ਕਿਹਾ, ਵਾਰਦਾਤਾਂ ਦੇ ਸਬੂਤ ਸੁਰੱਖਿਅਤ ਰੱਖਣ ’ਚ ਹੋਣਗੀਆਂ ਸਹਾਈ; ਤੁਰੰਤ ਸ਼ੁਰੂ ਹੋ ਸਕੇਗੀ ਘਟਨਾ ਦੀ ਜਾਂਚ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਪੁਲਿਸ ਲਾਇਨ ’ਚ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ (Commissioner Sidhu) ਨੇ ਜ਼ਿਲੇ ਭਰ ਦੇ ਥਾਣਾ ਮੁਖੀਆਂ ਨੂੰ ‘ਫੋਰੈਂਸ਼ਿੱਕ ਜਾਂਚ ਕਿੱਟਾਂ’ ਦੀ ਵੰਡ ਕੀਤੀ। ਇਸ ਮੌਕੇ ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਵਿਭਾਗ ਵੱਲੋਂ ਭੇਜੀਆਂ ਗਈਆਂ ਕਿੱਟਾਂ ਜਿੱਥੇ ਪੁਲਿਸ ਨੂੰ ਵਾਰਦਾਤਾਂ ਦੇ ਸਬੂਤ ਸੁਰੱਖਿਅਤ ਰੱਖਣ ’ਚ ਸਹਾਈ ਹੋਣਗੀਆਂ, ਉੱਥੇ ਹੀ ਵਾਰਦਾਤ ਦੀ ਪੜਤਾਲ ਤੁਰੰਤ ਹੀ ਸ਼ੁਰੂ ਕੀਤੀ ਜਾ ਸਕੇਗੀ।
ਕਮਿਸ਼ਨਰ ਸਿੱਧੂ (Commissioner Sidhu) ਨੇ ਦੱਸਿਆ ਕਿ ਅਧਿਕਾਰੀਆਂ ਮੁਤਾਬਕ ਪੁਲਿਸ ਨੂੰ ਆਪੋ ਆਪਣੇ ਖੇਤਰਾਂ ’ਚ ਹੋਏ ਅਪਰਾਧਿਕ ਮਾਮਲਿਆਂ ਦੀ ਜਾਂਚ ਸ਼ੁਰੂ ਕਰਨ ਲਈ ਫੋਰੈਸ਼ਿਕ ਟੀਮ ਦੇ ਪਹੁੰਚਣ ਦਾ ਇੰਤਜਾਰ ਕਰਨਾ ਪੈਂਦਾ ਸੀ। ਉਨਾਂ ਕਿਹਾ ਕਿ ਕਿੱਟ ਮਿਲਣ ਨਾਲ ਪੁਲਿਸ ਨੂੰ ਜਿੱਥੇ ਕਿਸੇ ਵੀ ਅਪਰਾਧਿਕ ਮਾਮਲੇ ਦੀ ਪੜਤਾਲ ਆਰੰਭਣ ’ਚ ਅਸਾਨੀ ਹੋਵੇਗੀ, ਉੱਥੇ ਹੀ ਕਿੱਟ ’ਚ ਮੌਜੂਦ ਪਿੰਨ ਡਰਾਇਵ ਤੇ ਡਿਸਕ ਆਦਿ ਪੁਲਿਸ ਨੂੰ ਲੰਮੇ ਸਮੇਂ ਤੱਕ ਵੱਖ ਵੱਖ ਮਾਮਲਿਆਂ ਦੇ ਸਬੂਤ ਵੀ ਸੁਰੱਖਿਅਤ ਰੱਖਣ ’ਚ ਸਹਾਈ ਹੋਣਗੇ।
ਉਨਾਂ ਕਿਹਾ ਕਿ ਬਿਨਾਂ ਕਿਸੇ ਦੇਰੀ ਦੇ ਤੁਰੰਤ ਜਾਂਚ ਸ਼ੁਰੂ ਹੋਣ ਨਾਲ ਅਪਰਾਧੀਆਂ ਨੂੰ ਸਮੇਂ ਸਿਰ ਹੀ ਕਾਬੂ ਕੀਤਾ ਜਾ ਸਕੇਗਾ। ਜਿਸ ਨਾਲ ਅਪਰਾਧਿਕ ਮਾਮਲਿਆਂ ’ਚ ਗਿਰਾਵਟ ਆਉਣ ਦੀ ਵੀ ਉਮੀਦ ਹੈ। ਸ੍ਰੀ ਸਿੱਧੂ ਮੁਤਾਬਕ ‘ਫੋਰੈਸ਼ਿੱਕ ਜਾਂਚ ਕਿੱਟ’ ’ਚ ਵਾਰਦਾਤ ਵਾਲੀ ਜਗਾ ’ਤੋਂ ਉਂਗਲਾਂ ਦੇ ਨਿਸਾਨ ਲੈਣ ਵਿਸ਼ੇਸ਼ ਕਿੱਟ ਸਮੇਤ ਸ਼ੀਸ਼ੇ, ਟਾਰਚ, ਮਾਸਕ, ਕੰਟੇਨਰ, ਦਸਤਾਨੇ ਆਦਿ ਤੋਂ ਇਲਾਵਾ ਘਟਨਾਂ ਸਥਾਨ ’ਤੇ ਆਮ ਲੋਕਾਂ ਦਾ ਆਉਣਾ-ਜਾਣਾ ਰੋਕਣ ਲਈ ਵਿਸ਼ੇਸ਼ ਟੇਪ ਵੀ ਸ਼ਾਮਲ ਹਨ।