ਲੁਧਿਆਣਾ ‘ਚ ਡਾਇਰੀਆ ਦਾ ਪ੍ਰਕੋਪ ਜਾਰੀ

Diarrhea, 0utbreaks, Continued, Ludhiana

ਡਾਇਰੀਆ ਪੀੜਤਾਂ ਦੀ ਗਿਣਤੀ 500 ਦੇ ਨੇੜੇ | Ludhiana News

ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਗਿਆਸਪੁਰਾ ਇਲਾਕੇ ਦੀ ਮਕੱੜ, ਸਮਰਾਟ ਅਤੇ ਗੁਰੂ ਤੇਗ ਬਹਾਦਰ ਕਲੋਨੀਆਂ ‘ਚ ਡਾਇਰੀਆ ਦਾ ਪ੍ਰਕੋਪ ਜਾਰੀ ਹੈ। ਕੱਲ੍ਹ ਤੋਂ ਚਲ ਰਹੇ ਮੈਡੀਕਲ ਕੈਂਪਾਂ ‘ਚ ਇੱਥੇ 100 ਦੇ ਕਰੀਬ ਨਵੇਂ ਮਰੀਜ਼ ਆਏ ਤੇ ਇਨ੍ਹਾਂ ਵਿੱਚੋਂ 4-5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਪ੍ਰਭਾਵਿਤ ਹੋਏ ਬਹੁਤੇ ਲੋਕਾਂ ਵਿੱਚੋਂ ਬੱਚਿਆਂ ਦੀ ਗਿਣਤੀ ਵੱਧ ਹੈ ਤੇ ਇਸ ਬਿਮਾਰੀ ਨਾਲ ਇਲਾਕੇ ਦੇ 70 ਫੀਸਦੀ ਬੱਚੇ ਪ੍ਰਭਾਵਿਤ ਹੋਏ ਹਨ। ਬੀਤੇ ਦਿਨ ਏ.ਡੀ.ਸੀ. ਅਜੈ ਸੂਦ ਨੇ ਡਾਇਰੀਆ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਤਕਲੀਫਾਂ ਸੁਣੀਆਂ। ਇਸ ਤੋਂ ਇਲਾਵਾ ਉਹ ਇਲਾਕੇ ਵਿੱਚ ਲਗਾਏ ਗਏ ਮੈਡੀਕਲ ਕੈਂਪਾਂ ਦਾ ਦੌਰਾ ਕਰਨ ਵੀ ਗਏ। ਉਹਨਾਂ ਮੈਡੀਕਲ ਕੈਂਪਾਂ ਵਿੱਚ ਮੌਜੂਦ ਦਵਾਈਆਂ ਦੀ ਪੜਤਾਲ ਕੀਤੀ ਅਤੇ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮਰੀਜ਼ ਦਾ ਬਿਹਤਰ ਇਲਾਜ ਕਰਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਨ। (Ludhiana News)

24 ਘੰਟੇ ਚਲ ਰਹੇ ਹਨ ਮੈਡੀਕਲ ਕੈਂਪ

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਾਜਵੀ ਭੱਲਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਮੈਡੀਕਲ ਕੈਂਪ 24 ਘੰਟੇ ਲੱਗੇ ਰਹਿਣਗੇ। ਇਨ੍ਹਾਂ ਕੈਂਪਾਂ ਵਿੱਚ ਮਰੀਜ਼ ਦਿਨ ਰਾਤ ਜਦੋਂ ਮਰਜੀ ਇਲਾਜ ਲਈ ਆ ਸਕਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਭਾਵਿਤ ਇਲਾਕਿਆਂ ਵਿੱਚ ਡਾਕਟਰਾਂ ਦੀਆਂ ਟੀਮਾਂ ਸਰਵੇ ਕਰ ਰਹੀਆਂ ਹਨ ਤੇ ਬਿਮਾਰੀ ਅੱਗੇ ਨਾ ਵਧੇ ਇਸ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਡਾਇਰੀਆ ਤੋਂ ਬਚਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਜ਼ਿਲ੍ਹਾ ਐਪਡੀਮੋਲੋਜਿਸਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਜਾ ਉਸ ਵਿੱਚ ਕਲੋਰੀਨ ਦੀ ਗੋਲੀ ਪਾ ਕੇ ਪੀਣ। ਉਹਨਾਂ ਕਿਹਾ ਕਿ ਡਾਇਰੀਆ ਬਿਗੜਿਆ ਜਾਨਲੇਵਾ ਹੋ ਸਕਦਾ ਹੈ ਇਸ ਲਈ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਕਿਸੇ ਹੋਰ ਵਿਅਕਤੀ ਦੇ ਭਾਂਡੇ ਜਾ ਤੋਲੀਆ ਨਾ ਵਰਤੋ। ਡਾਇਰੀਆ ਨਾਲ ਪ੍ਰਭਾਵਿਤ ਬੱਚੇ ਨੂੰ ਠੀਕ ਹੋਣ ਤੋਂ ਦੋ ਦਿਨ ਬਾਅਦ ਤੱਕ ਸਕੂਲ ਨਾ ਭੇਜੋ।