ਨਾ ਹੀ ਕਾਂਗਰਸ ਅਤੇ ਨਾ ਹੀ ਅਕਾਲੀ-ਭਾਜਪਾ, ‘ਨੋਟਾ’ ਨੂੰ ਵੋਟ ਪਾਵੇਗਾ ‘ਅੰਨਦਾਤਾ’

Congress, Akali-BJP, Vote, Notta

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਕੀਤਾ ਐਲਾਨ

ਬਠਿੰਡਾ ਵਿਖੇ ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਦੀ ਪਤਨੀ ਵੀਰਪਾਲ ਕੌਰ ਨੂੰ ਦਿੱਤਾ ਕਿਸਾਨਾਂ ਨੇ ਸਮਰੱਥਨ

ਅਸ਼ਵਨੀ ਚਾਵਲਾ, ਚੰਡੀਗੜ੍ਹ।

ਪੰਜਾਬ ਵਿੱਚ ਕਾਂਗਰਸ ਜਾਂ ਫਿਰ ਅਕਾਲੀ-ਭਾਜਪਾ ਨੂੰ ਵੋਟ ਪਾਉਣ ਦੀ ਥਾਂ ‘ਤੇ ਪੰਜਾਬ ਦਾ ‘ਅੰਨਦਾਤਾ’ ਇਸ ਵਾਰ ‘ਨੋਟਾ’ ਨੂੰ ਆਪਣੀ ਵੋਟ ਪਾਉਣ ਜਾ ਰਿਹਾ ਹੈ। ਕਿਸਾਨਾਂ ਨੇ ਇਸ ਵਾਰ ਇੱਕ ਜੁੱਟ ਹੋ ਕੇ ਫੈਸਲਾ ਕਰ ਲਿਆ ਹੈ ਕਿ ਜੇਕਰ ਆਪਣੀ ਤਾਕਤ ਦਿਖਾਉਣੀ ਹੈ ਤਾਂ ਉਹ ‘ਨੋਟਾ’ ਨੂੰ ਆਪਣੀ ਵੋਟ ਪਾ ਕੇ ਦਿਖਾਉਣ ਤਾਂ ਕਿ ਸਾਰੀ ਪਾਰਟੀਆਂ ਨੂੰ ਇਹ ਪਤਾ ਲੱਗ ਸਕੇ ਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਦੇ ਹੱਥ ਵਿੱਚ ਕਿੰਨੀ ਤਾਕਤ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਸਿਆਸੀ ਲੋਕ ਪਹਿਲਾਂ ਤਾਂ ਸਿਰਫ਼ ਵਾਅਦਾ ਖ਼ਿਲਾਫ਼ੀ ਕਰਦੇ ਸਨ ਪਰ ਹੁਣ ਤਾਂ ਉਹ ਗੰਦੀ ਸ਼ਬਦਾਵਲੀ ਤੱਕ ਉੱਤਰ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਚਾਰ ਦੌਰਾਨ ਇੱਕ ਲੀਡਰ ਦੂਜੇ ਸਿਆਸੀ ਲੀਡਰ ਬਾਰੇ ਹੀ ਮਾੜਾ ਚੰਗਾ ਬੋਲਣ ਵਿੱਚ ਲੱਗਿਆ ਹੋਇਆ ਹੈ, ਇਸ ਲਈ ਉਹ ਆਸ ਹੀ ਨਹੀਂ ਕਰ ਸਕਦੇ ਹਨ ਕਿ ਸਿਆਸੀ ਲੀਡਰ ਕਿਸਾਨਾਂ ਬਾਰੇ ਕੋਈ ਚਰਚਾ ਕਰਨਗੇ ਜਾਂ ਫਿਰ ਉਨ੍ਹਾਂ ਦੇ ਗੰਭੀਰ ਮਾਮਲਿਆਂ ਦੇ ਹੱਲ ਬਾਰੇ ਕੋਈ ਵਾਅਦਾ ਤੱਕ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਦਿਨੋਂ ਦਿਨ ਮਰਦਾ ਜਾ ਰਿਹਾ ਹੈ, ਜਦੋਂ ਕਿ ਕੇਂਦਰ ਜਾਂ ਫਿਰ ਸੂਬਾ ਸਰਕਾਰ ਇਸ ਪਾਸੇ ਕੁਝ ਵੀ ਨਹੀਂ ਕਰ ਰਹੀਆਂ ਹਨ। ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੋਣ ਦੇ ਕਾਰਨ ਉਨ੍ਹਾਂ ਦੇ ਪੁੱਤ ਕਨੇਡਾ ਜਾਂ ਫਿਰ ਹੋਰ ਦੇਸ਼ਾਂ ਵਲ ਜਾ ਰਹੇ ਹਨ।

ਰਾਜੇਵਾਲ ਨੇ ਕਿਹਾ ਕਿ ਕਿਸਾਨ ਦੀ ਅਸਲੀ ਤਾਕਤ ਦਿਖਾਉਣ ਦਾ ਸਮਾਂ ਚੋਣਾਂ ਵੇਲੇ ਹੀ ਹੁੰਦਾ ਹੈ। ਇਸ ਲਈ ਸਾਰੇ ਕਿਸਾਨ ਅਤੇ ਖੇਤ ਮਜ਼ਦੂਰਾਂ ਨੇ ਮਿਲ ਕੇ ਫੈਸਲਾ ਲਿਆ ਹੈ ਕਿ ਉਹ ਕਿਸੇ ਉਮੀਦਵਾਰ ਦੇ ਹੱਕ ਵਿੱਚ ਵੋਟ ਭੁਗਤਾਉਣ ਦੀ ਥਾਂ ‘ਤੇ ‘ਨੋਟਾ’ ਨੂੰ ਆਪਣਾ ਹਥਿਆਰ ਬਣਾਉਣਗੇ। ਉਨਾਂ ਦੱਸਿਆ ਕਿ ਸਿਰਫ਼ ਬਠਿੰਡਾ ਲੋਕ ਸਭਾ ਹਲਕੇ ਵਿੱਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਦੀ ਪਤਨੀ ਵੀਰਪਾਲ ਕੌਰ ਦੇ ਹੱਕ ਵਿੱਚ ਸਮਰਥਨ ਦਿੱਤਾ ਗਿਆ ਹੈ ਅਤੇ ਬਠਿੰਡਾ ਹਲਕੇ ਦੇ ਸਾਰੇ ਕਿਸਾਨ ਅਤੇ ਖੇਤ ਮਜ਼ਦੂਰ ਵੀਰਪਾਲ ਕੌਰ ਨੂੰ ਹੀ ਆਪਣੀ ਵੋਟ ਪਾਉਣਗੇ। ਰਾਜੇਵਾਲ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਸਿਆਸੀ ਲੋਕ ਮਾਨਸਿਕ ਰੋਗੀ ਹੋ ਗਏ ਹਨ ਅਤੇ ਇਹੋ ਜਿਹੇ ਮਾਨਸਿਕ ਰੋਗੀ ਦੇਸ਼ ਨੂੰ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ।ਉਨ੍ਹਾਂ ਕਿਹਾ ਕਿ ਹੁਣ ਚੋਣ ਲੜਨਾ ਸ਼ਰੀਫ਼ ਲੋਕਾਂ ਦਾ ਕੰਮ ਹੀ ਨਹੀਂ ਰਿਹਾ ਹੈ, ਇਹ ਤਾਂ ਗੁੰਡਾਗਰਦੀ ਕਰਨ ਵਾਲੇ ਜਾਂ ਫਿਰ ਅਮੀਰਾਂ ਦਾ ਕੰਮ ਰਹਿ ਗਿਆ ਹੈ। ਜਿਸ ਕਾਰਨ ਉਨ੍ਹਾਂ ਨੇ ਇਹੋ ਜਿਹੇ ਉਮੀਦਵਾਰਾਂ ਤੋਂ ਦੂਰੀ ਬਣਾਉਣ ਲਈ ਨੋਟਾ ਨੂੰ ਅਪਣਾਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here