ਰੇਲ ਲਾਇਨਾਂ ਖਾਲੀ ਹੋਣ ਤੋਂ ਬਾਅਦ ਥਰਮਲਾਂ ‘ਚ ਕੋਲੇ ਦੀਆਂ ਗੱਡੀਆਂ ਆਉਣ ਦੀ ਆਸ ਬੱਝੀ

ਰਸਤੇ ‘ਚ ਰੁਕੀਆਂ ਹੋਈਆਂ ਨੇ ਕੋਲੇ ਨਾਲ ਭਰੀਆਂ ਗੱਡੀਆਂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪ੍ਰਾਈਵੇਟ ਥਰਮਲ ਪਲਾਂਟਾਂ ਦੀਆਂ ਨਿੱਜੀ ਲਾਇਨਾਂ ਤੋਂ ਕਿਸਾਨਾਂ ਵੱਲੋਂ ਧਰਨਾ ਚੁੱਕਣ ਤੋਂ ਬਾਅਦ ਕੋਲੇ ਤੋਂ ਸੱਖਣੇ ਹੋਏ ਥਰਮਲ ਪਲਾਂਟਾਂ ‘ਚ ਦੇਰ ਰਾਤ ਜਾਂ ਕੱਲ੍ਹ ਸਵੇਰ ਤੋਂ ਕੋਲੇ ਦੀਆਂ ਗੱਡੀਆਂ ਪੁੱਜਣ ਦੀ ਆਸ ਬੱਝ ਗਈ ਹੈ।  ਇੱਧਰ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਅਧਿਕਾਰੀਆਂ ਵੱਲੋਂ ਰੇਲ ਲਾਇਨਾਂ ਤੋਂ ਧਰਨੇ ਹਟਣ ਦੀ ਕਲਰੀਐਸ ਵੀ ਭੇਜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੀ ਪੁਲਿਸ ਵੱਲੋਂ ਵੀ ਆਪਣੀਆਂ ਆਪਣੀਆਂ ਹੱਦਾਂ ਅੰਦਰ ਰੇਲ ਪੱਟੜੀਆਂ ਖਾਲੀ ਹੋਣ ਦੀ ਚੈਕਿੰਗ ਕਰਕੇ ਰਿਪੋਰਟਾਂ ਭੇਜ ਦਿੱਤੀਆਂ ਗਈਆਂ ਹਨ।

ਜਾਣਕਾਰੀ ਅਨੁਸਾਰ ਮਾਲ ਗੱਡੀਆਂ ਦੀ ਸਪਲਾਈ ਬੰਦ ਹੋਣ ਕਾਰਨ ਸੂਬੇ ਦੇ ਪ੍ਰਾਈਵੇਟ ਥਰਮਲ ਪਲਾਂਟ ਕੋਲੇ ਦੀ ਘਾਟ ਕਾਰਨ ਠੱਪ ਹੋਏ ਪਏ ਹਨ। ਜਦਕਿ ਸਰਕਾਰੀ ਥਰਮਲ ਪਲਾਂਟਾਂ ਅੰਦਰ ਕੋਲੇ ਦੀ ਸਥਿਤੀ ਮਾੜੀ ਬਣੀ ਹੋਈ ਹੈ। ਕੋਲੇ ਦੀ ਘਾਟ ਕਰਕੇ ਪਾਵਰਕੌਮ ਵੱਲੋਂ ਸੂਬੇ ਅੰਦਰ 5-5 ਘੰਟਿਆਂ ਤੋਂ ਵੱਧ ਦੇ ਕੱਟ ਲਗਾਕੇ ਬਿਜਲੀ ਬਚਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬੇ ਅੰਦਰ ਰਾਜਪੁਰਾ ਥਰਮਲ ਪਲਾਂਟ ਅਤੇ ਬਣਾਂਵਾਲੀ ਥਰਮਲ ਪਲਾਂਟ ਦੀਆਂ ਅੰਦਰੂਨੀ ਰੇਲ ਲਾਇਨਾਂ ‘ਤੇ ਧਰਨੇ ਲਗਾਏ ਹੋਏ ਸਨ। ਕੇਂਦਰ ਸਰਕਾਰ ਅਤੇ ਰੇਲਵੇ ਵੱਲੋਂ ਆਖਿਆ ਜਾ ਰਿਹਾ ਸੀ ਕਿ ਪਹਿਲਾਂ ਸਾਰੀਆਂ ਰੇਲ ਲਾਈਨਾਂ ਖਾਲੀ ਕਰਵਾਈਆਂ ਜਾਣ ਅਤੇ ਇਸ ਦੇ ਨਾਲ ਹੀ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇ। ਅੱਜ ਯੂਨੀਅਨ ਵੱਲੋਂ ਥਰਮਲਾਂ ਦੀਆਂ ਅੰਦਰੂਨੀ ਰੇਲ ਲਾਇਨਾਂ ਤੋਂ ਧਰਨੇ ਚੁੱਕ ਕੇ ਇਨ੍ਹਾਂ ਨਿੱਜੀ ਥਰਮਲਾਂ ਦੇ ਅੱਗੇ ਧਰਨੇ ਲਗਾ ਲਏ ਹਨ।

ਜਿਸ ਤੋਂ ਬਾਅਦ ਮਾਲ ਗੱਡੀਆਂ ਮੁੜ ਲਾਇਨਾਂ ‘ਤੇ ਦੌੜਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪ੍ਰਾਈਵੇਟ ਰਾਜਪੁਰਾ ਥਰਮਲ ਪਲਾਂਟ ਦੀਆਂ ਲਗਭਗ 26 ਕੋਲੇ ਦੀਆਂ ਗੱਡੀਆਂ ਰਸਤੇ ਵਿੱਚ ਫਸੀਆਂ ਹੋਈਆਂ ਹਨ। ਜੇਕਰ ਰੇਲਵੇ ਵੱਲੋਂ ਰੇਲ ਲਾਈਨਾਂ ਦੀ ਕਲੀਰੀਅਸ ਮਿਲਣ ਤੋਂ ਬਾਅਦ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤਾਂ ਰਾਜਪੁਰਾ ਥਰਮਲ ਪਲਾਂਟ ਕੋਲ ਦੇਰ ਰਾਤ ਜਾਂ ਸਵੇਰ ਤੱਕ ਕੋਲੇ ਦੀਆਂ ਗੱਡੀਆਂ ਪੁੱਜਣ ਦੀ ਆਸ ਜਤਾਈ ਜਾ ਰਹੀ ਹੈ।

ਰਾਜਪੁਰਾ ਥਰਮਲ ਪਲਾਂਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਉਨ੍ਹਾਂ ਦੇ ਥਰਮਲ ਦੀਆਂ ਲਾਈਨਾਂ ਤੋਂ ਧਰਨਾ ਚੁੱਕ ਲਿਆ ਹੈ ਅਤੇ ਰੇਲ ਲਾਈਨਾਂ ਖਾਲੀ ਕਰ ਦਿੱਤੀਆਂ ਹਨ। ਉਨ੍ਹਾਂ ਵੱਲੋਂ ਖਾਲੀ ਲਾਈਨਾਂ ਦੀ ਕਲੀਰੀਅਸ ਵੀ ਭੇਜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਤਲਵੰਡੀ ਸਾਬੋ ਥਰਮਲ ਪਲਾਂਟ ਅਥਾਰਟੀ ਵੱਲੋਂ ਵੀ ਧਰਨੇ ਹਟਣ ਦੀ ਜਾਣਕਾਰੀ ਭੇਜ ਦਿੱਤੀ ਗਈ ਹੈ। ਇਨ੍ਹਾਂ ਥਾਵਾਂ ਦੇ ਕਿਸਾਨਾਂ ਵੱਲੋਂ ਨਿੱਜੀ ਥਰਮਲਾਂ ਅੱਗੇ ਆਪਣੇ ਧਰਨੇ ਲਗਾ ਲਏ ਗਏ ਹਨ।  ਮੌਜੂਦਾ ਸਮੇਂ ਪਾਵਰਕੌਮ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦੇ ਇੱਕ-ਇੱਕ ਯੂਨਿਟ ਚਾਲੂ ਅਵਸਥਾ ਵਿੱਚ ਹਨ ਅਤੇ ਇਨ੍ਹਾਂ ਵਿੱਚ ਵੀ ਦੋ-ਦੋ ਦਿਨਾਂ ਦਾ ਕੋਲਾ ਬਾਕੀ ਸੀ। ਪਾਵਰਕੌਮ ਵੱਲੋਂ ਵੀ ਆਪਣੇ ਥਰਮਲਾਂ ‘ਚ ਕੋਲੇ ਦੀਆਂ ਗੱਡੀਆਂ ਦੇ ਆਉਣ ਦਾ ਇੰਤਜ਼ਾਰ ਹੈ।

ਨਿੱਜੀ ਥਰਮਲਾਂ ਦੀਆਂ ਰੇਲ ਲਾਇਨਾਂ ਖਾਲੀ ਕੀਤੀਆਂ: ਨਿਆਲ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਨਿਆਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਦੋਹਾਂ ਧਰਨਿਆਂ ਨੂੰ ਬਹਾਨਾ ਬਣਾਇਆ ਜਾ ਰਿਹਾ ਸੀ ਅਤੇ ਲੋਕ ਹਿੱਤਾਂ ਨੂੰ ਦੇਖਦਿਆਂ ਇਨ੍ਹਾਂ ਲਾਈਨਾਂ ਤੋਂ ਧਰਨੇ ਹਟਾ ਕੇ ਨਿੱਜੀ ਥਰਮਲਾਂ ਦੇ ਗੇਟ ਅੱਗੇ ਲਗਾ ਲਏ ਹਨ। ਉਨ੍ਹਾਂ ਕਿਹਾ ਕਿ ਹੁਣ ਰੇਲਵੇ ਅਤੇ ਕੇਂਦਰ ਸਰਕਾਰ ਆਪਣੀਆਂ ਗੱਡੀਆਂ ਨੂੰ ਮੁੜ ਬਹਾਲ ਕਰੇ ਅਤੇ ਪੰਜਾਬ ਨੂੰ ਆਈ ਵਸਤਾਂ ਦੀ ਘਾਟ ਪੂਰੀ ਕਰੇ। ਨਿਆਲ ਨੇ ਕਿਹਾ ਕਿ ਕਿਸਾਨੀ ਕਾਨੂੰਨਾਂ ਲਈ ਲਗਾਏ ਮੋਰਚੇ ਲੰਮੇ ਚੱਲਣਗੇ ਅਤੇ ਪੰਜਾਬ ਦੇ ਲੋਕ ਕਾਨੂੰਨਾਂ ਦੇ ਰੱਦ ਹੋਣ ਤੱਕ ਘੋਲ ਲੜਦੇ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.