ਕੋਲੇ ਦੀ ਘਾਟ: ਪਾਵਰਕੌਮ ਵੱਡੇ ਵੱਡੇ ਕੱਟਾਂ ਨਾਲ ਟਪਾ ਰਿਹੈ ਡੰਗ

ਲੋਕਾਂ ਨੂੰ ਕੀਤੀ ਅਪੀਲ, ਫਾਲਤੂ ਬਿਜਲੀ ਦੀ ਵਰਤੋਂ ਨਾ ਕਰਨ

  • ਦੇਸ਼ ਅੰਦਰ ਪੈਦਾ ਹੋਈ ਕੋਲੇ ਦੀ ਘਾਟ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦੇਸ਼ ’ਚ ਕੋਲੇ ਦੀ ਘਾਟ ਕਾਰਨ ਗੰਭੀਰ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਪੰਜਾਬ ਅੰਦਰ ਵੀ ਕੋਲੇ ਦੀ ਘਾਟ ਕਾਰਨ ਪਾਵਰਕੌਮ ਨੇ ਵੱਡੇ ਵੱਡੇ ਕੱਟਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਸੂਬੇ ਅੰਦਰ ਲੋਕਾਂ ਨੂੰ 4 ਤੋਂ 6 ਘੰਟਿਆਂ ਦੇ ਕੱਟ ਸਹਿਣੇ ਪੈ ਰਹੇ ਹਨ। ਇੱਥੋਂ ਤੱਕ ਕਿ ਪਾਵਰਕੌਮ ਵੱਲੋਂ ਅੱਜ ਲੋਕਾਂ ਨੂੰ ਕੋਲੇ ਦੀ ਘਾਟ ਦੇ ਚੱਲਦਿਆਂ ਬਿਜਲੀ ਬਚਾਉਣ ਦੀ ਅਪੀਲ ਕੀਤੀ ਗਈ ਹੈ। ਇੱਧਰ ਥਰਮਲ ਪਲਾਟਾਂ ਅੰਦਰ ਕੋਲੇ ਦੀ ਸਮਰੱਥਾ ਹੋਰ ਘੱਟ ਗਈ ਹੈ।

ਦੇਸ਼ ਭਰ ਦੇ ਥਰਮਲਾਂ ਅੰਦਰ ਕੋਲੇ ਦੀ ਸਥਿਤੀ ਨਾਜੁਕ ਮੋੜ ’ਤੇ

ਜਾਣਕਾਰੀ ਅਨੁਸਾਰ ਦੇਸ਼ ਭਰ ਦੇ ਥਰਮਲਾਂ ਅੰਦਰ ਕੋਲੇ ਦੀ ਸਥਿਤੀ ਨਾਜੁਕ ਮੋੜ ’ਤੇ ਬਣੀ ਹੋਈ ਹੈ। ਪੰਜਾਬ ਅੰਦਰ ਵੀ ਥਰਮਲ ਪਲਾਂਟਾਂ ਨੂੰ ਬਣਦੀ ਸਮਰੱਥਾ ਦਾ ਕੋਲਾ ਪ੍ਰਾਪਤ ਨਹੀਂ ਹੋ ਰਿਹਾ, ਜਿਸ ਕਾਰਨ ਥਰਮਲ ਪਲਾਂਟਾਂ ’ਚ ਕੋਲੇ ਦੇ ਭੰਡਾਰ ਚਿੰਤਾਜਨਕ ਅਵਸਥਾ ਵਿੱਚ ਬਣੇ ਹੋਏ ਹਨ। ਸੂਤਰਾਂ ਅਨੁਸਾਰ ਲੰਘੀ ਦੇਰ ਰਾਤ ਤਲਵੰਡੀ ਸਾਬੋ ਪਲਾਂਟ ਦਾ ਇੱਕ ਯੂਨਿਟ ਕੋਲੇ ਦੀ ਘਾਟ ਕਾਰਨ ਤੇ ਦੂਜਾ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ। ਭਾਵੇਂ ਸਵੇਰੇ ਤਕਨੀਕੀ ਨੁਕਸ ਠੀਕ ਹੋਣ ਮਗਰੋਂ ਦੂਜਾ ਯੁਨਿਟ ਚੱਲ ਗਿਆ ਤੇ ਫੌਰੀ ਪ੍ਰਬੰਧਾਂ ਵਜੋਂ ਪਾਵਰਕੌਮ ਨੇ ਰੋਪੜ ਥਰਮਲ ਪਲਾਂਟ ਦਾ ਇੱਕ ਹੋਰ ਯੂਨਿਟ ਚਲਾ ਦਿੱਤਾ ਪਰ ਬਿਜਲੀ ਸਪਲਾਈ ਪੂਰੀ ਨਾ ਹੋਣ ਕਾਰਨ ਪਾਵਰਕੌਮ ਨੂੰ ਅੱਜ ਪੰਜਾਬ ਭਰ ਵਿਚ ਬਿਜਲੀ ਕੱਟ ਲਾਉਣੇ ਪਏ।

ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਨੂੰ ਅੱਜ ਸਭ ਤੋਂ ਵੱਡੀ ਮਾਰ ਪਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਨੂੰ ਅੱਜ ਸਭ ਤੋਂ ਵੱਡੀ ਮਾਰ ਪਈ। ਸਵੇਰੇ 11 ਵਜੇ ਤੋਂ ਅਣਐਲਾਨੇ ਕੱਟਾਂ ਦੀ ਸ਼ੁਰੂਆਤ ਹੋਈ ਤੇ ਵਾਰੋ-ਵਾਰੀ ਸ਼ਾਮ ਤੱਕ ਕੱਟਾਂ ਦਾ ਸਿਲਸਿਲਾ ਜਾਰੀ ਰਿਹਾ ਤੇ ਤਕਰੀਬਨ 3 ਤੋਂ 4 ਘੰਟੇ ਬਿਜਲੀ ਗੁੱਲ ਰਹੀ। ਇੱਧਰ ਦਿਹਾਤੀ ਖੇਤਰਾਂ ਅੰਦਰ ਬੀਤੀ ਰਾਤ ਸਾਢੇ ਦਸ ਵਜੇ ਬਿਜਲੀ ਗੁੱਲ ਹੋਈ ਸਵੇਰੇ ਢਾਈ ਵਜੇ ਆਈ।

ਅੱਜ ਵੀ ਦਿਹਾਤੀ ਖੇਤਰਾਂ ਵਿੱਚ ਸਵੇਰ ਤੋਂ ਬਿਜਲੀ ਕੱਟ ਸ਼ੁਰੂ ਹੋ ਗਏ। ਇੱਧਰ ਅੱਜ ਪਾਵਰਕੌਮ ਨੇ ਕੋਲੇ ਦੀ ਘਾਟ ਦੇ ਚੱਲਦਿਆ ਖਪਤਕਾਰਾਂ ਨੂੰ ਅਪੀਲ ਕਰਨੀ ਪਈ ਹੈ ਕਿ ਉਹ ਫਾਲਤੂ ਬਿਜਲੀ ਦੀ ਵਰਤੋਂ ਨਾ ਕਰਨ। ਪਾਵਰਕੌਮ ਨੇ ਸ਼ੋਸਲ ਮੀਡੀਆ ਜਰੀਏ ਮੈਸੇਜ਼ ਛੱਡਦਿਆ ਆਖਿਆ ਹੈ ਕਿ ਲਈ ਲੋਕਾਂ ਨੂੰ ਆਪਣੀਆਂ ਲਾਈਟਾਂ, ਬਿਜਲੀ ਦੇ ਉਪਕਰਣ ਅਤੇ ਏਅਰ ਕੰਡੀਸ਼ਨਰ ਬੰਦ ਕਰਕੇ ਬਿਜਲੀ ਬਚਾਉਣੀ ਚਾਹੀਦੀ ਹੈ।

ਕੋਲੇ ਦੀ ਪੂਰਤੀ ਲਈ ਯਤਨ ਜਾਰੀ

ਇੱਧਰ ਪਾਵਰਕੌਮ ਦੀ ਰਿਪੋਰਟ ਮੁਤਾਬਕ ਰਾਜਪੁਰਾ ਪਲਾਂਟ ਵਿੱਚ ਇਸ ਵੇਲੇ 1.9 ਦਿਨ, ਤਲਵੰਡੀ ਸਾਬੋ ਥਰਮਲ ਅੰਦਰ 1.3 ਦਿਨ, ਗੋਇੰਦਵਾਲ ਸਾਹਿਬ ਪਲਾਂਟ ਅੰਦਰ 0.6 ਦਿਨ ਅਤੇ ਸਰਕਾਰੀ ਖੇਤਰ ਦੇ ਰੋਪੜ ਪਲਾਂਟ ਵਿਚ 4 ਅਤੇ ਲਹਿਰਾ ਮੁਹੱਬਤ ਪਲਾਂਟ ਵਿਚ 4.9 ਦਿਨ ਦਾ ਕੋਲਾ ਬਚਿਆ ਹੈ। ਸੂਤਰਾਂ ਅਨੁਸਾਰ 49 ਰੈਕ ਰਸਤੇ ਵਿਚ ਹਨ ਜਿਹਨਾਂ ਵਿੱਚੋਂ 18 ਰਾਜਪੁਰਾ, 26 ਤਲਵੰਡੀ ਸਾਬੋ, 4 ਗੋਇੰਦਵਾਲ ਸਾਹਿਬ ਅਤੇ 1 ਰੋਪੜ ਪਲਾਂਟ ਲਈ ਕੋਲਾ ਆ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਲੇ ਦੀ ਪੂਰਤੀ ਲਈ ਯਤਨ ਜਾਰੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ