Ludhiana by Election: ਜ਼ਿਮਨੀ ਚੋਣ ਦੇ ਮੱਦੇਨਜ਼ਰ ਹੋਈ ਪ੍ਰੈਸ ਕਾਨਫਰੰਸ ’ਚੋਂ ਸੂਬਾ ਤੇ ਜ਼ਿਲ੍ਹਾ ਪ੍ਰਧਾਨ ਗੈਰ-ਹਾਜ਼ਰ
Ludhiana by Election: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਾਂਗਰਸ ਪਾਰਟੀ ’ਚ ਗੁੱਟਬੰਦੀ ਇੱਕ ਵਾਰ ਫਿਰ ਜੱਗ ਜ਼ਾਹਰ ਹੋ ਗਈ ਹੈ, ਜਿਸ ਦਾ ਪ੍ਰਮਾਣ ਇੱਥੇ ਅੱਜ ਕਾਂਗਰਸ ਵੱਲੋਂ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਵੇਖਣ ਨੂੰ ਮਿਲਿਆ। ਜਿਸ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨਜ਼ਰ ਨਹੀਂ ਆਏ।
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਸਿਰ ’ਤੇ ਹੈ। ਜਿਸ ਦੀ ਤਾਰੀਖ ਦਾ ਐਲਾਨ ਵੀ ਹੋ ਚੁੱਕਾ ਹੈ ਤੇ 19 ਜੂਨ ਨੂੰ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਜਾ ਰਹੀਆਂ ਹਨ, ਜਿੱਥੇ ਹੋਰਨਾਂ ਪਾਰਟੀਆਂ ਦੇ ਆਗੂ ਤੇ ਵਰਕਰ ਆਪੋ ਆਪਣੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਲਈ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਉੱਥੇ ਹੀ ਕਾਂਗਰਸ ਪਾਰਟੀ ਵਿੱਚ ਗੁੱਟਬੰਦੀ ਹੈ ਇੱਥੇ ਇਹ ਖਾਸ ਤੌਰ ’ਤੇ ਜ਼ਿਕਰ ਕਰਨਾ ਬਣਦਾ ਹੈ ਕਿ ਲੰਘੀਆਂ 2024 ਦੀਆਂ ਆਮ ਚੋਣਾਂ ਦੌਰਾਨ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਆਪਣੇ ਲਈ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ ਪਰ ਪਾਰਟੀ ਨੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣਾ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਸੀ ਤੇ ਆਸ਼ੂ ਨਾਰਾਜ਼ ਹੋ ਕੇ ਘਰ ਬੈਠ ਗਏ ਸਨ।
Ludhiana by Election
ਟਿਕਟ ਨਾ ਮਿਲਣ ’ਤੇ ਭਾਵੇਂ ਭਾਰਤ ਭੂਸ਼ਣ ਆਸ਼ੂ ਦੁਆਰਾ ਆਪਣੀ ਨਾਰਾਜ਼ਗੀ ਦਾ ਖੁੱਲੇ੍ਹ ਤੌਰ ’ਤੇ ਪ੍ਰਗਟਾਵਾ ਨਹੀਂ ਕੀਤਾ ਗਿਆ ਪਰ ਉਨ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਪ੍ਰਚਾਰ ਤੋਂ ਕਿਨਾਰਾ ਕਰਕੇ ਟਿਕਟ ਨਾ ਦਿੱਤੇ ਜਾਣ ’ਤੇ ਉਨ੍ਹਾਂ ਆਪਣੇ ਰੋਸ ਦਾ ਇਜ਼ਹਾਰ ਜਰੂਰ ਕੀਤਾ ਸੀ। ਇੰਨਾ ਹੀ ਨਹੀਂ ਆਸ਼ੂ ਨੇ ਜਿੱਤ ਤੋਂ ਬਾਅਦ ਵੀ ਰਾਜਾ ਵੜਿੰਗ ਤੋਂ ਆਪਣੀਆਂ ਦੂਰੀਆਂ ਬਣਾਈ ਰੱਖੀਆਂ। ਹੁਣ ਜਦ ਕਾਂਗਰਸ ਵੱਲੋਂ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਭਾਰਤ ਭੂਸ਼ਣ ਆਸ਼ੂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਤਾਂ ਇਸ ਦੌਰਾਨ ਵੀ ਪਹਿਲੇ ਦਿਨ ਉਹਨਾਂ ਪਾਰਟੀ ਹਾਈ ਕਮਾਂਡ ਦੇ ਧੰਨਵਾਦ ਪ੍ਰਤੀ ਲਾਏ ਗਏ ਫਲੈਕਸ ਬੋਰਡਾਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਸਵੀਰ ਨਜ਼ਰ ਨਹੀਂ ਆਈ।
Read Also : ‘ਚਿੱਟੇ’ ਦੇ ਕੇਸ ’ਚੋਂ ਜ਼ਮਾਨਤ ’ਤੇ ਆਈ ਮਹਿਲਾ ਕਾਂਸਟੇਬਲ ਹੁਣ ਵਿਜੀਲੈਂਸ ਵੱਲੋਂ ਗ੍ਰਿਫਤਾਰ
ਟਿਕਟ ਮਿਲਣ ਤੋਂ ਬਾਅਦ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੇ ਭਾਰਤ ਭੂਸ਼ਣ ਆਸ਼ੂ ਨੂੰ ਉਨ੍ਹਾਂ ਦੇ ਘਰ ਜਾ ਕਿ ਮਿਲਣ ਦੀ ਕੋਸ਼ਿਸ਼ ਕੀਤੀ ਪਰ ਆਸ਼ੂ ਉਨ੍ਹਾਂ ਨੂੰ ਘਰ ਨਹੀਂ ਮਿਲੇ ਤੇ ਉਹ ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਆਸ਼ੂ ਨੂੰ ਬਿਨਾਂ ਮਿਲਿਆਂ ਹੀ ਵਾਪਸ ਚਲੇ ਗਏ। ਸੋਮਵਾਰ ਨੂੰ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਵੀ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨਜ਼ਰ ਨਹੀਂ ਆਏ।
ਜਦੋਂਕਿ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ ਤੇ ਮੁਹੰਮਦ ਸਦੀਕ ਨੇ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਪਾਰਟੀ ਦੇ ਉਮੀਦਵਾਰ ਦੀ ਜਿੱਤ ਲਈ ਵੋਟਾਂ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਨਿਸ਼ਾਨੇ ’ਤੇ ਰੱਖਿਆ। ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਵੱਲੋਂ ਵੀ ਪ੍ਰਚਾਰ ਸਮੱਗਰੀ ਵਿੱਚ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਦੀ ਫੋਟੋ ਲਾਉਣ ਤੋਂ ਗਰੇਜ਼ ਕੀਤਾ ਜਾ ਰਿਹਾ ਹੈ। ਲੰਘੀਆਂ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 61 ਵਿੱਚ ਵਿਧਾਇਕ ਮਰਹੂਮ ਗੁਰਪ੍ਰੀਤ ਗੋਗੀ ਦੀ ਪਤਨੀ ਡਾਕਟਰ ਸੁਖਚੈਨ ਗੋਗੀ ਨੂੰ ਹਰਾਉਣ ਵਾਲੀ ਪਰਮਿੰਦਰ ਕੌਰ ਨਿੰਦੀ ਵੱਲੋਂ ਵੀ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਲਾਏ ਆਪਣੇ ਫਲੈਕਸ ਬੋਰਡਾਂ ਵਿੱਚ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਦੀ ਫੋਟੋ ਨਹੀਂ ਲਾਈ ਗਈ।