ਮੰਤਰੀ ਮੰਡਲ ਵਾਧੇ ਸਬੰਧੀ ਅਮਰਿੰਦਰ ਸਿੰਘ ਨੂੰ ਮਿਲੀ ਕਾਂਗਰਸ ਇੰਚਾਰਜ਼ ਆਸ਼ਾ ਕੁਮਾਰੀ

Congress, Incharge, Asha Kumari, Amarinder Singh, Cabinet, Expansion

ਲੰਚ ‘ਤੇ ਹੋਈ ਮੀਟਿੰਗ, ਇੱਕ ਘੰਟੇ ਤੋਂ ਜ਼ਿਆਦਾ ਹੋਈ ਚਰਚਾ

  • ਜਲਦ ਹੀ ਮੰਤਰੀ ਮੰਡਲ ‘ਚ ਵਾਧਾ ਚਾਹੁੰਦੇ ਹਨ ਅਮਰਿੰਦਰ ਸਿੰਘ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਵਾਧੇ ਸਬੰਧੀ ਚੱਲ ਰਹੇ ਚਰਚਿਆਂ ਦੇ ਦੌਰ ਵਿੱਚ ਸੋਮਵਾਰ ਨੂੰ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਇੱਕ ਘੰਟੇ ਤੋਂ ਜ਼ਿਆਦਾ ਲੰਬੀ ਗੱਲਬਾਤ ਕੀਤੀ। ਮੁੱਖ ਮੰਤਰੀ ਅਮਰਿੰਦਰ ਸਿੰਘ ਜਲਦ ਹੀ ਮੰਤਰੀ ਮੰਡਲ ਵਿੱਚ ਵਾਧਾ ਚਾਹੁੰਦੇ ਹਨ, ਇਸ ਲਈ ਆਸ਼ਾ ਕੁਮਾਰੀ ਨੂੰ ਕੋਸ਼ਿਸ਼ਾਂ ਤੇਜ ਕਰਨ ਲਈ ਕਿਹਾ ਗਿਆ ਹੈ। ਆਸ਼ਾ ਕੁਮਾਰੀ ਹਿਮਾਚਲ ਪ੍ਰਦੇਸ਼ ਦੇ ਬਜਟ ਸੈਸ਼ਨ ਵਿੱਚ ਭਾਗ ਲੈਣ ਤੋਂ ਬਾਅਦ ਅਗਲੇ 2-3 ਦਿਨਾਂ ਵਿੱਚ ਦਿੱਲੀ ਕਾਂਗਰਸ ਹਾਈ ਕਮਾਨ ਕੋਲ ਅਮਰਿੰਦਰ ਸਿੰਘ ਦੀ ਇਸ ਮੰਗ ਸਬੰਧੀ ਮਿਲੇਗੀ।

ਜਾਣਕਾਰੀ ਅਨੁਸਾਰ ਆਸ਼ਾ ਕੁਮਾਰੀ ਦਿੱਲੀ ਤੋਂ ਚੰਡੀਗੜ੍ਹ ਵਿਖੇ ਸੋਮਵਾਰ ਨੂੰ ਆਏ ਹੋਏ ਸਨ, ਜਿਸ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਸ਼ਾ ਕੁਮਾਰੀ ਨੂੰ ਲੰਚ ‘ਤੇ ਆਉਣ ਦਾ ਸੱਦਾ ਦਿੰਦੇ ਹੋਏ ਮੀਟਿੰਗ ਤੈਅ ਕਰ ਲਈ। ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਵਲੋਂ ਹੀ ਆਸ਼ਾ ਕੁਮਾਰੀ ਨੂੰ ਲੈਣ ਲਈ ਬਕਾਇਦਾ ਗੱਡੀ ਵੀ ਭੇਜੀ ਗਈ ਤਾਂ ਕਿ ਕਿਸੇ ਨੂੰ ਭਿਣਕ ਨਾ ਲੱਗੇ ਆਸ਼ਾ ਕੁਮਾਰੀ ਨਾਲ ਲੱਗਭਗ ਅਮਰਿੰਦਰ ਸਿੰਘ ਦੀ ਇੱਕ ਘੰਟਾ ਮੀਟਿੰਗ ਲੰਚ ਦੇ ਟੇਬਲ ‘ਤੇ ਹੀ ਹੋਈ ਹੈ।ਅਮਰਿੰਦਰ ਸਿੰਘ ਵੱਲੋਂ ਮੰਤਰੀ ਮੰਡਲ ਵਿੱਚ ਜਲਦ ਹੀ ਵਾਧਾ ਕਰਵਾਉਣ ਸਬੰਧੀ ਆਸ਼ਾ ਕੁਮਾਰੀ ਨੂੰ ਕਿਹਾ ਗਿਆ ਹੈ, ਕਿਉਂਕਿ ਕੈਬਨਿਟ ਵਿੱਚ ਮੰਤਰੀ ਘੱਟ ਹੋਣ ਕਾਰਨ ਸਰਕਾਰ ਦੇ ਕੰਮ ਵਿੱਚ ਕਾਫ਼ੀ ਜ਼ਿਆਦਾ ਦੇਰੀ ਹੋ ਰਹੀਂ ਹੈ। ਆਸ਼ਾ ਕੁਮਾਰੀ ਨੇ ਵੀ ਅਮਰਿੰਦਰ ਸਿੰਘ ਨੂੰ ਵਾਅਦਾ ਕੀਤਾ ਹੈ ਕਿ ਜਿਵੇਂ ਹੀ ਰਾਹੁਲ ਗਾਂਧੀ ਵਿਦੇਸ਼ ਦੌਰੇ ਤੋਂ ਵਾਪਸ ਦਿੱਲੀ ਆਉਣਗੇ ਉਹ ਸ੍ਰੀ ਗਾਂਧੀ ਨਾਲ ਮੁਲਾਕਾਤ ਕਰਨਗੇ।

ਲੰਚ ਬਹੁਤ ਚੰਗਾ ਸੀ, ਮੀਟਿੰਗ ਬਾਰੇ ਨਹੀਂ ਦੇ ਸਕਦੀ ਜਾਣਕਾਰੀ : ਆਸ਼ਾ ਕੁਮਾਰੀ

ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਆਸ਼ਾ ਕੁਮਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ‘ਤੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਨਾਂਹ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਅਮਰਿੰਦਰ ਸਿੰਘ ਵੱਲੋਂ ਲੰਚ ‘ਤੇ ਸੱਦਾ ਦਿੱਤਾ ਗਿਆ ਸੀ ਅਤੇ ਲੰਚ ਬਹੁਤ ਹੀ ਜ਼ਿਆਦਾ ਚੰਗਾ ਸੀ। ਇਸ ਤੋਂ ਇਲਾਵਾ ਲੰਚ ਦੇ ਟੇਬਲ ‘ਤੇ ਕੀ ਚਰਚਾ ਹੋਈ, ਉਹ ਇਸ ਸਬੰਧੀ ਜਾਣਕਾਰੀ ਨਹੀਂ ਦੇਣਗੇ।