ਆਓ! ਜਾਣੀਏ ਮਾਨਸਿਕ ਤਣਾਅ ਬਾਰੇ

ਆਓ! ਜਾਣੀਏ ਮਾਨਸਿਕ ਤਣਾਅ ਬਾਰੇ

ਪਿਛਲੇ ਕੁਝ ਸਮੇਂ ਤੋਂ ਦੇਖਣ ‘ਚ ਆ ਰਿਹਾ ਹੈ ਕਿ ਜਦੋਂ ਵੀ ਕੋਈ ਖੁਦਕੁਸ਼ੀ ਦੀ ਖਬਰ ਆਉਂਦੀ ਹੈ ਤਾਂ ਜ਼ਿਆਦਾਤਰ ਚੈਨਲ ਅਤੇ ਸੋਸ਼ਲ ਮੀਡੀਆ ਇਸ ਨੂੰ ਲੈ ਕੇ ਇੰਨਾ ਜ਼ਿਆਦਾ ਅਸੰਵਦੇਨਸ਼ੀਲ ਅਤੇ ਬੇਕਾਬੂ ਹੋ ਜਾਂਦੇ ਹਨ ਕਿ ਪੀੜਤ ਪਰਿਵਾਰਕ ਮੈਂਬਰਾਂ ਨੂੰ ਮਾਈਕ/ਕੈਮਰਾ ਨਾਲ ਘੇਰ ਬੈਠਦੇ ਹਨ ਇਸ ਨਾਲ ਸ਼ੁਰੂ ਹੁੰਦੀ ਹੈ ਬੇਤੁਕੇ ਸਵਾਲਾਂ/ਬਿਆਨਾਂ ਦੀ ਲੜੀ, ਇਸ ਤਰ੍ਹਾਂ ਕਿਵੇਂ ਹੋ ਗਿਆ? ਉਹ ਇੰਨਾ ਕਮਜ਼ੋਰ ਕਿਵੇਂ ਹੋ ਗਿਆ? ਉਹ ਤਾਂ ਇੰਨਾ ਸਫ਼ਲ ਕਾਰੋਬਾਰੀ ਸੀ, ਫਿਰ ਕਿਉਂ? ਕੀ ਤੁਸੀਂ ਉਸ ਨਾਲ ਗੱਲਬਾਤ ਸਾਂਝੀ ਨਹੀਂ ਕਰਦੇ ਸੀ? ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਤੁਸੀਂ ਉਸ ਨਾਲ ਗੱਲ ਕੀਤੀ ਹੁੰਦੀ ਤਾਂ ਉਹ ਇਹ ਕਦਮ ਨਹੀਂ ਚੁੱਕਦਾ?

ਜ਼ਿਆਦਾਤਰ ਰਿਪੋਰਟਰਾਂ, ਸੋਸ਼ਲ ਮੀਡੀਆ ਹੈਂਡਲ ਚਲਾਉਣ ਵਾਲਿਆਂ ਦੇ ਸਵਾਲਾਂ ਤੋਂ ਇਹ ਜਾਪਦਾ ਹੈ ਕਿ ਉਹਨਾਂ ਨੂੰ ਮਾਨਸਿਕ ਬਿਮਾਰੀਆਂ ਬਾਰੇ ਅਧੂਰਾ ਗਿਆਨ ਹੈ ਤਾਂ ਹੀ ਸਿਆਣੇ ਕਹਿ ਗਏ ਹਨ ਕਿ ‘ਨੀਮ ਹਕੀਮ ਖਤਰਾ ਏ ਜਾਨ’ ਅਧੂਰਾ ਗਿਆਨ ਵੀ ਨੁਕਸਾਨ ਦਾ ਕਾਰਨ ਬਣ ਸਕਦਾ ਹੈ ਕੀ ਤੁਸੀਂ ਕਦੇ ਕਿਸੇ ਨੂੰ ਇਹ ਪੁੱਛਦੇ ਸੁਣਿਆ ਕਿ ਉਸਨੂੰ ਸ਼ੂਗਰ ਦੀ ਬਿਮਾਰੀ ਕਿਉਂ ਹੋ ਗਈ ਜਾਂ ਉਸਨੂੰ ਬੁਖਾਰ ਕਿਉਂ ਹੋ ਗਿਆ? ਜੀ ਹਾਂ, ਠੀਕ ਇਸੇ ਤਰ੍ਹਾਂ ਹੀ ਮਾਨਸਿਕ ਬਿਮਾਰੀ ‘ਚ ਵੀ ਬੰਦੇ ਦੇ ਵੱਸ ਵਿਚ ਜ਼ਿਆਦਾ ਕੁਝ ਨਹੀਂ ਹੁੰਦਾ ਕਿਉਂਕਿ ਮਾਨਸਿਕ ਪ੍ਰੇਸ਼ਾਨੀ ‘ਚ ਮਰੀਜ਼ ਦੇ ਆਸ-ਪਾਸ ਦੇ ਹਾਲਾਤ ਹੀ ਅਜਿਹੇ ਹੋ ਜਾਂਦੇ ਹਨ ਕਿ ਉਸ ਦੀ ਸੋਚਣ-ਸਮਝਣ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ

ਅੰਤ ਸਹੀ-ਗਲਤ ਦਾ ਫੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਇੱਥੇ ਇਹ ਵੀ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਆਤਮ-ਵਿਸ਼ਵਾਸ ਅਤੇ ਬੁਲੰਦ ਹੌਂਸਲੇ ਨਾਲ ਇਹੋ-ਜਿਹੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਪਰ ਅੱਜ ਦਾ ਵਿਸ਼ਾ ਇਹ ਨਹੀਂ ਹੈ ਕਈ ਵਾਰ ਤੁਸੀਂ ਦੇਖਿਆ/ਸੁਣਿਆ ਹੋਵੇਗਾ ਕਿ ਫਲਾਣਾ, ਤਾਂ ਬਹੁਤ ਹਸਮੁੱਖ ਸੀ ਜਾਂ ਪੈਸੇ ਪੱਖੋਂ ਸਫ਼ਲ ਸੀ, ਫਿਰ ਉਸਨੇ ਅਜਿਹਾ ਕਦਮ ਕਿਉਂ ਚੁੱਕਿਆ? ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਸਮਝਣਾ ਕਿ ਕੋਈ ਖੁਸ਼ ਨਹੀਂ ਸੀ, ਸੁਸਤ ਰਹਿੰਦਾ ਸੀ ਜਾਂ ਕਾਰੋਬਾਰ ਵਿਚ ਫੇਲ੍ਹ ਹੋ ਗਿਆ, ਆਦਿ ਹੀ ਡਿਪਰੈਸ਼ਨ ਦੇ ਲੱਛਣ ਹਨ? ਤਾਂ ਨਹੀਂ, ਇਹ ਇਸ ਤੋਂ ਵੀ ਵੱਧ ਅਤੇ ਗੁੰਝਲਦਾਰ ਸਮੱਸਿਆ ਹੈ

ਦਿਮਾਗ ਨੂੰ ਸਹੀ ਢੰਗ ਨਾਲ ਚਲਾਉਣ ਵਾਲੇ ਅਨੇਕਾਂ ਕੈਮੀਕਲ ਮੈਸੰਜਰ (ਸੁਨੇਹਾ ਲੈ ਕੇ ਜਾਣ ਵਾਲੇ) ਹੁੰਦੇ ਹਨ, ਜਿਨ੍ਹਾਂ ਨੂੰ ਨਿਉਰੋਟਰਾਂਸਮੀਟਰ ਵੀ ਕਹਿੰਦੇ ਹਨ, ਪ੍ਰਮੁੱਖ ਤੌਰ ‘ਤੇ ਇਹ ਹਨ- ਪਹਿਲਾ- ਨੋਰਏਪੀਨੈਫਰਿਨ, ਦੂਜਾ- ਸੈਰੇਟੋਨਿਨ ਅਤੇ ਤੀਜਾ- ਡੋਪਾਮੀਨ ਦਿਮਾਗ ਦੇ ਸੈੱਲ (ਕੋਸ਼ਿਕਾਵਾਂ) ਇਨ੍ਹਾਂ ਤਿੰਨਾਂ ਦੀ ਮੱਦਦ ਨਾਲ ਆਪਸ ਵਿਚ ਸੰਚਾਰ ਕਰਦੇ ਹਨ ਅਤੇ ਮਨੁੱਖੀ ਸੁਭਾਅ ਨੂੰ ਨਿਯੰਤਰਿਤ ਕਰਦੇ ਹਨ

1. ਸੈਰੇਟੋਨਿਨ

  • -ਮਨੁੱਖ ਦਿਮਾਗ ਵਿਚ ਬਣਦਾ ਹੈ
  • -ਇਹ ਸੁਭਾਅ, ਨੀਂਦ, ਭੁੱਖ ਆਦਿ ਨੂੰ ਨਿਯੰਤਰਿਤ ਕਰਦਾ ਹੈ
  • -ਇਸ ਦੀ ਕਮੀ ਕਾਰਨ ਡਿਪਰੈਸ਼ਨ ਹੋ ਸਕਦਾ ਹੈ
  • -ਕਸਰਤ, ਸੰਤੁਲਿਤ ਖੁਰਾਕ ਅਤੇ ਸੂਰਜੀ ਊਰਜਾ ਨਾਲ ਇਸ ਨੂੰ ਸਹੀ-ਸਲਾਮਤ ਅਤੇ ਕਾਰਜਸ਼ੀਲ ਰੱਖਿਆ ਜਾ ਸਕਦਾ ਹੈ
  • (ਇਸੇ ਕਰਕੇ ਕਹਿੰਦੇ ਹਨ ਕਿ, ”ਸੈਰ ਕਰਿਆ ਕਰ, ਕੋਈ ਬਿਮਾਰੀ ਨੇੜੇ ਨਹੀਂ ਲੱਗੂ!)

2. ਡੋਪਾਮੀਨ

  • -ਇਹ ਮਨੁੱਖੀ ਸਰੀਰ ਦੇ ਇਮੋਸ਼ਨਲ ਵਿਵਹਾਰ ਅਤੇ ਸੰਵੇਦਨਸ਼ੀਲਤਾ ਨੂੰ ਕੰਟਰੋਲ ਕਰਦਾ ਹੈ

3. ਨੋਰਏਪੀਲੈਫ਼ਨਿਨ

  • -ਇਹ ਮਾਨਸਿਕ ਤਣਾਅ ਦੇ ਹਾਲਾਤਾਂ ਵਿਚ ਬਣਦਾ ਹੈ
  • -ਇਸ ਨਾਲ ਦਿਲ ਦੀ ਧੜਕਣ, ਖੂਨ ਵਿਚਲਾ ਗਲੂਕੋਜ਼ ਲੈਵਲ ਵਧ ਜਾਂਦਾ ਹੈ

(ਇਸੇ ਕਰਕੇ ਤਾਂ ਕਹਿੰਦੇ ਹਨ ਕਿ, ”ਜ਼ਿਆਦਾ ਟੈਨਸ਼ਨ ਨਾ ਲਿਆ ਕਰ, ਐਵੇਂ ਬੀ.ਪੀ., ਸ਼ੂਗਰ ਵਧ ਜੂ!) ਇਨ੍ਹਾਂ ਤਿੰਨਾਂ ਨਿਊਰੋਟਰਾਂਸਮੀਟਰ ਦਾ ਸੰਤੁਲਨ ਵਿਗੜਨ ਕਰਕੇ, ਵੱਖ-ਵੱਖ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਆਮ ਭਾਸ਼ਾ ਵਿਚ ਮਾਨਸਿਕ ਤਣਾਅ ਜਾਂ ਡਿਪਰੈਸ਼ਨ ਦਾ ਨਾਂਅ ਦੇ ਦਿੱਤਾ ਜਾਂਦਾ ਹੈ ਜ਼ਰੂਰੀ ਨਹੀਂ ਕਿ ਹਰ ਬਿਮਾਰੀ ਡਿਪਰੈਸ਼ਨ ਹੀ ਹੋਵੇ

ਬਿਮਾਰੀ ਕੋਈ ਵੀ ਹੋਵੇ ਮਾਨਸਿਕ ਜਾਂ ਸਰੀਰਕ, ਜੇਕਰ ਸਹੀ ਸਮੇਂ ‘ਤੇ ਸਹੀ ਸਲਾਹ (ਡਾਕਟਰੀ) ਲੈ ਲਈ ਜਾਵੇ ਤਾਂ ਦੁਬਾਰਾ ਖੁਸ਼ਹਾਲ ਜੀਵਨ ਵਿਚ ਪਰਤਿਆ ਜਾ ਸਕਦਾ ਹੈ ਇਸ ਲਈ ਕਦੇ ਵੀ ਆਪਣੇ ਆਸ-ਪਾਸ ਜਾਂ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ ਵੀ ਮਾਨਸਿਕ ਲੱਛਣ ਮਿਲੇ ਤਾਂ ਤੁਰੰਤ ਸਾਈਕੈਟਰਿਸਟ (ਮਾਨਸਿਕ ਬਿਮਾਰੀਆਂ ਦੇ ਮਾਹਿਰ ਡਾਕਟਰ) ਜਾਂ ਸਾਈਕੋਲੋਜਿਸਟ (ਕੌਂਸਲਿੰਗ ਕਰਨ ਵਾਲਾ ਮਾਹਿਰ) ਨਾਲ ਸੰਪਰਕ ਕਰੋ ਕਿਉਂਕਿ ਇਹੋ-ਜਿਹੀਆਂ ਸਮੱਸਿਆਵਾਂ ਨੂੰ ਹੁਣ ਨਜ਼ਰਅੰਦਾਜ਼ ਕਰਨ ਦਾ ਸਮਾਂ ਨਹੀਂ ਹੈ, ਬਲਕਿ ਜਿੰਨਾ ਛੇਤੀ ਹੋ ਸਕੇ ਇਸ ਨੂੰ ਪਛਾਣ ਕੇ ਸ਼ੁਰੂਆਤੀ ਸਟੇਜ਼ ‘ਤੇ ਹੀ ਇਸ ਤੋਂ ਨਿਜ਼ਾਤ ਪਾਉਣ ਦਾ ਸਮਾਂ ਹੈ
ਡਾ. ਕੰਵਰਦੀਪ ਸਿੰਘ ਨੱਢਾ, ਕਪੂਰਥਲਾ
ਮੋ. 94640-41117

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ