ਕਾਂਗਰਸ ਸਰਕਾਰ ਨੇ ਕਦੇ ਵੀ ਕੀਤੇ ਵਾਅਦੇ ਨਹੀਂ ਪੁਗਾਏ : ਅਨਿਲ ਜੋਸ਼ੀ

Anil Joshi Sachkahoon

ਕਾਂਗਰਸ ਸਰਕਾਰ ਨੇ ਕਦੇ ਵੀ ਕੀਤੇ ਵਾਅਦੇ ਨਹੀਂ ਪੁਗਾਏ : ਅਨਿਲ ਜੋਸ਼ੀ

(ਡੀ.ਪੀ. ਜਿੰਦਲ) ਭੀਖੀ। ਸਥਾਨਕ ਕਸਬੇ ’ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਜਦ ਵੀ ਸੂਬੇ ’ਚ ਸਰਕਾਰ ਬਣੀ ਹੈ, ਕਦੇ ਵੀ ਆਪਣੇ ਵਾਅਦਿਆਂ ’ਤੇ ਖਰੀ ਨਹੀਂ ਉਤਰੀ ਤੇ ਸੂਬਾ ਵਾਸੀਆਂ ਨਾਲ ਹਮੇਸ਼ਾ ਹੀ ਵਿਸ਼ਵਾਸਘਾਤ ਕੀਤਾ ਹੈ। ਉਹਨਾਂ ਕਿਹਾ ਕਿ ਇਸ ਵਾਰ ਵੀ ਕਾਂਗਰਸ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਪ੍ਰੰਤੂ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਲੋਕ ਹੁਣ ਇਸ ਸਰਕਾਰ ਨੂੰ ਚਲਦਾ ਕਰਕੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।

ਉਨ੍ਹਾਂ ਕਿਹਾ ਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਸੂਬੇ ਦਾ ਅਥਾਹ ਵਿਕਾਸ ਹੋਇਆ ਹੈ ਅਤੇ ਹੁਣ ਕਾਂਗਰਸ ਰਾਜ ਦੇ ਦਰਮਿਆਨ ਲੋਕ ਆਪਣੇ ਛੋਟੇ ਛੋਟੇ ਕੰਮਾਂ ਲਈ ਵੀ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਹਰ ਵਰਗ ਨੂੰ ਵਧੀਆ ਸਹੂਲਤਾਂ ਦੇ ਕੇ ਲੋਕਾਂ ਨੂੰ ਰਾਹਤ ਦਿੱਤੀ ਸੀ ਅਤੇ ਵਪਾਰੀਆਂ ਲਈ ਵੀ ਵਿਸ਼ੇਸ਼ ਸਕੀਮਾਂ ਜਾਰੀ ਕੀਤੀਆਂ ਸਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਅੰਦਰ ਕੋਈ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੀ ਨਹੀਂ ਲੱਭ ਰਿਹਾ, ਜਿਸ ਕਰਕੇ ਉਹ ਅਜੇ ਤੱਕ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਹਿਨੀ ਅਤੇ ਕਰਨੀ ’ਤੇ ਖਰਾ ਉਤਰਦਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਨਣ ’ਤੇ ਵਪਾਰੀਆਂ ਲਈ ਵਿਸ਼ੇਸ਼ ਸਕੀਮਾਂ ਬਣਾਈਆਂ ਜਾਣਗੀਆਂ।

ਕਿਸਾਨ ਅੰਦੋਲਨ ’ਤੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਅਕਾਲੀ ਦਲ ਦਾ ਵੱਡਾ ਯੋਗਦਾਨ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਅੱਜ ਵੀ ਕਿਸਾਨ ਹਿਤੈਸ਼ੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨੀ ਅੰਦੋਲਨ ਦੇ ਮੁੱਦੇ ’ਤੇ ਹੀ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਵਿਜੇ ਕੁਮਾਰ ਗਰਗ, ਭੀਮ ਸੈਨ ਬਾਂਸਲ ਸ਼ਹਿਰੀ ਪ੍ਰਧਾਨ, ਵਿਵੇਕ ਜੈਨ ਬੱਬੂ, ਰਜਿੰਦਰ ਰਾਜੀ, ਨਰਿੰਦਰ ਜਿੰਦਲ ਡੀਸੀ, ਕੁਲਸ਼ੇਰ ਸਿੰਘ ਰੂਬਲ, ਸੁਖਦੇਵ ਸਿੰਘ ਫਰਵਾਹੀ ਤੋਂ ਇਲਾਵਾ ਬਸਪਾ ਦੇ ਭੁਪਿੰਦਰ ਸਿੰਘ ਬੀਰਵਾਲ, ਸਰਵਰ ਕੂਰੈਸ਼ੀ ਅਤੇ ਰਜਿੰਦਰ ਭੀਖੀ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ