ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ (Chief Minister Mann) ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਅਪਲੋਡ ਕਰਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਇਹ ਸੰਬੋਧਨ ਇੱਕ ਜੁਲਾਈ ਨੂੰ ਮੁੱਖ ਰੱਖ ਕੇ ਕੀਤਾ। ਉਨ੍ਹਾਂ ਆਪਣੇ ਸੰਬੋਧਨ ’ਚ ਬਿਜਲੀ ਦੀਆਂ 600 ਯੂਨਿਟਾਂ ਮਾਫ਼ ਕਰਨ ਦੇ ਇੱਕ ਸਾਲ ਪੂਰਾ ਹੋਣ ਮੌਕੇ ਕੀਤਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਬਿਜਲੀ ਬਿੱਲ ਮਾਫ਼ੀ ਦਾ ਇੱਕ ਸਾਲ ਨਿਰਵਿਘਨ ਪੂਰਾ ਹੋ ਗਿਆ। ਉਨ੍ਹਾਂ ਕਿਹਾ ਕਿ 90 ਫ਼ੀਸਦੀ ਘਰਾਂ ਨੂੰ ਇਸ ਦਾ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਘਰਾਂ ਨੂੰ ਹੀ ਨਹੀਂ ਸਗੋਂ ਕਾਰਖਾਨਿਆਂ ਤੇ ਖੇਤਾਂ ਨੂੰ ਬਿਜਲੀ ਵੀ ਬਿਨਾ ਕੱਟ ਤੋਂ 12 ਤੋਂ 14 ਘੰਟੇ ਲਗਾਤਾਰ ਦਿੱਤੀ ਜਾ ਰਹੀ ਹੈ।
ਬਿਜਲੀ ਬੋਰਡ ਨੂੰ ਵੀ ਘਾਟੇ ਵਿੱਚ ਨਹੀਂ ਜਾਣ ਦਿੱਤਾ | Chief Minister Mann
ਪਹਿਲਾਂ ਟੁੱਟ-ਟੁੱਟ ਕੇ ਬਿਜਲੀ ਆਇਆ ਕਰਦੀ ਸੀ ਜਿਸ ਨਾਲ ਝੋਨੇ ਦੀ ਫਸਲ ਪਕਾਉਣੀ ਬਹੁਤ ਹੀ ਔਖੀ ਹੋ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅਸੀਂ ਬਿਜਲੀ ਬੋਰਡ ਨੂੰ ਵੀ ਘਾਟੇ ਵਿੱਚ ਨਹੀਂ ਜਾਣ ਦਿੱਤਾ। ਅਕਾਲੀ ਅਤੇ ਕਾਂਗਰਸ ਸਰਕਾਰ ਵੇਲੇ ਬਿਜਲੀ ਬੋਰਡ ਦੀਆਂ ਦੇਣਦਾਰੀਆਂ ਬਹੁਤ ਸਨ ਅਸੀਂ ਉਹ ਵੀ ਉਤਾਰ ਦਿੱਤੀਆਂ। ਉਨ੍ਹਾਂ ਕਿਹਾ ਕਿ 9 ਹਜ਼ਾਰ 20 ਕਰੋੜ ਦੀ ਸਬਸਿਡੀ ਦਾ ਜਿਹੜਾ ਕਰਜ਼ਾ ਖੜ੍ਹਾ ਸੀ ਉਹ ਵੀ ਅਸੀਂ ਕਿਸ਼ਤਾਂ ਰਾਹੀਂ ਉਤਾਰ ਰਹੇ ਹਾਂ ਜਿਸ ਦੀ ਪਹਿਲੀ ਕਿਸ਼ਤ ਜਾ ਚੁੱਕੀ ਹੈ। ਜਿਹੜਾ ਘਰੇਲੂ ਖ਼ਪਤਕਾਰਾਂ ਦਾ ਤੇ ਬਾਕੀ ਜਿਹੜੀ ਸਬਸਿਡੀ ਦਾ ਪੈਸਾ ਬਣਦਾ ਸੀ 20 ਹਜ਼ਾਰ 200 ਕਰੋੜ ਉਹ ਵੀ ਬਿਜਲੀ ਬੋਰਡ ਨੂੰ ਭੁਗਤਾਨ ਕਰ ਚੁੱਕੇ ਹਾਂ। ਅਸੀਂ ਕਰਜ਼ਾ ਲੈ ਕੇਕੋਈ ਵੀ ਕੰਮ ਨਹੀਂ ਕੀਤਾ। ਅਸੀਂ ਭਿ੍ਰਸ਼ਟਾਚਾਰ ਰੋਕ ਕੇ ਰੈਵੀਨਿਊ ਦੇ ਸਾਧਨ ਵਧਾਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਗਰਮੀ ਦੇ ਮਹੀਨਿਆਂ ਵਿੱਚ ਫੈਕਟਰੀਆਂ ਦੀ ਬਿਜਲੀ ਬੰਦ ਕਰਕੇ ਘਰੇਲੂ ਬਿਜਲੀ ਪੂਰੀ ਕੀਤੀ ਜਾਂਦੀ ਸੀ। ਇਸ ਵਾਰ ਅਸੀਂ ਕੋਈ ਫੈਕਟਰੀ ਵੀ ਬੰਦ ਨਹੀਂ ਕੀਤੀ। ਫੈਕਟਰੀਆਂ ਵੀ ਲਗਾਤਾਰ ਚੱਲ ਰਹੀਆਂ ਹਨ। ਅਸੀਂ ਪਛਵਾੜਾ ਕੋਲ ਖਾਨ ਚਲਾ ਕੇ ਵੀ ਬਹੁਤ ਸਾਰਾ ਪੈਸਾ ਬਚਾਇਆ ਹੈ ਅਤੇ ਕੋਲਾ ਵੀ ਸਾਡੇ ਕੋਲ 43 ਦਿਨ ਦਾ ਕੋਲਾ ਸਾਡੇ ਕੋਲ ਪਿਆ ਹੈ। ਪਹਿਲਾਂ ਆਮ ਤੌਰ ’ਤੇ 5 ਘੰਟਿਆਂ ਦਾ ਕੋਲਾ ਬਚਿਆ ਹੈ ਇਸ ਸਬੰਧੀ ਖ਼ਬਰਾਂ ਆਉਂਦੀਆਂ ਸੀ। ਅਸੀਂ ਸੋਲਰ ਐਨਰਜ਼ੀ ਨੂੰ ਵਧਾਉਣ ਲਈ ਵੀ ਸਰਕੂਲਰ ਜਾਰੀ ਕਰਾਂਗੇ। ਅਸੀਂ ਗਰੀਨ ਐਨਰਜ਼ੀ ਵੀ ਤਿਆਰ ਕਰਾਂਗੇ।
ਪਹਿਲਾਂ ਵਾਲੀਆਂ ਸਰਕਾਰਾਂ ਸਰਕਾਰੀ ਪ੍ਰਾਪਰਟੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚ ਦਿੰਦੀਆਂ ਸਨ | Chief Minister Mann
ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਸਰਕਾਰੀ ਪ੍ਰਾਪਰਟੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚ ਦਿੰਦੀਆਂ ਸਨ ਪਰ ਅਸੀਂ ਉਲਟ ਕਰ ਰਹੇ ਹਾਂ। ਅਸੀਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਰਹੇ ਹਾਂ ਜਿਸ ਤੋਂ ਵਾਧੂ ਬਿਜਲੀ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਲਾ ਹੈ ਅਸੀਂ ਉਸ ਥਰਮਲ ਪਲਾਂਟ ਨੂੰ ਚਲਾ ਸਕਦੇ ਹਾਂ। ਅਸੀਂ ਸਸਤੀ ਬਿਜਲੀ ਪੈਦਾ ਕਰਨ ਦੇ ਸਮਰੱਥ ਹਾਂ ਤੇ ਕਰਾਂਗੇ ਵੀ ਜ਼ਰੂਰ। ਉਨ੍ਹਾਂ ਜ਼ੀਰੋ ਬਿੱਲ ਆਉਣ ’ਤੇ ਸਾਰੇ ਹੀ ਪੰਜਾਬੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਚੋਣ ਪ੍ਰਚਾਰ ਵੇਲੇ ਇੱਕ ਗਰੰਟੀ ਦਿੱਤੀ ਸੀ ਕਿ ਬਿਜਲੀ ਦੀਆਂ ਯੂਨਿਟਾਂ ਮਾਫ਼ ਕਰਾਂਗੇ। ਉਹ ਗਰੰਟੀ ਪੂਰੀ ਹੋਈ ਨੂੰ ਇੱਕ ਸਾਲ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ’ਚ ਮੁੱਖ ਮੰਤਰੀ ਮਾਨ ਦਾ ਐਲਾਨ, ਇਨ੍ਹਾਂ ਤੋਂ ਵਸੂਲਿਆ ਜਾਵੇਗਾ ਖਰਚਾ
ਉਨ੍ਹਾਂ ਕਿਹਾ ਕਿ ਇਹ ਮੁਫ਼ਤ ਬਿਜਲੀ ਇਸੇ ਤਰ੍ਹਾਂ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਇਸ ਲਈ ਕੋਈ ਵੀ ਸ਼ਰਤ ਨਹੀਂ ਰੱਖੀ ਗਈ ਹੈ। ਪੰਜਾਬ ਰੰਗਲਾ ਬਣਾਉਣ ਲਈ ਪੰਜਾਬੀਆਂ ਨੇ ਸਹਿਯੋਗ ਦਿੱਤਾ ਹੈ ਤੇ ਤੁਸੀਂ ਅੱਗੇ ਵੀ ਸਾਥ ਦਿੰਦੇ ਰਹੋ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਵੀ ਹਰ ਖੇਤ ਤੱਕ ਪਹੰੁਚ ਰਿਹਾ ਹੈ। ਚਾਰ ਲੱਖ ਟਿਊਬਵੈੱਲ ਵੀ ਘੱਟ ਚਲਾਉਣ ਦੀ ਲੋੜ ਪਵੇਗੀ ਜਦੋਂ ਨਹਿਰੀ ਪਾਣੀ ਪਹੰੁਚਦਾ ਰਹੇਗਾ। ਉਨ੍ਹਾਂ ਕਿਹਾ ਕਿ ਇੱਕ ਨਵਾਂ ਡੈਮ ਬਣਾਇਆ ਜਾ ਰਿਹਾ ਹੈ ਜਿਸ ਨਾਲ ਪਾਣੀ ਦੀ ਲੀਕੇਜ਼ ਰੋਕ ਕੇ ਪਾਣੀ ਜਮ੍ਹਾ ਕੀਤਾ ਜਾ ਸਕੇ। ਇਹ ਡੈਮ ਰਣਜੀਤ ਸਾਗਰ ਡੈਮ ਦੇ ਨੇੜੇ ਧਾਰ ਕਲਾਂ ’ਚ ਬਣਾਇਆ ਜਾ ਰਿਹਾ ਹੈ। ਡੈਮ ਨਾਲ ਪਾਣੀ ਤਾਂ ਬਚੇਗਾ ਹੀ ਬਿਜਲੀ ਵੀ ਹੋਰ ਪੈਦਾ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਂ ਦਰਿਆਵਾਂ ਜਿੰਨਾ ਪਾਣੀ ਅਸੀਂ ਇਕੱਠਾ ਕਰਕੇ ਹੀ ਰਹਾਂਗੇ।