ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Uncategorized ਆਓ! ਜਾਣੀਏ ਕਿਉ...

    ਆਓ! ਜਾਣੀਏ ਕਿਉਂ ਕਹਿੰਦੇ ਸੀ ਕਿ ਪਿੰਡ ਤਾਂ ਗ੍ਹੀਰਿਆਂ ਤੋਂ ਹੀ ਪਛਾਣੇ ਜਾਂਦੇ ਨੇ

    ‘ਪਿੰਡ ਤਾਂ ਗ੍ਹੀਰਿਆਂ ਤੋਂ ਹੀ ਪਛਾਣੇ ਜਾਂਦੇ ਹਨ

    ਸਾਡਾ ਪੰਜਾਬੀ ਵਿਰਸਾ ਜਾਂ ਕਹਿ ਲਈਏ ਸਾਡੇ ਪੁਰਖਿਆਂ ਦਾ ਰਹਿਣ-ਸਹਿਣ ਜਾਂ ਕਹੀਏ ਕਿ ਸਾਡਾ ਅਤੀਤ ਬਹੁਤ ਹੀ ਖੁਸ਼ੀਆਂ ਭਰਿਆ ਰਿਹਾ ਹੈ। ਪੁਰਾਤਨ ਪੰਜਾਬ ਦੀ ਬਹੁਤੀ ਵਸੋਂ ਪਿੰਡਾਂ ਵਿੱਚ ਹੀ ਰਹਿੰਦੀ ਸੀ।

    ਸਮੇਂ ਬੜੇ ਖੁਸ਼ਹਾਲ ਸਨ, ਭਰਾਵੀਂ ਪਿਆਰ ਗੂੜ੍ਹੀਆਂ ਸਾਂਝਾਂ, ਆਪਸੀ ਮਿਲਵਰਤਣ, ਅਪਣੱਤ ਭਰਿਆ ਮਹੌਲ ਰਿਹਾ ਹੈ ਸਾਡੇ ਪੁਰਖਿਆਂ ਦੇ ਪੰਜਾਬ ਵਿੱਚ। ਜੋ ਕਿ ਅਜੋਕੇ ਸਮੇਂ ਵਿੱਚ ਉਡਾਰੀ ਮਾਰ ਗਿਆ ਹੈ।ਹੱਥੀਂ ਕੰਮ ਕਰਨਾ, ਹਰ ਘਰ ਵਿੱਚ ਲਵੇਰਾ ਹੋਣਾ, ਪਰਿਵਾਰਾਂ ਦੇ ਵਿੱਚ ਵੱਡਿਆਂ ਨੂੰ ਪੁੱਛ ਕੇ ਗੱਲ ਕਰਨੀ, ਓਹਨਾਂ ਦੇ ਕਹੇ ‘ਤੇ ਹੀ ਫੁੱਲ ਚੜ੍ਹਾਉਣੇ, ਪਰਿਵਾਰ ਦੇ ਵਿੱਚ ਇੱਕ ਦੀ ਹੀ ਚੱਲਦੀ ਸੀ, ਓਸੇ ਤੋਂ ਹੀ ਖਰਚ ਭਾਵ ਪੈਸਾ-ਧੇਲਾ ਲੈ ਕੇ ਕਿਤੇ ਬਾਹਰ ਜਾਣਾ, ਆ ਕੇ ਪੂਰਾ ਹਿਸਾਬ-ਕਿਤਾਬ ਦੇਣਾ, ਹਾੜ੍ਹੀ-ਸਾਉਣੀ ਕੱਪੜੇ ਬਣਾਉਣੇ ਆਦਿ ਇਹ ਸਭ ਸਾਡੇ ਪੁਰਖਿਆਂ ਦੀ ਹੀ ਦੇਣ ਸੀ ਸਾਨੂੰ। ਇਕੱਠਿਆਂ ਬੈਠ ਕੇ ਰੋਟੀ ਖਾਣੀ, ਇੱਕੋ ਥਾਂ ‘ਤੇ ਹੀ ਮੰਜੇ ਡਾਹ ਕੇ ਸੌਣਾ ਇਹ ਸਭ ਸਾਡੇ ਅਤੀਤ ਨਾਲ ਜੁੜੀਆਂ ਗੱਲਾਂ ਹਨ। ਬੇਸ਼ੱਕ ਅਜੋਕੀ ਪੀੜ੍ਹੀ ਇਸ ਨੂੰ ਮੰਨੇ ਚਾਹੇ ਨਾ ਮੰਨੇ ਉਹ ਗੱਲ ਅਲਹਿਦਾ ਹੈ, ਪਰ ਜਿਨ੍ਹਾਂ ਨੇ ਇਹ ਸਮੇਂ ਵੇਖੇ ਹਨ ਜਾਂ ਹੰਢਾਏ ਹਨ ਓਹ ਚੰਗੀ ਤਰ੍ਹਾਂ ਇਸ ਗੱਲ ਦੀ ਹਾਮੀ ਵੀ ਭਰਨਗੇ। ਜਦੋਂ ਕਿਸੇ ਵੀ ਧੀ-ਭੈਣ ਦਾ ਕਿਸੇ ਵੀ ਪਿੰਡ ਰਿਸ਼ਤਾ ਤੈਅ ਕਰਨਾ ਤਾਂ ਸਿਆਣੇ ਬੰਦੇ ਰਿਸ਼ਤਾ ਪੱਕਾ ਕਰ ਆਉਂਦੇ ਤੇ ਇੱਕ ਰੁਪਈਏ ਗੁੜ ਦੀ ਰੋੜੀ, ਪਤਾਸੇ ਜਾਂ ਸ਼ੱਕਰ ਦੇ ਨਾਲ ਇਹ ਕਾਰਜ ਕਰਕੇ ਘਰ ਆ ਦੱਸ ਦਿੰਦੇ ਸਨ, ਤੇ ਉਹ ਰਿਸ਼ਤੇ ਨਿਭਦੇ ਵੀ ਸਨ। ਜਦੋਂ ਕਿਸੇ ਪਿੰਡ ਪਹੁੰਚਣਾ ਤਾਂ ਗ੍ਹੀਰਿਆਂ ਤੋਂ ਹੀ ਪਿੰਡ ਦੀ ਵਸੋਂ, ਉੱਥੋਂ ਦੀ ਖੇਤੀਬਾੜੀ, ਪਿੰਡ ਦੀ ਖ਼ੁਸ਼ਹਾਲੀ, ਪਿੰਡ ਵਿੱਚ ਕਿੰਨੇ ਕੁ ਘਰਾਂ ਨੇ ਪਸ਼ੂ ਰੱਖੇ ਹਨ, ਕੀ ਪਿੰਡ ਵਿੱਚ ਦੁੱਧ-ਘਿਓ ਆਮ ਹੈ ਤੇ ਇੱਥੋਂ ਦੇ ਵਸਨੀਕਾਂ ਦੀ ਸਿਹਤ ਕਿਹੋ-ਜਿਹੀ ਹੋਵੇਗੀ, ਇਹ ਸਭ ਪੁਰਾਤਨ ਬਜ਼ੁਰਗਾਂ ਨੇ ਪਿੰਡ ਵੇਖ ਕੇ ਹੀ ਦੱਸ ਦੇਣਾ ਕਿ ਪਿੰਡ ਦੀ ਨੁਹਾਰ ਕਿਹੋ-ਜਿਹੀ ਹੈ। ਕਿਉਂਕਿ ਜੇਕਰ ਪਿੰਡ ਦੇ ਲੋਕਾਂ ਨੇ ਪਸ਼ੂ ਰੱਖੇ ਹੋਣਗੇ ਤਾਂ ਹੀ ਰੂੜੀਆਂ ਲੱਗਣਗੀਆਂ ਤੇ ਜੇਕਰ ਪਸ਼ੂ ਹੋਣਗੇ ਤਾਂ ਹੀ ਗੋਹੇ ਦੀਆਂ ਪਤਖ਼ਣਾਂ ਵਿਚ ਪਾਥੀਆਂ ਬਣਨਗੀਆਂ ਤੇ ਤਾਂ ਹੀ ਗ੍ਹੀਰੇ  ਲੱਗਣਗੇ।

    ‘ਪਿੰਡ ਤਾਂ ਗ੍ਹੀਰਿਆਂ ਤੋਂ ਹੀ ਪਛਾਣੇ ਜਾਂਦੇ ਹਨ

    ਇਸ ਦੀ ਸਾਰੀ ਜਾਣਕਾਰੀ ਸਾਡੇ ਪੁਰਖਿਆਂ ਨੇ ਆਪਣੇ ਤਜ਼ਰਬੇ ਵਿਚੋਂ ਲਾ ਲੈਣੀ। ਇਸੇ ਕਰਕੇ ਹੀ ਇਹ ਕਹਾਵਤ ਉਹਨਾਂ ਸਮਿਆਂ ਦੇ ਪਿੰਡਾਂ ਦੀ ਸਹੀ ਤਸਵੀਰ ਬਿਆਨਦੀ ਸੀ ਕਿ ‘ਪਿੰਡ ਤਾਂ ਗ੍ਹੀਰਿਆਂ ਤੋਂ ਹੀ ਪਛਾਣੇ ਜਾਂਦੇ ਹਨ’। ਬਦਲੇ ਸਮੇਂ ਵਿੱਚ ਕੋਈ ਵਿਰਲਾ ਘਰ ਹੀ ਪਸ਼ੂ ਰੱਖਦਾ ਕਰਕੇ ਰੂੜੀਆਂ ਤੇ ਗ੍ਹੀਰਿਆਂ ਦੀ ਥਾਂ ਮੋਬਾਇਲ ਟਾਵਰਾਂ ਨੇ ਲੈ ਲਈ ਹੈ। ਅਜੋਕੇ ਸਮੇਂ ਵਿੱਚ ਹੋਰ ਹੀ ਗੁੱਡੀਆਂ ਪਟੋਲੇ ਹੋ ਗਏ ਹਨ। ਪਰ ਪਹਿਲੇ ਪੁਰਾਤਨ ਸਮਿਆਂ ਦੀ ਇਹ ਬਿਲਕੁਲ ਹਕੀਕਤ ਸੀ ਕਿ ਪਿੰਡਾਂ ਦੀ ਪਛਾਣ ਗ੍ਹੀਰਿਆਂ ਤੋਂ ਆ ਜਾਂਦੀ ਸੀ। ਇਹ ਸਹੀ ਤੇ ਸੱਚਾਈ ਭਰਪੂਰ ਗੱਲਾਂ ਹਨ, ਤੇ ਸਿਆਣਿਆਂ ਨੇ ਤੱਤ ਕੱਢ ਕੇ ਐਸੇ ਅਖਾਣ ਬਣਾਏ ਸਨ, ਪਰ ਅਜੋਕੀ ਪੀੜ੍ਹੀ ਇਨ੍ਹਾਂ ਗੱਲਾਂ ਨੂੰ ਸਮਝਣ ਤੋਂ ਅਸਮਰੱਥ ਹੈ।
    ਜਸਵੀਰ ਸ਼ਰਮਾ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ, ਮੋ. 95691-49556

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here