ਪੀਐਮ ਦੌਰੇ ’ਤੇ ਬੋਲੇ ਮੁੱਖ ਮੰਤਰੀ ਚੰਨੀ, ਕਿਹਾ, ਪੀਐਮ ਨੂੰ ਕੋਈ ਖਤਰਾ ਨਹੀਂ ਸੀ

ਪ੍ਰਧਾਨ ਮੰਤਰੀ ਨੂੰ ਨਹੀਂ ਸੀ ਕੋਈ ਖ਼ਤਰਾ, ਅਚਾਨਕ ਹੋਇਆ ਸਾਰਾ ਕੁਝ, ਨਹੀਂ ਹੋਣਾ ਚਾਹੀਦਾ ਸਿਆਸੀਕਰਨ

  •  ਸਾਡਾ ਕੋਈ ਕੰਟਰੋਲ ਨਹੀਂ ਸੀ, ਸਾਰਾ ਕੁਝ ਕੇਂਦਰੀ ਏਜੰਸੀਆਂ ਨੇ ਲਿਆ ਹੋਇਆ ਸੀ ਆਪਣੇ ਕੰਟਰੋਲ ’ਚ : ਚੰਨੀ
  • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਦੀ ਵਾਪਸੀ ’ਤੇ ਦਿੱਤਾ ਗਿਆ ਸਪਸ਼ਟੀਕਰਨ
  • ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਸਨਮਾਨਯੋਗ
  • ਜੇਕਰ ਸੁਰੱਖਿਆ ’ਚ ਕੋਈ ਚੂਕ ਹੁੰਦੀ ਤਾਂ ਪਹਿਲਾਂ ਡੂਲਦਾ ਸਾਡਾ ਖੂਨ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਕੋਈ ਖਤਰਾ ਨਹੀਂ ਸੀ ਅਤੇ ਨਾ ਹੀ ਕੋਈ ਖਤਰਾ ਹੋਵੇਗਾ। ਜੇਕਰ ਇਹੋ ਜਿਹਾ ਹੋਇਆ ਤਾਂ ਪਹਿਲਾਂ ਖ਼ੁਦ ਉਹ ਅਤੇ ਉਨਾਂ ਦੀ ਕੈਬਨਿਟ ਅੱਗੇ ਆ ਕੇ ਆਪਣਾ ਖੂਨ ਡੋਲ ਦੇਣਗੇ ਪਰ ਪ੍ਰਧਾਨ ਮੰਤਰੀ ’ਤੇ ਕਿਸੇ ਵੀ ਤਰ੍ਹਾਂ ਦੀ ਆਂਚ ਨਹੀਂ ਆਏਗੀ। ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਵਰਤੀ ਗਈ ਹੈ ਅਤੇ ਸੁਰੱਖਿਆ ਦਾ ਸਾਰਾ ਜਿੰਮਾ ਕੇਂਦਰੀ ਏਜੰਸੀਆਂ ਵੱਲੋਂ ਆਪਣੇ ਹੱਥਾਂ ਵਿੱਚ ਲਿਆ ਹੋਇਆ ਸੀ।

ਪੰਜਾਬ ਪੁਲਿਸ ਕੋਲ ਜਿਆਦਾ ਕੰਟਰੋਲ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਹੈਲੀਕਾਪਟਰ ਰਾਹੀਂ ਜਾਣ ਦੀ ਥਾਂ ’ਤੇ ਸੜਕੀਂ ਮਾਰਗ ਰਾਹੀਂ ਜਾਣ ਦਾ ਫੈਸਲਾ ਲਿਆ ਅਤੇ ਉਹ ਆਪਣੀ ਰੈਲੀ ਵਾਲੀ ਥਾਂ ਜਾ ਰਹੇ ਸਨ ਪਰ ਰਸਤੇ ਵਿੱਚ ਅਚਾਨਕ ਕੁਝ ਲੋਕ ਸਾਹਮਣੇ ਆ ਕੇ ਰਸਤਾ ਰੋਕਦੇ ਹੋਏ ਖੜੇ ਹੋ ਗਏ। ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਉਨਾਂ ਲੋਕਾਂ ਨੂੰ ਉਥੋਂ ਹਟਾ ਰਹੀ ਸੀ, ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ। ਇਹ ਸਪੱਸ਼ਟੀਕਰਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤਾ ਗਿਆ ਹੈ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਲਈ ਸਨਮਾਨਯੋਗ ਹਨ ਅਤੇ ਉਨਾਂ ਨੂੰ ਪੰਜਾਬ ਵਿੱਚ ਸੁਰੱਖਿਆ ਦੇਣਾ ਉਨਾਂ ਦਾ ਜਿੰਮਾ ਹੈ। ਪੰਜਾਬ ਵਿੱਚ ਉਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ ਅਤੇ ਨਾ ਹੀ ਹੋਏਗਾ, ਜੇਕਰ ਇੰਝ ਕਦੇ ਹੋਇਆ ਵੀ ਤਾਂ ਉਹ ਅਤੇ ਉਨਾਂ ਦੀ ਕੈਬਨਿਟ ਦੇ ਮੰਤਰੀ ਅੱਗੇ ਆ ਕੇ ਪਹਿਲਾਂ ਆਪਣਾ ਖੂਨ ਡੋਲਣਗੇ, ਉਸ ਤੋਂ ਬਾਅਦ ਹੀ ਕੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਜਾ ਸਕਦਾ ਹੈ।

ਪੰਜਾਬ ਕਦੇ ਵੀ ਆਪਣੇ ਮਹਿਮਾਨ ’ਤੇ ਹਮਲਾ ਨਹੀਂ ਕਰ ਸਕਦੇ

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬੀਆਂ ਦੀ ਇਹ ਫਿਤਰਤ ਨਹੀਂ ਹੈ ਕਿ ਘਰ ਆਏ ਮਹਿਮਾਨ ’ਤੇ ਹਮਲਾ ਕੀਤਾ ਜਾਵੇ ਜਾਂ ਫਿਰ ਉਨਾਂ ਦਾ ਸਨਮਾਨ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਪੰਜਾਬ ਕਦੇ ਵੀ ਆਪਣੇ ਮਹਿਮਾਨ ’ਤੇ ਹਮਲਾ ਨਹੀਂ ਕਰ ਸਕਦੇ ਹਨ। ਉਨਾਂ ਕਿਹਾ ਕਿਸਾਨਾਂ ਨੇ ਇੱਕ ਸਾਲ ਤੱਕ ਦਿੱਲੀ ਬਾਰਡਰ ’ਤੇ ਧਰਨਾ ਲਗਾ ਕੇ ਰੱਖਿਆ ਪਰ ਕਦੇ ਵੀ ਉਨਾਂ ਨੇ ਹਿੰਸਕ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਤਾਂ ਅੱਜ ਉਹ ਕਿਵੇਂ ਹਿੰਸਕ ਘਟਨਾ ਕਰ ਸਕਦੇ ਸਨ।

ਚਰਨਜੀਤ ਸਿੰਘ ਚੰਨੀ ਕਿਹਾ ਕਿ ਬੀਤੀ ਰਾਤ 3 ਵਜੇ ਤੱਕ ਉਹ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਰਸਤੇ ਤੋਂ ਉਨਾਂ ਨੂੰ ਹਟਾਉਂਦੇ ਰਹੇ ਅਤੇ ਸਵੇਰੇ 3 ਵਜੇ ਕਿਸਾਨਾਂ ਵੱਲੋਂ ਰਸਤੇ ਖਾਲੀ ਵੀ ਕਰ ਦਿੱਤੇ ਗਏ ਪਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੜਕੀਂ ਮਾਰਗ ਰਾਹੀ ਜਾ ਰਹੇ ਸਨ ਤਾਂ ਅਚਾਨਕ ਕੁਝ ਲੋਕ ਮੌਕੇ ’ਤੇ ਆ ਗਏ, ਇਸ ਬਾਰੇ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਅਤੇ ਰਸਤੇ ਦੌਰਾਨ ਕੋਈ ਵੀ ਅੱਗੇ ਆ ਸਕਦਾ ਹੈ ਤਾਂ ਇਸ ਨੂੰ ਸੁਰਖਿਆ ਦੀ ਚੂਕ ਨਹੀਂ ਕਿਹਾ ਜਾ ਸਕਦਾ ਹੈ।

ਸ. ਚੰਨੀ ਨੇ ਅੱਗੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੋਕਿਆ ਗਿਆ ਤਾਂ ਉਨਾਂ ਨੂੰ ਕੁਝ ਦੇਰ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫੋਨ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਅਤੇ ਪ੍ਰਧਾਨ ਮੰਤਰੀ ਵੱਲੋਂ ਵਾਪਸੀ ਜਾਣ ਦਾ ਫੈਸਲਾ ਕਰ ਲਿਆ ਗਿਆ ਹੈ, ਇਸ ’ਤੇ ਉਨਾਂ ਵੱਲੋਂ ਮਾਮਲੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਗ੍ਰਹਿ ਮੰਤਰੀ ਵੱਲੋਂ ਕਿਹਾ ਗਿਆ ਕਿ ਹੁਣ ਤਾਂ ਪ੍ਰਧਾਨ ਮੰਤਰੀ ਵਾਪਸ ਜਾ ਰਹੇ ਹਨ। ਇੱਥੇ ਹੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਕਿ ਉਨਾਂ ਨੂੰ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦਾ ਕੋਈ ਫੋਨ ਨਹੀਂ ਆਇਆ ਹੈ।
ਇਥੇ ਹੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਲੀਕਾਪਟਰ ਰਾਹੀਂ ਰੈਲੀ ਵਾਲੀ ਥਾਂ ’ਤੇ ਜਾਣਾ ਸੀ ਪਰ ਅਚਾਨਕ ਰੂਟ ਬਦਲਦੇ ਹੋਏ ਸੜਕੀਂ ਮਾਰਗ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਸ਼ਾਇਦ ਬਰਸਾਤ ਦੇ ਚਲਦੇ ਇਹ ਕੀਤਾ ਗਿਆ ਹੋਵੇ ਪਰ ਅਚਾਨਕ ਰੂਟ ਬਦਲਣ ਦੇ ਚਲਦੇ ਇਹ ਸਾਰਾ ਕੁਝ ਹੋਇਆ ਹੈ, ਜਿਸ ਦਾ ਪੰਜਾਬ ਸਰਕਾਰ ਨੂੰ ਦੁਖ ਵੀ ਹੈ।

ਸੁਨੀਲ ਜਾਖੜ ਬੋਲੇ, ਜੋ ਅੱਜ ਹੋਇਆ ਉਹ ਸਵੀਕਾਰ ਨਹੀਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸੁਨਿਲ ਜਾਖਣ ਨੇ ਕਿਹਾ ਕਿ ਅੱਜ ਜੋ ਹੋਇਆ ਹੈ, ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਇਹ ਪੰਜਾਬੀਅਤ ਦੇ ਖਿਲਾਫ ਹੈ। ਫਿਰੋਜ਼ਪੁਰ ਵਿੱਚ ਭਾਜਪਾ ਦੀ ਸਿਆਸੀ ਰੈਲੀ ਨੂੰ ਸੰਬੋਧਨ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਲਈ ਇੱਕ ਸੁਰੱਖਿਅਤ ਰਸਤਾ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਲੋਕਤੰਤਰ ਕੰਮ ਕਰਦਾ ਹੈ।

ਇਹ ਵੀ ਪੜ੍ਹੋ…

ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਰੱਦ, ਮੋਦੀ ਨੇ ਬਠਿੰਡਾ ਏਅਰਪੋਰਟ ‘ਤੇ ਅਫਸਰਾਂ ਨੂੰ ਕਿਹਾ-ਮੈਂ ਜ਼ਿੰਦਾ ਏਅਰਪੋਰਟ ਪਹੁੰਚ ਸਕਿਆ, ਇਸ ਲਈ ਤੁਹਾਡੇ ਮੁੱਖ ਮੰਤਰੀ ਨੂੰ ਥੈਂਕਿਊ ਕਹਿਣਾ

ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਦੀ ਸੁਰੱਖਿਆ ਵਿੱਚ ਚੂਕ: ਕੇਂਦਰੀ ਗ੍ਰਹਿ ਮੰਤਰਾਲਾ

ਐਸਐਸਪੀ ਫਿਰੋਜਪੁਰ ਤੁਰੰਤ ਪ੍ਰਭਾਵ ਨਾਲ ਸਸਪੈਂਡ

ਫਿਰੋਜ਼ਪੁਰ ਰੈਲੀ ਵੀ ਹੋਈ ਰੱਦ

(ਸੱਚ ਕਹੂੰ ਨਿਊਜ਼) ਫਿਰੋਜ਼ਪੁਰ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਬੁੱਧਵਾਰ ਨੂੰ ਸੁਰੱਖਿਆ ਦੀ ਘਾਟ ਕਾਰਨ ਅੱਧ ਵਿਚਾਲੇ ਰੱਦ ਕਰ ਦਿੱਤੀ ਗਈ ਸੀ ਅਤੇ ਫਿਰੋਜ਼ਪੁਰ ਵਿੱਚ ਉਨ੍ਹਾਂ ਦੀ ਜਨਤਕ ਮੀਟਿੰਗ ਅਤੇ ਹੋਰ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਸਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿੱਚ ਸੂਬਾ ਸਰਕਾਰ ਤੋਂ ਵਿਸਥਾਰ ਰਿਪੋਰਟ ਮੰਗੀ ਹੈ ਅਤੇ ਇਸਦੀ ਜ਼ਿੰਮੇਵਾਰੀ ਤੈਅ ਕਰਕੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰੈਲੀ ਰੱਦ ਹੋਣ ਤੋਂ ਬਾਅਦ ਬਠਿੰਡਾ ਹਵਾਈ ਅੱਡੇ ‘ਤੇ ਵਾਪਸ ਪਰਤੇ ਤਾਂ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਵੀ ਵਿਅੰਗ ਕੱਸਿਆ। ਪੀਐਮ ਨੇ ਬਠਿੰਡਾ ਏਅਰਪੋਰਟ ‘ਤੇ ਅਫਸਰਾਂ ਨੂੰ ਕਿਹਾ-ਮੈਂ ਜ਼ਿੰਦਾ ਏਅਰਪੋਰਟ ਪਹੁੰਚ ਸਕਿਆ, ਇਸ ਲਈ ਤੁਹਾਡੇ ਮੁੱਖ ਮੰਤਰੀ ਨੂੰ ਥੈਂਕਿਊ ਕਹਿਣਾ। ਭਾਜਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਰੱਦ ਕਰਨਾ ਕਾਂਗਰਸ ਦੀ ਸਾਜ਼ਿਸ਼ ਹੈ।

ਕੀ ਹੈ ਮਾਮਲਾ

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਹੋਈ ਇਸ ਕੁਤਾਹੀ ਦਾ ਗੰਭੀਰ ਨੋਟਿਸ ਲੈਂਦਿਆਂ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਤੋਂ ਇਸ ਸਬੰਧੀ ਵਿਸਥਾਰ ਰਿਪੋਰਟ ਮੰਗੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ ‘ਤੇ ਨਤਮਸਤਕ ਹੋਣ ਲਈ ਦਿੱਲੀ ਤੋਂ ਬਠਿੰਡਾ ਪਹੁੰਚ ਰਹੇ ਸਨ, ਜਿੱਥੋਂ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਰਵਾਨਾ ਹੋਣਾ ਸੀ, ਘੱਟ ਮੀਂਹ ਅਤੇ ਘੱਟ ਰੋਸ਼ਨੀ ਕਾਰਨ ਮੋਦੀ ਨੇ 20 ਮਿੰਟ ਦੇ ਇੰਤਜ਼ਾਰ ਤੋਂ ਬਾਅਦ ਸੜਕ ਰਾਹੀਂ ਜਾਣ ਦਾ ਫੈਸਲਾ ਕੀਤਾ। , ਜਿਸ ਵਿੱਚ ਦੋ ਘੰਟੇ ਲੱਗ ਸਕਦੇ ਸਨ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਦੇ ਲਈ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਤੋਂ ਸੁਰੱਖਿਆ ਸਬੰਧੀ ਪ੍ਰਬੰਧਾਂ ਦੀ ਪੁਸ਼ਟੀ ਕੀਤੀ ਗਈ ਸੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਮੋਦੀ ਦੀ ਪੰਜਾਬ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ