ਮਾੜੇ ਨਤੀਜੇ ਵਾਲੇ ਸਕੂਲ ਮੁਖੀਆਂ ਨੂੰ ‘ਸਬਕ’ ਪੜ੍ਹਾਉਣ ਦੇ ਹੁਕਮ

Command, Teach 'School, Poor Result
  • ਵਿਸ਼ਿਆਂ ਨਾਲ ਸਬੰਧਿਤ ਅਧਿਆਪਕਾਂ ‘ਤੇ ਵੀ ਹੋਵੇਗੀ  ਕਾਰਵਾਈ
  • ਸਰਕਾਰ ਵੱਲੋਂ ਵਿਖਾਈ ਗੰਭੀਰਤਾ ਕਾਰਨ ਚੁੱਕਿਆ ਗਿਆ ਕਦਮ

ਸੁਖਜੀਤ ਮਾਨ, ਮਾਨਸਾ: ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਮਾੜੇ ਨਤੀਜਿਆਂ ਕਾਰਨ ਸਰਕਾਰ ਨੇ ਕਾਫੀ ਗੰਭੀਰਤਾ ਵਿਖਾਈ ਹੈ ਸਰਕਾਰ ਦੀ ਗੰਭੀਰਤਾ ਨੂੰ ਵੇਖਦਿਆਂ ਹੁਣ ਸਿੱਖਿਆ ਵਿਭਾਗ ਪੰਜਾਬ ਨੇ ਮਾੜੇ ਨਤੀਜੇ ਵਾਲੇ ਸਕੂਲ ਮੁਖੀਆਂ ਤੋਂ ਇਲਾਵਾ ਸਬੰਧਿਤ ਵਿਸ਼ੇ ਵਾਲੇ ਅਧਿਆਪਕ ਖਿਲਾਫ ਵੀ ਕਾਰਵਾਈ ਦੇ ਹੁਕਮ ਜ਼ਾਰੀ ਕੀਤੇ ਹਨ
ਜਾਣਕਾਰੀ ਅਨੁਸਾਰ ਬਾਰ੍ਹਵੀਂ ਦੀ ਪ੍ਰੀਖਿਆ ‘ਚੋਂ ਸਰਕਾਰੀ ਸਕੂਲਾਂ ਦੀ ਪਾਸ ਫੀਸਦੀ 61.90 ਰਹੀ ਹੈ ਜਦੋਂ ਕਿ  ਪ੍ਰਾਈਵੇਟ (ਐਫਲੇਟਡ ਅਤੇ ਐਸੋਸੀਏਟ) ਸਕੂਲਾਂ ਦੀ ਕ੍ਰਮਵਾਰ 62.78 ਫੀਸਦੀ ਤੇ 61. 82 ਫੀਸਦੀ ਬਣਦੀ ਹੈ ਬਾਰ੍ਹਵੀਂ ਕਲਾਸ ‘ਚੋਂ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੀ ਗਿਣਤੀ 62916 ਹੈ ਇਸ ਤੋਂ ਇਲਾਵਾ ਦਸਵੀਂ ਦੀ ਪ੍ਰੀਖਿਆ ‘ਚੋਂ ਸਰਕਾਰੀ ਸਕੂਲਾਂ ਦੀ ਪਾਸ ਫੀਸਦੀ 52. 80 ਹੈ ਅਤੇ ਪ੍ਰਾਈਵੇਟ ਐਫੀਲੇਟਡ ਅਤੇ ਐਸੋਸੀਏਟਿਡ ਸਕੂਲਾਂ ਦੀ ਪਾਸ ਫੀਸਦੀ 70.08 ਤੇ 55.76  ਫੀਸਦੀ ਹੈ ਦਸਵੀਂ ਦੇ ਦੋ ਵਿਸ਼ਿਆਂ ‘ਚੋਂ ਰੀ-ਅਪੀਅਰ ਵਾਲੇ ਵਿਦਿਆਰਥੀਆਂ ਦੀ ਗਿਣਤੀ 94271 ਹੈ

ਸਿੱਖਿਆ ਵਿਭਾਗ ਵੱਲੋਂ ਸਮੂਹ ਮੰਡਲ ਸਿੱਖਿਆ ਅਫਸਰਾਂ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਜ਼ਾਰੀ ਪੱਤਰ ‘ਚ ਲਿਖਿਆ ਹੈ ਕਿ ਬੇਸ਼ੱਕ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਲਈ ਸਪਲੀਮੈਂਟਰੀ ਪ੍ਰੀਖਿਆ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਪਰ ਕਈ ਸਕੂਲਾਂ ਦੇ ਨਤੀਜੇ ਤਸੱਲੀਬਖਸ਼ ਨਾ ਹੋਣ ਕਰਕੇ ਸਰਕਾਰ ਨੇ ਇਸਨੂੰ ਗੰਭੀਰਤਾ ਨਾਲ ਲਿਆ ਹੈ ਅਨੁਸਾਸ਼ਨੀ ਕਾਰਵਾਈ ‘ਚ ਉਨ੍ਹਾਂ ਸਕੂਲ ਮੁਖੀਆਂ ‘ਤੇ ਹੋਵੇਗੀ ਜਿਹੜੇ ਸਕੂਲਾਂ ਦਾ ਨਤੀਜਾ 20 ਫੀਸਦੀ ਤੋਂ ਘੱਟ ਹੈ ਅਤੇ ਉਨ੍ਹਾਂ ਅਧਿਆਪਕਾਂ ਨੂੰ ਵੀ ਇਸ ਕਾਰਵਾਈ ‘ਚ ਸ਼ਾਮਲ ਹੋਣਾ ਪਵੇਗਾ ਜਿਨ੍ਹਾਂ ਦੇ ਵਿਸ਼ੇ ‘ਚੋਂ 20 ਫੀਸਦੀ ਤੋਂ ਘੱਟ ਬੱਚੇ ਪਾਸ ਹੋਏ ਹਨ ਅਜਿਹੇ ਅਧਿਆਪਕਾਂ ਦੀ ਏਸੀਆਰ (ਸਾਲਾਨਾ ਗੁਪਤ ਰਿਪੋਰਟ) ਵਿੱਚ ਕੰਮ ਤਸ਼ੱਲੀਬਖਸ਼ ਨਾ ਹੋਣ ਬਾਰੇ ਦਰਜ਼ ਕੀਤਾ ਜਾਵੇ ਇਸ ਤੋਂ ਇਲਾਵਾ ਸਕੂਲ ਮੁਖੀਆਂ ਅਤੇ ਵਿਸ਼ਾ ਅਧਿਆਪਕਾਂ ਦੇ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ 1970 ਦੇ ਉਪਬੰਧਾਂ ਅਧੀਨ ਅਨੁਸਾਸ਼ਨੀ ਕਾਰਵਾਈ ਜੋ ਵੀ ਉਸ ਸਕੂਲ ਮੁਖੀ ਅਤੇ ਸਬੰਧਿਤ ਵਿਸ਼ਾ ਅਧਿਆਪਕ ਦੀ ਸਮਰੱਥ ਅਥਾਰਟੀ ਹੈ ਉਸਦੇ ਪੱਧਰ ‘ਤੇ ਕਰਨੀ ਯਕਨੀ ਬਣਾਉਣ ਲਈ ਲਿਖਿਆ ਗਿਆ ਹੈ

ਚੰਗੇ ਨਤੀਜੇ ਵਾਲਿਆਂ ਨੂੰ ਮਿਲੇਗੀ ਸ਼ਾਬਾਸ਼ੀ

ਜਿਹੜੇ ਸਕੂਲਾਂ ‘ਚੋਂ 90 ਫੀਸਦੀ ਤੋਂ ਵੱਧ ਬੱਚੇ ਪਾਸ ਹੋਣ ਦਾ ਨਤੀਜਾ ਆਇਆ ਹੈ ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਸ਼ਾਬਾਸ਼ੀ ਵੀ ਮਿਲੇਗੀ ਸਿੱਖਿਆ ਵਿਭਾਗ ਨੇ ਆਖਿਆ ਹੈ ਕਿ ਅਜਿਹੇ ਸਕੂਲਾਂ ਦੇ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ ‘ਚ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਸਬੰਧੀ ਦਰਜ਼ ਕੀਤਾ ਜਾਵੇ ਤਾਂ ਜੋ ਉਹ ਹੋਰ ਵੀ ਵਧੀਆ ਢੰਗ ਨਾਲ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ

ਸਜ਼ਾ ਵਜੋਂ ਹੋਵੇਗੀ ਬਦਲੀ

ਸਾਲਾਨਾ ਗੁਪਤ ਰਿਪੋਰਟ ‘ਚ ਮਾੜੀ ਕਾਰਗੁਜ਼ਾਰੀ ਦਰਜ਼ ਕਰਨ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਹ ਵੀ ਆਦੇਸ਼ ਦਿੱਤੇ ਹਨ ਕਿ ਮਾੜੇ ਨਤੀਜੇ ਵਾਲੇ ਸਕੂਲਾਂ ਦੇ ਮੁਖੀਆਂ ਅਤੇ ਸਬੰਧਿਤ ਵਿਸ਼ਿਆਂ ਦੇ ਅਧਿਆਪਕਾਂ ਦੀ ਮੌਜੂਦਾ ਤਾਇਨਾਤੀ ਵਾਲੀ ਥਾਂ ਤੋਂ ਜ਼ਿਲ੍ਹੇ ਦੇ ਅੰਦਰ-ਅੰਦਰ ਕਿਸੇ ਹੋਰ ਸਟੇਸ਼ਨ ‘ਤੇ ਬਦਲੀ ਕੀਤੀ ਜਾਵੇ

ਅੰਕੜੇ ‘ਕੱਠੇ ਬਣਨ ਵਾਲੇ ਬਣਗੇ ਅਧਿਆਪਕ : ਧਾਲੀਵਾਲ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਅੱਠਵੀਂ ਤੱਕ ਫੇਲ੍ਹ ਨਾ ਕਰਨ ਵਾਲੀ ਸਕੀਮ ਵੀ ਮਾੜੇ ਨਤੀਜਿਆਂ ਲਈ ਜਿੰਮੇਵਾਰ ਹੈ ਉਨ੍ਹਾਂ ਆਖਿਆ ਕਿ ਅਧਿਆਪਕਾਂ ਨੂੰ ਤਾਂ ਗੈਰ ਵਿੱਦਿਅਕ ਕੰਮਾਂ ਤੋਂ ਹੀ ਵਿਹਲ ਨਹੀਂ ਮਿਲਦੀ ਕਦੇ ਵਜੀਫਿਆਂ ਸਬੰਧੀ ਅੰਕੜੇ ਜਾਂ ਕਿਸੇ ਹੋਰ ਚੀਜ ਨਾਲ ਸਬੰਧਿਤ ਅੰਕੜੇ ਇਕੱਠੇ ਕਰਨ ‘ਚ ਹੀ ਰੁੱਝੇ ਰਹਿੰਦੇ ਹਨ ਉਨ੍ਹਾਂ ਸਕੂਲ ਮੁਖੀਆਂ ਦੀਆਂ ਖਾਲੀ ਅਸਾਮੀਆਂ ਨੂੰ ਵੀ ਮਾੜੇ ਨਤੀਜੇ ਦਾ ਕਾਰਨ ਦੱਸਿਆ ਹੈ