਟੀ ਜਾਂਚ ਰਿਪੋਰਟ ਸੌਂਪੇਗੀ। ਉਦੋਂ ਤੱਕ ਅਧੀਰ ਰੰਜਨ ਸਦਨ ਤੋਂ ਮੁਅੱਤਲ ਰਹਿਣਗੇ।
ਭਾਜਪਾ ਨੇਤਾ ਪ੍ਰਹਿਲਾਦ ਜੋਸ਼ੀ ਨੇ ਅਧੀਰ ਰੰਜਨ (Adhir Ranjan Chaudhary) ਦੀ ਮੁਅੱਤਲੀ ਦਾ ਪ੍ਰਸਤਵਾ ਪੇਸ਼ ਕੀਤਾ, ਜਿਸ ਨੂੰ ਸੰਸਦ ’ਚ ਸਵੀਕਾਰ ਕਰ ਲਿਆ ਗਿਆ। ਪ੍ਰਹਿਲਾਦ ਜੋਸ਼ੀ ਨੇ ਅਧੀਰ ਰੰਜਨ ਚੌਧਰੀ ’ਤੇ ਸੰਸਦੀ ਕਾਰਵਾਈ ਦੌਰਾਨ ਲਗਾਤਾਰ ਵਿਘਨ ਪੈਦਾ ਕਰਨ ਅਤੇ ਦੇਸ਼ ਤੇ ਇਸ ਦੇ ਅਕਸ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਆਦਤ ਬਣ ਗਈ ਹੈ। ਵਾਰ-ਵਾਰ ਚਿਤਾਵਨੀਆਂ ਮਿਲਣ ’ਤੇ ਵੀ ਉਨ੍ਹਾਂਕਨੇਕਆਪਣੇ ’ਚ ਸੁਧਾਰ ਨਹੀਂ ਕੀਤਾ। ਉਹ ਆਪਣੀਆਂ ਬਹਿਸਾਂ ਵਿੱਚ ਹਮੇਸ਼ਾ ਬੇਬੁਨਿਆਦ ਦੋਸ਼ ਲਾਉਂਦੇ ਹਨ। ਉਹ ਦੇਸ਼ ਦੇ ਅਕਸ ਨੂੰ ਖ਼ਰਾਬ ਕਰਦੇ ਹਨ ਤੇ ਮਾਫ਼ੀ ਨਹੀਂ ਮੰਗਦੇ।