ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਪੰਜਾਬੀਆਂ ਨੂੰ ਸੰਬੋਧਨ ਕਰ ਰਹੇ ਹਨ। ਉਹ ਪੰਜਾਬ ਦੇ ਮੌਜ਼ੂਦਾ ਸਥਿਤੀ ’ਤੇ ਲੋਕਾਂ ਨੂੰ ਸੰਦੇਸ਼ ਦੇਣ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਲਾਈਵ ਹੋ ਕੇ ਜਨਤਾ ਨੂੰ ਰੂ-ਬ-ਰੂ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਪੰਜਾਬ ਦੀ ਗੱਲ ਆਈ ਹੈ ਤਾਂ ਇਸ ਵਿੱਚ ਲਹਿਰਾਉਂਦੀਆਂ ਫ਼ਸਲਾਂ ਤੇ ਆਪਸੀ ਭਾਈਚਾਰੇਦੀ ਗੱਲ ਦਿਮਾਗ ਵਿੱਚ ਝੱਟ ਹੀ ਆ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਭਾਈਚਾਰੇ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਗੱਲ ਆਉਂਦੀ ਹੈ ਤਾਂ ਪੰਜਾਬੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀਆਂ ਨੇ ਉਸ ਨੂੰ ਮੂੰਹਤੋੜ ਜਵਾਬ ਦਿੱਤਾ। ਉਨ੍ਹਾਂ ਕਿਹਾ (Bhagwant Mann) ਕਿ ਪਿਛਲੇ ਦਿਨੀਂ ਵਿਦੇਸ਼ੀ ਤਾਕਤਾਂ ਦੇ ਹੱਥੇ ਚੜ੍ਹ ਕੇ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦੀ ਗੱਲ ਜਿਹੜੇ ਲੋਕ ਕਰਦੇ ਸਨ ਉਨ੍ਹਾਂ ’ਤੇ ਕਾਰਵਾਈ ਕੀਤੀ ਗਈ ਹੈ।
ਉਹ ਪੁਲਿਸ ਪ੍ਰਸ਼ਾਸਨ ਨੇ ਕਾਬੂ ਕਰ ਲਏ ਹਨ ਤੇ ਉਨ੍ਹਾਂ ’ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਕੱਟੜ ਦੇਸ਼ ਭਗਤ ਪਾਰਟੀ ਹੈ। ਪੰਜਾਬ ਦਾ ਅਮਨ ਚੈਨ ਤੇ ਦੇਸ਼ ਦੀ ਤਰੱਕੀ ਸਾਡੀ ਪਹਿਲ ਹੈ। ਕੋਈ ਵੀ ਅਜਿਹੀ ਤਾਕਤ ਦੇਸ਼ ਦੇ ਖਿਲਾਫ਼ ਪੰਜਾਬ ’ਚ ਵਧ-ਫੁੱਲ ਰਹੀ ਹੋਵੇ ਉਸ ਨੂੰ ਅਸੀਂ ਬਖਸ਼ਾਂਗੇ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਦੇ ਕੇ ਸਾਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਦੂਜਿਆਂ ਦੇ ਪੁੱਤਰਾਂ ਨੂੰ ਇਹ ਕਹਿਣਾ ਕਿ ਸਾਡੇ ਨਾਲ ਆਓ ਅਸੀਂ ਇਹ ਗੈਰ ਕਾਨੂੰਨੀ ਕੰਮ ਕਰਾਂਗੇ ਇਹ ਕਹਿਣਾ ਬਹੁਤ ਸੌਖਾ ਹੈ ਪਰ ਜਦੋਂ ਗੱਲ ਆਪਣੇ ’ਤੇ ਆਉਂਦੀ ਹੈ ਤਾਂ ਬਹੁਤ ਔਖਾ ਹੋ ਜਾਂਦੈ।
ਕਾਰਵਾਈ ‘ਤੇ ਆ ਰਹੇ ਨੇ ਫੋਨ | Bhagwant Mann
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੇ ਮਾਪਿਆਂ ਦੇ ਫੋਨ ਆਏ ਕਿ ਤੁਸੀਂ ਜੋ ਪੰਜਾਬ ਵਿੱਚ ਕਾਰਵਾਈ ਕੀਤੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਸਾਨੂੰ ਬਹੁਤ ਡਰ ਸੀ ਕਿ ਸਾਡੇ ਬੱਚੇ ਕਿਸੇ ਗਲਤ ਰਾਹ ਨਾ ਪੈ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੀ ਸਰਕਾਰ ਆਈ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਸਾਡੇ ਲਈ ਕਿਤਾਬਾਂ ਨੂੰ ਪਹਿਲ ਹੈ, ਲੈਪਟਾਪ ਨੂੰ ਪਹਿਲ ਹੈ ਗੈਰ ਕਾਨੂੰਨੀ ਹਥਿਆਰਾਂ ਨੂੰ ਨਹੀਂ।
पंजाब की मौजूदा स्थिति पर लोगों को संदेश… https://t.co/sOK2cPHxcb
— Bhagwant Mann (@BhagwantMann) March 21, 2023
ਮੈਨੂੰ ਬਹੁਤ ਹੌਸਲਾ ਹੋਇਆ ਹੈ ਇਹ ਜਾਣ ਕੇ ਕਿ ਸਾਡੇ ਲੋਕ ਨਫ਼ਰਤ ਨਹੀਂ ਚਾਹੁੰਦੇ ਸ਼ਾਂਤੀ ਚਾਹੁੰਦੇ ਹਨ। ਨਫ਼ਰਤ ਦੀ ਰਾਜਨੀਤੀ ਤੋਂ ਦੂਰ ਰਹਿ ਕੇ ਜਿਉਣਾ ਪੰਜਾਬ ਦੇ ਲੋਕਾਂ ਦਾ ਮੁੱਢਲਾ ਫਰਜ਼ ਹੈ। ਅਸੀਂ ਤਰੱਕੀ ਦੀ ਗੱਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ ਸਾਡੀ ਪਾਰਟੀ ਸੌ ਫ਼ੀਸਦੀ ਧਰਮ ਦੀ ਰਾਜਨੀਤੀ ਤੋਂ ਦੂਰ ਹਾਂ। ਪੰਜਾਬ ਦੀ ਸ਼ਾਂਤੀ ਲਈ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਜੋ ਲੋਕ ਬੁਰੀ ਸੰਗਤ ’ਚ ਪੈ ਕੇ ਪੰਜਾਬ ਨੂੰ ਤੋੜਨ ਦਾ ਸੁਪਨਾ ਵੀ ਲੈ ਰਹੇ ਹਨ ਅਸੀਂ ਉਨ੍ਹਾਂ ਨੂੰ ਵੀ ਨਹੀਂ ਬਖਸ਼ਾਂਗੇ। ਉਨ੍ਹਾਂ ਕਿਹਾ ਕਿ ਸਾਡੇ ਖੂਨ ਦਾ ਕਤਰਾ-ਕਤਰਾ ਪੰਜਾਬ ਦੇ ਲੋਕਾਂ ਲਈ ਹੈ। ਸਾਡਾ ਪੰਜਾਬ ਪਹਿਲੇ ਨੰਬਰ ’ਤੇ ਸੀ ਹੈ ਅਤੇ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਕੋਈ ਛੂਹਣ ਦੀ ਵੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਬਿਲਕੁਲ ਸੁਰੱਖਿਅਤ ਹੈ ਪੰਜਾਬ ਦੇ ਲੋਕਾਂ ਨੂੰ ਰਜ਼ਗਾਰ ਦੇ ਮੌਕੇ ਮਿਲਣਗੇ।