ਭਿਆਨਕ ਗਰਮੀ ਨੂੰ ਦੇਖਦੇ ਹੋਏ ਲਿਆ ਫੈਸਲਾ | Summer Vacations
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੜਾਕੇ ਦੀ ਗਰਮੀ ਅਤੇ ਤਾਪਮਾਨ ’ਚ ਵਾਧੇ ਕਾਰਨ ਵਿਦਿਆਰਥੀਆਂ ਦੀ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਦੇਸ਼ ਦੇ ਵੱਖ-ਵੱਖ ਸੂਬਿਆਂ ਨੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਰਾਜਾਂ ’ਚ ਕੜਾਕੇ ਦੀ ਗਰਮੀ ਪੈ ਰਹੀ ਹੈ। ਇਸ ਦੇ ਮੱਦੇਨਜਰ ਕੁਝ ਰਾਜਾਂ ਦੀਆਂ ਸਰਕਾਰਾਂ ਅਤੇ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ ਅਤੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਆਓ ਜਾਣਦੇ ਹਾਂ ਗਰਮੀ ਦੇ ਪ੍ਰਭਾਵ ਨੂੰ ਦੇਖਦੇ ਹੋਏ ਕਿਹੜੇ-ਕਿਹੜੇ ਰਾਜਾਂ ਨੇ ਗਰਮੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ।
ਮੱਧ ਪ੍ਰਦੇਸ਼ : 1 ਜੁਲਾਈ ਨੂੰ ਖੁੱਲ੍ਹਣਗੇ ਪ੍ਰਾਇਮਰੀ ਸਕੂਲ | Summer Vacations
ਸਕੂਲ ਸਿੱਖਿਆ ਵਿਭਾਗ ਨੇ ਕੜਾਕੇ ਦੀ ਗਰਮੀ ਅਤੇ ਤਾਪਮਾਨ ’ਚ ਵਾਧੇ ਕਾਰਨ ਵਿਦਿਆਰਥੀਆਂ ਦੀ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰੀ ਸੂਚਨਾ ਅਨੁਸਾਰ ਜਾਰੀ ਹੁਕਮਾਂ ਅਨੁਸਾਰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਪ੍ਰਾਇਮਰੀ ਸਕੂਲਾਂ ’ਚ 1 ਜੁਲਾਈ ਤੋਂ ਕੰਮ ਸ਼ੁਰੂ ਹੋ ਜਾਵੇਗਾ। ਸਕੂਲਾਂ ’ਚ 6ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਕਲਾਸਾਂ 20 ਤੋਂ 30 ਜੂਨ ਤੱਕ ਸਵੇਰ ਦੀ ਸ਼ਿਫਟ ’ਚ ਚੱਲਣਗੀਆਂ। 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਪਹਿਲਾਂ ਤੋਂ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਹੀ ਹੋਣਗੀਆਂ। 1 ਜੁਲਾਈ ਤੋਂ ਸਾਰੇ ਸਕੂਲਾਂ ’ਚ ਸਾਰੀਆਂ ਜਮਾਤਾਂ ਨਿਯਮਤ ਸਮਾਂ ਸਾਰਣੀ ਅਨੁਸਾਰ ਚੱਲਣਗੀਆਂ।
ਰਾਜਸਥਾਨ ’ਚ ਵੀ ਸਕੂਲਾਂ ਦੀਆਂ ਛੁੱਟੀਆਂ ’ਚ ਵਾਧਾ | Summer Vacations
ਤੁਹਾਨੂੰ ਦੱਸ ਦੇਈਏ ਕਿ 17 ਮਈ ਤੋਂ 23 ਜੂਨ 2023 ਤੱਕ ਛੁੱਟੀਆਂ ਸਨ, ਇਸ ਲਈ ਰਾਜਸਥਾਨ ’ਚ ਗਰਮੀਆਂ ਦੀਆਂ ਛੁੱਟੀਆਂ 23 ਜੂਨ ਨੂੰ ਖਤਮ ਹੋਣੀਆਂ ਸਨ, ਪਰ ਹੁਣ ਇਹ ਛੁੱਟੀ ਵਧਾ ਕੇ 26 ਜੂਨ ਤੱਕ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਹਰਿਆਣਾ ’ਚ 3 ਜੁਲਾਈ ਨੂੰ ਸਕੂਲ ਖੁੱਲ੍ਹਣਗੇ।
ਉੱਤਰ ਪ੍ਰਦੇਸ਼ ’ਚ 26 ਜੂਨ ਤੱਕ ਰਹਿਣਗੇ ਸਕੂਲ ਬੰਦ | Summer Vacations
ਉੱਤਰ ਪ੍ਰਦੇਸ਼ ਸਰਕਾਰ ਨੇ ਕੜਾਕੇ ਦੀ ਗਰਮੀ ਕਾਰਨ ਸੂਬੇ ਦੇ ਸਾਰੇ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਵੀ ਵਧਾ ਦਿੱਤੀਆਂ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਲ ਹੀ ’ਚ ਇੱਕ ਉੱਚ ਪੱਧਰੀ ਮੀਟਿੰਗ ’ਚ ਅਧਿਕਾਰੀਆਂ ਨੂੰ ਸਖਤ ਗਰਮੀ ਦੇ ਮੱਦੇਨਜਰ ਬੇਸਿਕ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ 15 ਜੂਨ ਤੋਂ 26 ਜੂਨ ਤੱਕ ਵਧਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਬੇਸਿਕ ਐਜੂਕੇਸ਼ਨ ਕੌਂਸਲ ਨੇ ਸਾਰੇ ਜ਼ਿਲ੍ਹਿਆਂ ਬੇਸਿਕ ਸਿੱਖਿਆ ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਕੌਂਸਲ ਦੇ ਸਕੂਲ 26 ਜੂਨ ਤੱਕ ਬੰਦ ਰਹਿਣਗੇ ਅਤੇ 27 ਜੂਨ ਨੂੰ ਮੁੜ ਖੁੱਲ੍ਹਣਗੇ।