ਸਾਂਝਾ ਅਧਿਆਪਕ ਮੋਰਚਾ : ਪੱਕਾ ਮੋਰਚਾ ਤੇ ਮਰਨ ਵਰਤ ਚੌਥੇ ਦਿਨ ‘ਚ ਦਾਖਲ

Common, Teacher,  Morcha, Fasten, Mortal

ਸਰਕਾਰ ਦੇ ਤਨਖਾਹ ਕਟੌਤੀ ਦੇ ਨੋਟੀਫਿਕੇਸ਼ਨ ਦੇ ਵਿਰੋਧ ਵਜੋਂ 6 ਮਹਿਲਾ ਅਧਿਆਪਕਾਵਾਂ ਵੀ ਮਰਨ ਵਰਤ ਲਈ ਡਟੀਆਂ

  • ਸਿੱਖਿਆ ਮੰਤਰੀ ਸੋਨੀ ਵੱਲੋਂ ਅਧਿਆਪਕਾਂ ਦੇ ਜਮਹੂਰੀ ਸੰਘਰਸ਼ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਕੀਤੀ ਸਖਤ ਨਿਖੇਧੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਲੱਗੇ ਪੱਕੇ ਮੋਰਚੇ ਤੇ ਮਰਨ ਵਰਤ ਦੇ ਰੋਹੀਲੇ ਜੋਸ਼ ਨਾਲ ਚੌਥੇ ਦਿਨ ‘ਚ ਸ਼ਾਮਲ ਹੋਣ ‘ਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਤਨਖਾਹ ਕਟੌਤੀ ਦੇ ਨੋਟੀਫਿਕੇਸ਼ਨ ਦੇ ਵਿਰੋਧ ਵਜੋਂ ਅੱਜ 6 ਮਹਿਲਾ ਅਧਿਆਪਕਾਵਾਂ ਜਸਪ੍ਰੀਤ ਕੌਰ, ਰਜਿੰਦਰ ਕੌਰ, ਨਮਿਤਾ, ਕੁਲਜੀਤ ਕੌਰ, ਪ੍ਰਦੀਪ ਵਰਮਾ ਤੇ ਰਿਤੂ ਬਾਲਾ ਵੀ ਮਰਨ ਵਰਤ ‘ਤੇ ਡਟੀਆਂ। ਇਸ ਸਮੇਂ ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਮੰਤਰੀ ਓ. ਪੀ. ਸੋਨੀ ਵੱਲੋਂ ਸੰਘਰਸ਼ੀ ਅਧਿਆਪਕਾਂ ਸੰਬੰਧੀ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਸਖਤ ਨਿਖੇਧੀ ਕਰਦਿਆਂ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਦੀ ਹੱਕੀ ਆਵਾਜ਼ ਨੂੰ ਸੁਣ ਕੇ ਮੰਗਾਂ ਦਾ ਜਮਹੂਰੀ ਹੱਲ ਕਰਨ ਦੀ ਥਾਂ ਰੈਗੂਲਰ ਕਰਨ ਦੀ ਆੜ ਵਿੱਚ ਤਨਖਾਹ ਕਟੌਤੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੇ ਜਬਰੀ ਮੁਅੱਤਲੀਆਂ ਕਰਨ ਦੀਆਂ ਕਾਰਵਾਈਆਂ ਵਿਰੁੱਧ ਬੱਸ ਸਟੈਂਡ ਤੱਕ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦੇ ਮਾਰੂ ਫੈਸਲਿਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਸਰਕਾਰ ਦੇ ਨਾਦਰਸ਼ਾਹੀ ਫੁਰਮਾਨਾਂ ਦਾ ਵਿਰੋਧ ਕਰਦਿਆਂ 11 ਅਕਤੂਬਰ ਨੂੰ ਮੰਤਰੀਆਂ ਨੇ ਘਰਾਂ ਦੇ ਸਾਹਮਣੇ ਮਿਸ਼ਾਲ ਮਾਰਚ/ਜਾਗੋ ਮਾਰਚ/ਸੰਘਰਸ਼ੀ ਜਗਰਾਤੇ ਤੇ 13 ਅਕਤੂਬਰ ਨੂੰ ਪਟਿਆਲਾ ਵਿਖੇ ਬੱਚਿਆਂ, ਮਾਪਿਆਂ, ਰਿਸ਼ਤੇਦਾਰਾਂ ਤੇ ਪਰਿਵਾਰਾਂ ਸਮੇਤ ਵਿਸ਼ਾਲ ਰੋਸ ਮਾਰਚ ਦਾ ਫੈਸਲਾ ਕੀਤਾ ਗਿਆ। ਸਾਂਝਾ ਅਧਿਆਪਕ ਮੋਰਚਾ ਨੇ ਮਤਾ ਪਾਸ ਕਰਦਿਆਂ ਪੰਜਾਬੀ ਯੂਨੀਵਰਸਿਟੀ ‘ਚ ਸੰਘਰਸ਼ ਕਰਦੇ ਵਿਦਆਰਥੀਆਂ ‘ਤੇ ਬੀਤੀ ਰਾਤ ਗੁੰਡਾ ਅਨਸਰਾਂ ਵੱਲੋਂ ਹਮਲਾ ਕਰਨ ਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਦੇ ਗੈਰ ਜਿੰਮੇਵਾਰ ਰਵੱਈਏ ਦੀ ਨਿਖੇਧੀ ਕਰਦਿਆਂ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਕਰਨ ਦੀ ਮੰਗ ਵੀ ਕੀਤੀ ਗਈ।

ਇਸ ਮੌਕੇ ਭਰਾਤਰੀ ਜੱਥੇਬੰਦੀਆਂ ਵੱਲੋਂ ਗੁਰਪ੍ਰੀਤ ਸਿੱਧੂ, ਸਤੀਸ਼ ਰਾਣਾ, ਹਰਪ੍ਰੀਤ ਉਪਲ, ਇਕਬਾਲ ਸੋਮੀਆ, ਬਲਬੀਰ ਚੰਦ ਲੌਂਗੋਵਾਲ, ਅਵਤਾਰ ਸਿੰਘ ਢਟੋਗਲ, ਹਰਜੀਤ ਸਿੰਘ ਗਲਵੱਟੀ, ਜਰਨੈਲ ਸਿੰਘ ਮਿੱਠੇਵਾਲ, ਕਰਮਜੀਤ ਨਿਦਾਮਪੁਰ, ਅਸ਼ਵਨੀ ਟਿੱਬਾ, ਰਾਜੇਸ਼ ਮਹਿੰਗੀ, ਰਣਜੀਤ ਸਿੰਘ, ਜੈਮਲ ਸਿੰਘ, ਮਨਜੀਤ ਸੈਣੀ, ਨਿਰਭੈ ਸਿੰਘ, ਗਗਨਦੀਪ ਸ਼ਰਮਾ, ਰਜਿੰਦਰ ਕੁਮਾਰ, ਹਰਵਿੰਦਰ ਅੱਲੂਵਾਲ, ਵੀਰਪਾਲ ਕੌਰ ਤੋਂ ਇਲਾਵਾ ਮੁਅੱਤਲ ਅਧਿਆਪਕਾਂ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਸ਼ਾਮਲ ਹੋਏ।