ਪੁਲਿਸ ਦੇ ਹੱਥ ਨਹੀਂ ਲੱਗਾ ਕੋਈ ਸੁਰਾਗ
‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਨੇ ਲਈ ਜਿੰਮੇਵਾਰੀ
ਜਲੰਧਰ, ਸੱਚ ਕਹੂੰ ਨਿਊਜ਼
ਜਲੰਧਰ ਦੇ ਮਕਸੂਦਾਂ ਥਾਣੇ ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ 4 ਬੰਬ ਧਮਾਕਿਆਂ ‘ਚ ਜਿੱਥੇ 24 ਘੰਟੇ ਬੀਤ ਜਾਣ ‘ਤੇ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ। ਉੱਥੇ ਸੋਸ਼ਲ ਮੀਡੀਆ ‘ਚ ਵਾਇਰਲ ਹੋਏ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਦੇ ਨਾਂਅ ਦੇ ਪੱਤਰ ‘ਚ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਵੱਲੋਂ ਇਸ ਧਮਾਕੇ ਦੀ ਜਿੰਮੇਵਾਰ ਲਈ ਗਈ ਹੈ, ਜਿਸ ਕਾਰਨ ਇਸ ਮਾਮਲੇ ਦੀ ਗੁੱਥੀ ਹੋਰ ਵੀ ਗੁੰਝਲਦਾਰ ਹੋ ਗਈ ਹੈ। ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਬਣੇ ਮਕਸੂਦਾਂ ਥਾਣੇ ਵਿੱਚ ਇੱਕ-ਇੱਕ ਕਰਕੇ ਲਗਾਤਾਰ ਹੋਏ ਚਾਰ ਧਮਾਕਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਧਮਾਕਿਆਂ ਦਾ ਖੁਰਾ ਖੋਜ ਲੱਭਣ ਲਈ ਅੱਜ ਪੂਰਾ ਦਿਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮਾਮਲੇ ਦੀ ਜਾਂਚ ਕਰਦੀ ਰਹੀਆਂ ਪਰ ਕੁਝ ਹਾਸਿਲ ਨਹੀਂ ਹੋਇਆ। ਇਸ ਮਾਮਲੇ ‘ਚ ਜਲੰਧਰ ਤੋਂ ਬਾਅਦ ਚੰਡੀਗੜ੍ਹ ਦੀ ਫਾਰੇਂਸਿਕ ਟੀਮ ਨੇ ਵੀ ਮੌਕੇ ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਵਿੱਚ ਐਨਐਸਜੀ ਨੂੰ ਵੀ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਦੂਜੇ ਪਾਸੇ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਵੱਲੋਂ ਇਸ ਧਮਾਕੇ ਦੀ ਜਿੰਮੇਵਾਰੀ ਲਈ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਦੇ ਨਾਂਅ ਦੇ ਪੱਤਰ ‘ਚ ਮਕਸੂਦਾਂ ਥਾਣੇ ‘ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਐੱਸਐੱਸਪੀ ਦਫਤਰ ਨਵਾਂਸ਼ਹਿਰ ਅਤੇ ਦਰਿਆ ਪੁਲਿਸ ਸਟੇਸ਼ਨ ਚੰਡੀਗੜ੍ਹ ‘ਤੇ ਹਮਲੇ ਕਰਨ ਦੀ ਵੀ ਕਥਿਤ ਤੌਰ ‘ਤੇ ਜ਼ਿੰਮੇਵਾਰੀ ਲਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।