ਮੁੱਖ ਮੰਤਰੀ ਮਾਨ ਨੇ ਆਂਗਨਵਾੜੀ ਵਰਕਰਾਂ ਨੂੰ ਦਿੱਤਾ ਤੋਹਫਾ

Anganwadi Workers
ਮੁੱਖ ਮੰਤਰੀ ਮਾਨ ਨੇ ਆਂਗਨਵਾੜੀ ਵਰਕਰਾਂ ਲਈ 3.09 ਕਰੋੜ ਰੁਪਏ ਜਾਰੀ ਕੀਤੇ

ਮੁੱਖ ਮੰਤਰੀ ਵੱਲੋਂ ਆਂਗਨਵਾੜੀ ਵਰਕਰਾਂ ਦੀ ਬਕਾਇਆ ਤਨਖਾਹ ਤੁਰੰਤ ਅਦਾ ਕਰਨ ਦੇ ਹੁਕਮ

  • ਤਨਖਾਹਾਂ ਦੀ ਅਦਾਇਗੀ ਲਈ 3.09 ਕਰੋੜ ਰੁਪਏ ਜਾਰੀ

(ਅਸ਼ਵਨੀ ਚਾਵਲਾ) ਚੰਡੀਗੜ। ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਨਾਂ ਕਰਮਚਾਰੀਆਂ ਦੀ ਬਕਾਇਆ ਤਨਖਾਹ ਦੀ ਅਦਾਇਗੀ ਤੁਰੰਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅੱਜ ਇੱਥੇ ਮੁੱਖ ਮੰਤਰੀ ਦਫਤਰ ਵਿਖੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀ ਬਕਾਇਆ ਤਨਖਾਹ ਦੀ ਅਦਾਇਗੀ ਲਈ 3.09 ਕਰੋੜ ਰੁਪਏ ਜਾਰੀ ਕੀਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਨਾਂ ਵਰਕਰਾਂ ਤੇ ਹੈਲਪਰਾਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪੰਜਾਬ ਬਾਲ ਕੌਂਸਲ ਵੱਲੋਂ ਚਲਾਏ ਜਾ ਰਹੇ ਤਿੰਨ ਬਲਾਕਾਂ ਬਠਿੰਡਾ, ਤਰਸਿੱਕਾ (ਅੰਮਿ੍ਰਤਸਰ) ਅਤੇ ਸਿੱਧਵਾਂ ਬੇਟ (ਲੁਧਿਆਣਾ) ਵਿਚ ਕੰਮ ਕਰਦੇ ਕਰਮਚਾਰੀਆਂ ਅਤੇ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇ ਸਾਲ ਅਕਤਬੂਰ ਮਹੀਨੇ ਤੋਂ ਬਕਾਇਆ ਤਨਖਾਹ ਦੀ ਅਦਾਇਗੀ ਤੁਰੰਤ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਲਈ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਸੂਬੇ ਵਿਚ ਆਂਗਨਵਾੜੀ ਵਰਕਰਾਂ ਦੇ ਮਸਲਿਆਂ ਉਤੇ ਵਿਚਾਰ-ਵਟਾਂਦਰਾ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸੂਬਾ ਸਰਕਾਰ ਇਨਾਂ ਦੀ ਭਲਾਈ ਲਈ ਵੱਡੇ ਫੈਸਲੇ ਲਵੇਗੀ ਤਾਂ ਕਿ ਇਨਾਂ ਨੂੰ ਆਪਣੀਆਂ ਸੇਵਾਵਾਂ ਨਿਭਾਉਣ ਵਿਚ ਕੋਈ ਸਮੱਸਿਆ ਨਾ ਆਵੇ। ਮੁੱਖ ਮੰਤਰੀ ਨੇ ਵਿਭਾਗ ਪਾਸੋਂ ਭਲਾਈ ਸਕੀਮਾਂ ਤੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਹਾਸਲ ਕੀਤੀ। ਮੀਟਿੰਗ ਵਿਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ : ਨਵਨਿਯੁਕਤ ਇੰਸਪੈਕਟਰ ਰਣਦੀਪ ਕੁਮਾਰ ਨੇ ਅਹੁਦਾ ਸੰਭਾਲਿਆ

ਮੁੱਖ ਮੰਤਰੀ ਮਾਨ ਨੇ ਮੀਟਿੰਗ ‘ਚ ਬਾਲ ਵਿਕਾਸ ਕੌਂਸਲ ਦੇ 3 ਬਲਾਕਾਂ ‘ਚ ਕੰਮ ਕਰਦੇ ਕਰਮਚਾਰੀਆਂ ਤੇ ਆਂਗਨਵਾੜੀ ਵਰਕਰਾਂ/ਹੈਲਪਰਾਂ ਦੀਆਂ ਅਕਤੂਬਰ ਮਹੀਨੇ ਤੋਂ ਬਕਾਇਆ ਤਨਖਾਹਾਂ ਦੀ ਅਦਾਇਗੀ ਲਈ 3.09 ਕਰੋੜ ਰੁਪਏ ਜਾਰੀ ਕੀਤੇ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਆਂਗਨਵਾੜੀ ਵਰਕਰਾਂ ਲਈ ਹੋਰ ਵੀ ਵੱਡੇ ਫੈਸਲੇ ਲਏ ਜਾਣਗੇ।