India Road Safety: ਭਾਰਤ ਅੱਜ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ- ਆਰਥਿਕ ਵਿਕਾਸ, ਬੁਨਿਆਦੀ ਢਾਂਚੇ ਅਤੇ ਤਕਨੀਕੀ ਨਵੀਨਤਾਵਾਂ ਦੇ ਨਜ਼ਰੀਏ ਨਾਲ ਦੇਸ਼ ਨੇ ਜ਼ਿਕਰਯੋਗ ਕਦਮ ਚੁੱਕੇ ਹਨ। ਪਰ ਇਸ ਵਿਕਾਸ ਯਾਤਰਾ ਦੇ ਵਿਚਕਾਰ ਇੱਕ ਗੰਭੀਰ ਚੁਣੌਤੀ ਅਜੇ ਵੀ ਸਾਡੇ ਸਾਹਮਣੇ ਹੈ- ਸੜਕ ਸੁਰੱਖਿਆ। ਹਰ ਰੋਜ਼ ਸੈਂਕੜੇ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਰਹੇ ਹਨ। ਇਹ ਸਿਰਫ਼ ਅੰਕੜਿਆਂ ਦਾ ਵਿਸ਼ਾ ਨਹੀਂ, ਸਗੋਂ ਅਣਗਿਣਤ ਪਰਿਵਾਰਾਂ ਦੇ ਟੁੱਟਣ ਅਤੇ ਸੁਪਨਿਆਂ ਦੇ ਖਿਲਾਰੇ ਦੀ ਕਹਾਣੀ ਹੈ। ਸਕਾਰਾਤਮਕ ਪਹਿਲਕਦਮੀਆਂ ਦੇ ਬਾਵਜ਼ੂਦ ਇਹ ਸਵਾਲ ਮਹੱਤਵਪੂਰਨ ਹੈ ਕਿ ਸੜਕ ’ਤੇ ਮੌਤ ਦੀ ਇਹ ਰਫ਼ਤਾਰ ਕਿਵੇਂ ਰੁਕੇਗੀ ਅਤੇ ਸੁਰੱਖਿਅਤ ਭਾਰਤ ਦਾ ਸੁਫ਼ਨਾ ਕਦੋਂ ਸਾਕਾਰ ਹੋਵੇਗਾ?
ਇਹ ਖਬਰ ਵੀ ਪੜ੍ਹੋ : Amit Shah Meeting: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਸਮੀਖਿਆ ਮੀਟਿੰਗ, ਦਿੱਤੇ ਸਖ਼ਤ ਕਾਰਵਾਈ ਦੇ ਨਿਰਦੇਸ਼
ਭਾਰਤ ਸਰਕਾਰ ਨੇ ਸੜਕ ਸੁਰੱਖਿਆ ਨੂੰ ਲੈ ਕੇ ਕਈ ਯੋਜਨਾਵਾਂ ਅਤੇ ਮੁਹਿੰਮਾਂ ਚਲਾਈਆਂ ਹਨ, ਜਿਨ੍ਹਾਂ ਨਾਲ ਸੁਧਾਰ ਦੀ ਦਿਸ਼ਾ ਵਿੱਚ ਉਮੀਦਾਂ ਜਾਗੀਆਂ ਹਨ। ਫਿਰ ਵੀ, ਜ਼ਮੀਨੀ ਪੱਧਰ ’ਤੇ ਜਾਗਰੂਕਤਾ, ਤਕਨੀਕੀ ਸਹਿਯੋਗ ਅਤੇ ਨਾਗਰਿਕ ਭਾਗੀਦਾਰੀ ਵਧਾਉਣ ਦੀ ਲੋੜ ਹੈ। ਸੜਕ ਸੁਰੱਖਿਆ ਨੂੰ ਸਿਰਫ਼ ਪ੍ਰਸ਼ਾਸਕੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵਜੋਂ ਵੇਖਣ ਦਾ ਸਮਾਂ ਆ ਗਿਆ ਹੈ। ਦੇਸ਼ ਵਿੱਚ ਸੜਕ ਹਾਦਸਿਆਂ ਦੇ ਮੁੱਖ ਕਾਰਨਾਂ ਵਿੱਚ ਅਨੁਸ਼ਾਸਨਹੀਣ ਡਰਾਈਵਿੰਗ, ਕਮਜ਼ੋਰ ਰੈਗੂਲੇਟਰੀ ਪ੍ਰਣਾਲੀ ਅਤੇ ਐਮਰਜੈਂਸੀ ਸੇਵਾਵਾਂ ਦੀ ਕਮੀ ਪ੍ਰਮੁੱਖ ਹਨ। ਸਰਕਾਰ ਲਗਾਤਾਰ ‘ਰਾਸ਼ਟਰੀ ਸੜਕ ਸੁਰੱਖਿਆ ਯੋਜਨਾ’ ਵਰਗੀਆਂ ਪਹਿਲਕਦਮੀਆਂ ਰਾਹੀਂ ਵਿਗਿਆਨਕ ਸੜਕ ਨਿਰਮਾਣ ਅਤੇ ਸੁਰੱਖਿਅਤ ਆਵਾਜਾਈ ਵਿਵਸਥਾ ’ਤੇ ਜ਼ੋਰ ਦੇ ਰਹੀ ਹੈ। India Road Safety
ਜਿਸ ਨਾਲ ਭਵਿੱਖ ਵਿੱਚ ਸੜਕਾਂ ਨਾ ਸਿਰਫ਼ ਤੇਜ਼, ਸਗੋਂ ਸੁਰੱਖਿਅਤ ਵੀ ਬਣਨ। ਚੇੱਨਈ ਅਤੇ ਪੂਨੇ ਵਰਗੇ ਸ਼ਹਿਰਾਂ ਵਿੱਚ ਲਾਗੂ ਸਿਫ਼ਰ ਮੌਤ ਗਲਿਆਰਾ ਯੋਜਨਾ ਤੋਂ ਪ੍ਰੇਰਨਾ ਲਈ ਜਾ ਸਕਦੀ ਹੈ, ਜਿਸ ਨੇ ਸਥਾਨਕ ਸੜਕਾਂ ’ਤੇ ਹਾਦਸਿਆਂ ਵਿੱਚ ਜ਼ਿਕਰਯੋਗ ਕਮੀ ਦਰਜ ਕੀਤੀ ਹੈ। ਦੂਜਾ, ਟਰੈਫਿਕ ਨਿਯਮਾਂ ਦੇ ਪਾਲਣ ਨੂੰ ਲੈ ਕੇ ਲੋਕ-ਭਾਗੀਦਾਰੀ ਵਧਾਉਣਾ ਜ਼ਰੂਰੀ ਹੈ। ਸਰਕਾਰ ਈ-ਚਾਲਾਨ, ਆਟੋਮੈਟਿਕ ਟਰੈਫਿਕ ਮਾਨੀਟਰਿੰਗ ਅਤੇ ਡਿਜ਼ੀਟਲ ਰਿਕਾਰਡ ਵਰਗੀਆਂ ਤਕਨੀਕਾਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਹੁਣ ਲੋੜ ਹੈ ਕਿ ਲੋਕ ਇਨ੍ਹਾਂ ਨਿਯਮਾਂ ਨੂੰ ਸਜ਼ਾ ਦੇ ਡਰੋਂ ਨਹੀਂ, ਸਗੋਂ ਜ਼ਿੰਮੇਵਾਰੀ ਨਾਲ ਅਪਣਾਉਣ। India Road Safety
ਹੈਲਮੇਟ ਅਤੇ ਸੀਟ ਬੈਲਟ ਵਰਗੇ ਆਮ ਉਪਾਅ ਵੀ ਹਜ਼ਾਰਾਂ ਜਾਨਾਂ ਬਚਾ ਸਕਦੇ ਹਨ। ਤੀਜਾ, ਡਰਾਈਵਿੰਗ ਲਾਇਸੈਂਸ ਵਿਵਸਥਾ ਨੂੰ ਵਧੇਰੇ ਪਾਰਦਰਸ਼ੀ ਅਤੇ ਹੁਨਰ-ਆਧਾਰਿਤ ਬਣਾਇਆ ਜਾ ਰਿਹਾ ਹੈ। ਆਵਾਜਾਈ ਮੰਤਰਾਲਾ ‘ਸਮਾਰਟ ਲਾਇਸੈਂਸ’ ਅਤੇ ‘ਡਰਾਈਵਿੰਗ ਟੈਸਟ ਟਰੈਕ ਸਿਸਟਮ’ ਵਰਗੇ ਪ੍ਰੋਜੈਕਟਾਂ ਰਾਹੀਂ ਯਕੀਨੀ ਬਣਾ ਰਿਹਾ ਹੈ ਕਿ ਸਿਰਫ਼ ਸਿਖਲਾਈ ਪ੍ਰਾਪਤ ਤੇ ਯੋਗ ਚਾਲਕ ਹੀ ਸੜਕਾਂ ’ਤੇ ਉੱਤਰਨ। ਇਹ ਪਹਿਲਕਦਮੀ ਸੜਕ ਸੁਰੱਖਿਆ ਦੀ ਦਿਸ਼ਾ ਵਿੱਚ ਲੰਮੇ ਸਮੇਂ ਦੇ ਸੁਧਾਰ ਲਿਆ ਸਕਦੀ ਹੈ। ਵਾਹਨਾਂ ਦੀ ਤਕਨੀਕੀ ਸੁਰੱਖਿਆ ’ਤੇ ਵੀ ਸਰਕਾਰ ਨੇ ਖਾਸ ਧਿਆਨ ਦੇਣਾ ਸ਼ੁਰੂ ਕੀਤਾ ਹੈ। India Road Safety
ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵੀ ਜ਼ਿਕਰਯੋਗ ਯਤਨ ਹੋ ਰਹੇ ਹਨ। ਰਾਸ਼ਟਰੀ ਰਾਜਮਾਰਗ ਅਥਾਰਟੀ ਵੱਲੋਂ ਹਰ 50 ਕਿਲੋਮੀਟਰ ’ਤੇ ਟਰਾਮਾ ਕੇਅਰ ਸੈਂਟਰ ਅਤੇ ਐਂਬੂਲੈਂਸ ਸੇਵਾਵਾਂ ਸਥਾਪਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ‘108’ ਅਤੇ ‘112’ ਵਰਗੀਆਂ ਹੈਲਪਲਾਈਨ ਸੇਵਾਵਾਂ ਨਾਲ ਹਾਦਸਾ ਪੀੜਤਾਂ ਨੂੰ ਤੁਰੰਤ ਮੱਦਦ ਪਹੁੰਚਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਕਈ ਰਾਜਾਂ ਵਿੱਚ ਹੈਲੀਕਾਪਟਰ ਐਂਬੂਲੈਂਸ ਸਹੂਲਤ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਘੱਟ ਸਮੇਂ ’ਚ ਜ਼ਖ਼ਮੀ ਵਿਅਕਤੀ ਨੂੰ ਇਲਾਜ ਮਿਲ ਸਕੇ।
ਸੜਕ ਸੁਰੱਖਿਆ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਨੂੰ ਵੇਖਦੇ ਹੋਏ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਸਿਰਫ਼ ਆਵਾਜਾਈ ਦਾ ਨਹੀਂ, ਸਗੋਂ ਵਿਕਾਸ ਦਾ ਵੀ ਵਿਸ਼ਾ ਹੈ। ਸੜਕ ਸੁਰੱਖਿਆ ਵਿੱਚ ਨਾਗਰਿਕਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ। ਸਰਕਾਰ ਚਾਹੇ ਜਿੰਨੀਆਂ ਮਰਜ਼ੀ ਯੋਜਨਾਵਾਂ ਬਣਾਵੇ, ਪਰ ਜੇ ਨਾਗਰਿਕ ਖੁਦ ਅਨੁਸ਼ਾਸਨ ਨਹੀਂ ਅਪਣਾਉਣਗੇ, ਤਾਂ ਨਤੀਜੇ ਸੀਮਤ ਹੀ ਰਹਿਣਗੇ। ਸਕੂਲਾਂ ਵਿੱਚ ਸੜਕ ਸੁਰੱਖਿਆ ਸਿੱਖਿਆ ਨੂੰ ਸ਼ਾਮਲ ਕਰਨਾ, ਨੌਜਵਾਨਾਂ ਲਈ ਡਰਾਈਵਿੰਗ ਐਥਿਕਸ ਟ੍ਰੇਨਿੰਗ ਅਤੇ ਮੀਡੀਆ ਮੁਹਿੰਮਾਂ ਰਾਹੀਂ ਸਕਾਰਾਤਮਕ ਸੰਦੇਸ਼ ਦੇਣਾ ਬਹੁਤ ਜ਼ਰੂਰੀ ਹੈ। ਸਵੀਡਨ ਵਰਗੇ ਦੇਸ਼ਾਂ ਨੇ ‘ਵਿਜ਼ਨ ਜ਼ੀਰੋ’ ਨੀਤੀ ਅਪਣਾ ਕੇ ਸੜਕ ਮੌਤ ਦਰ ਨੂੰ ਅੱਧੇ ਤੋਂ ਵੱਧ ਘਟਾ ਦਿੱਤਾ।
ਇਸ ਨੀਤੀ ਦਾ ਆਧਾਰ ਇਹ ਸੀ ਕਿ ਕੋਈ ਵੀ ਵਿਅਕਤੀ ਸੜਕ ’ਤੇ ਮਰਨ ਲਈ ਨਹੀਂ ਬਣਿਆ। ਭਾਰਤ ਵੀ ਇਸੇ ਸੋਚ ਨੂੰ ਅਪਣਾ ਕੇ ‘ਸਿਫ਼ਰ ਮੌਤ ਗਲਿਆਰਾ’ ਦਾ ਰਾਸ਼ਟਰੀ ਪੱਧਰ ’ਤੇ ਵਿਸਥਾਰ ਕਰ ਸਕਦਾ ਹੈ। ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ, ਨਿੱਜੀ ਖੇਤਰ, ਨਾਗਰਿਕ ਸੰਗਠਨਾਂ ਅਤੇ ਆਮ ਜਨਤਾ ਦਾ ਸਾਂਝਾ ਯਤਨ ਜ਼ਰੂਰੀ ਹੈ। ਇੱਕ ਹੋਰ ਪਹਿਲ, ਜੋ ਭਾਰਤ ਲਈ ਮਹੱਤਵਪੂਰਨ ਹੋ ਸਕਦੀ ਹੈ, ਉਹ ਹੈ ਸਮਾਰਟ ਟਰੈਫਿਕ ਮੈਨੇਜ਼ਮੈਂਟ ਸਿਸਟਮ। ਏਆਈ-ਅਧਾਰਿਤ ਟ੍ਰੈਫਿਕ ਕੈਮਰੇ, ਸਿਗਨਲ ਸਿੰਕ੍ਰੋਨਾਈਜ਼ੇਸ਼ਨ ਤੇ ਰੀਅਲ-ਟਾਈਮ ਮਾਨੀਟਰਿੰਗ ਨਾਲ ਨਾ ਸਿਰਫ਼ ਟਰੈਫਿਕ ਜਾਮ ਘਟੇਗਾ ਸਗੋਂ ਹਾਦਸੇ ਵੀ ਘਟਣਗੇ।
ਨਵੀਂ ਦਿੱਲੀ, ਅਹਿਮਦਾਬਾਦ ਅਤੇ ਬੰਗਲੁਰੂ ਵਰਗੇ ਸ਼ਹਿਰਾਂ ਵਿੱਚ ਇਹ ਪ੍ਰਣਾਲੀ ਪਹਿਲਾਂ ਹੀ ਲਾਗੂ ਹੈ ਅਤੇ ਇਸ ਦੇ ਨਤੀਜੇ ਉਤਸ਼ਾਹਜਨਕ ਰਹੇ ਹਨ। ਪੈਦਲ ਯਾਤਰੀਆਂ ਤੇ ਸਾਈਕਲ ਚਾਲਕਾਂ ਦੀ ਸੁਰੱਖਿਆ ਵੀ ਓਨੀ ਹੀ ਮਹੱਤਵਪੂਰਨ ਹੈ। ਸ਼ਹਿਰਾਂ ਵਿੱਚ ਫੁੱਟਪਾਥ, ਜ਼ੈਬਰਾ ਕ੍ਰਾਸਿੰਗ ਅਤੇ ਸਾਈਕਲ ਟਰੈਕ ਵਰਗੀਆਂ ਸਹੂਲਤਾਂ ਨੂੰ ਮੁੜ-ਸੁਰਜੀਤ ਕਰਨ ਦੀ ਲੋੜ ਹੈ। ਸਮਾਰਟ ਸਿਟੀ ਮਿਸ਼ਨ ਦੇ ਤਹਿਤ ਇਨ੍ਹਾਂ ਤੱਤਾਂ ਨੂੰ ਹੁਣ ਤਰਜ਼ੀਹ ਦਿੱਤੀ ਜਾ ਰਹੀ ਹੈ, ਜੋ ਸ਼ਹਿਰੀ ਸੁਰੱਖਿਆ ਸੰਸਕ੍ਰਿਤੀ ਨੂੰ ਮਜ਼ਬੂਤ ਕਰੇਗੀ। ਇਸ ਦੇ ਨਾਲ ਹੀ ਸੜਕ ਸੁਰੱਖਿਆ ਨੂੰ ਇੱਕ ਸਮਾਜਿਕ ਅੰਦੋਲਨ ਦਾ ਰੂਪ ਦੇਣਾ ਸਮੇਂ ਦੀ ਲੋੜ ਹੈ। India Road Safety
ਜਿਵੇਂ ਸਵੱਛ ਭਾਰਤ ਅਭਿਆਨ ਨੇ ਸਫ਼ਾਈ ਪ੍ਰਤੀ ਚੇਤਨਾ ਜਗਾਈ, ਉਵੇਂ ਹੀ ਸੜਕ ਸੁਰੱਖਿਆ ਅਭਿਆਨ ਨਾਗਰਿਕ ਚੇਤਨਾ ਦਾ ਨਵਾਂ ਅਧਿਆਏ ਬਣ ਸਕਦਾ ਹੈ। ‘ਸੇਫ ਇੰਡੀਆ ਮੂਵਮੈਂਟ’, ‘ਰਾਈਡ ਸੇਫ ਇੰਡੀਆ’ ਵਰਗੀਆਂ ਪਹਿਲਕਦਮੀਆਂ ਤਾਂ ਹੀ ਸਫਲ ਹੋਣਗੀਆਂ ਜਦੋਂ ਲੋਕ ਇਨ੍ਹਾਂ ਨੂੰ ਨਿੱਜੀ ਜ਼ਿੰਮੇਵਾਰੀ ਸਮਝ ਕੇ ਅਪਣਾਉਣਗੇ। ਭਾਰਤ ਨੇ ਬੀਤੇ ਸਾਲਾਂ ਵਿੱਚ ਆਵਾਜਾਈ ਖੇਤਰ ਵਿੱਚ ਅਦੁੱਤੀ ਵਿਕਾਸ ਕੀਤਾ ਹੈ- ਨਵੀਆਂ ਸੜਕਾਂ, ਐਕਸਪ੍ਰੈਸਵੇਅ ਅਤੇ ਹਾਈਵੇ ਨੈੱਟਵਰਕ ਦਾ ਵਿਸਥਾਰ ਇਸ ਦਾ ਪ੍ਰਮਾਣ ਹੈ।
ਹੁਣ ਲੋੜ ਹੈ ਕਿ ਇਸ ਭੌਤਿਕ ਤਰੱਕੀ ਦੇ ਨਾਲ-ਨਾਲ ਸੁਰੱਖਿਆ ਦੇ ਪੱਧਰ ਨੂੰ ਵੀ ਓਨੀ ਹੀ ਤਰਜ਼ੀਹ ਦਿੱਤੀ ਜਾਵੇ। ਜਦੋਂ ਹਰ ਸੜਕ, ਹਰ ਵਾਹਨ ਅਤੇ ਹਰ ਚਾਲਕ ਸੁਰੱਖਿਅਤ ਹੋਵੇਗਾ, ਤਾਂ ਹੀ ‘ਵਿਕਸਿਤ ਭਾਰਤ’ ਦਾ ਸੁਫ਼ਨਾ ਅਸਲ ਅਰਥਾਂ ਵਿੱਚ ਸਾਕਾਰ ਹੋਵੇਗਾ। ਅੰਤ ਵਿੱਚ, ਸੜਕ ਸੁਰੱਖਿਆ ਦਾ ਮੁੱਦਾ ਸਿਰਫ਼ ਸਰਕਾਰ ਦਾ ਨਹੀਂ, ਸਗੋਂ ਸਾਡੇ ਸਭ ਦਾ ਹੈ। ਜੀਵਨ ਦੀ ਰਾਖੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਹ ਜ਼ਰੂਰੀ ਹੈ ਕਿ ਰਫ਼ਤਾਰ ਵਿਕਾਸ ਦਾ ਪ੍ਰਤੀਕ ਬਣੇ, ਹਾਦਸਿਆਂ ਦਾ ਨਹੀਂ। ਜਦੋਂ ਨਾਗਰਿਕ, ਸਰਕਾਰ ਅਤੇ ਸਮਾਜ ਮਿਲ ਕੇ ਇਹ ਧਾਰ ਲੈਣਗੇ ਕਿ ਸੜਕਾਂ ’ਤੇ ਹਰ ਸਫ਼ਰ ਸੁਰੱਖਿਅਤ ਹੋਵੇਗਾ, ਉਦੋਂ ਹੀ ਭਾਰਤ ਅਸਲ ਵਿੱਚ ‘ਸੁਰੱਖਿਅਤ ਰਫ਼ਤਾਰ, ਸੁਰੱਖਿਅਤ ਜੀਵਨ’ ਵਾਲੇ ਯੁੱਗ ਵਿੱਚ ਪ੍ਰਵੇਸ਼ ਕਰੇਗਾ। India Road Safety:
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਪ੍ਰਿਅੰਕਾ ਸੌਰਭ














