ਜਾਂਚ ਟੀਮ ਵੱਲੋਂ ਕੀਤਾ ਜਾਵੇਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪਟਿਆਲਾ ਜੋਨ ਦੇ ਆਈ ਜੀ. ਏ.ਐਸ. ਰਾਏ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਬਣਾਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਲਦ ਹੀ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਇੰਸਾਂ ਦੇ ਕਤਲ ਕਾਂਡ ਦੀ ਗੁੱਥੀ ਸੁਲਝਾ ਕੇ ਇਸ ਦਾ ਖੁਲਾਸਾ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਜੋਂ ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਉਸ ਤੋਂ ਕਈ ਸੁਰਾਗ ਹੱਥ ਲੱਗੇ ਹਨ ਅਤੇ ਦੋ-ਤਿੰਨ ਦਿਨਾਂ ਵਿੱਚ ਇਸ ਕਤਲ ਕਾਂਡ ਦਾ ਸੱਚ ਸਾਹਮਣੇ ਆ ਜਾਵੇਗਾ। ਸ੍ਰੀ ਰਾਏ ਅੱਜ ਇੱਥੇ ਇੱਕ ਨਸ਼ਾ ਵਿਰੋਧੀ ਸਮਾਗਮ ਵਿੱਚ ਪੁੱਜੇ ਹੋਏ ਸਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਇੰਸਾਂ ਦੇ ਕਤਲ ਦਾ ਮਾਮਲਾ ਬਹੁਤ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਮਾਮਲੇ ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਵੱਲੋਂ ਜੋਂ ਸਪੈਸ਼ਲ ਟੀਮ ਬਣਾਈ ਗਈ ਹੈ, ਉਸ ਵੱਲੋਂ ਇਸ ਕਾਂਡ ਦਾ ਜਲਦ ਹੀ ਆਉਂਦੇ ਦਿਨਾਂ ਵਿੱਚ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਉਹ ਜ਼ਿਆਦਾ ਮੀਡੀਆ ਅੱਗੇ ਨਹੀਂ ਦੱਸ ਸਕਦੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਾਂਚ ਦਾ ਵਿਸ਼ਾ ਹਨ। ਉਂਜ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਕਿਉਂਕਿ ਸਮਾਜ ਅੰਦਰ ਹਿੰਸਾ ਦੀ ਕੋਈ ਥਾਂ ਨਹੀਂ ਹੈ। ਦੱਸਣਯੋਗ ਹੈ ਕਿ ਆਈ ਜੀ ਪਟਿਆਲਾ ਜੋਨ ਜਾਂਚ ਟੀਮ ਦੇ ਮੈਂਬਰ ਹਨ ਅਤੇ ਇਸ ਤੋਂ ਇਲਾਵਾ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੀ ਇਸ ਟੀਮ ਅੰਦਰ ਹਨ। ਸ੍ਰੀ ਰਾਏ ਨੇ ਕਿਹਾ ਕਿ ਬਹੁਤ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੜੀਆਂ ਨੂੰ ਜੋੜਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।