ਚੰਡੀਗ੍ਹੜ ਦੀ ਹਰਨਾਜ਼ ਬਣੀ ਮਿਸ ਯੂਨੀਵਰਸ, ਸ਼ੁਸਮਿਤਾ ਅਤੇ ਲਾਰਾ ਦੱਤਾ ਤੋਂ ਬਾਅਦ ਜਿੱਤਣ ਵਾਲੀ ਤੀਜੀ ਭਾਰਤੀ
ਨਵੀਂ ਦਿੱਲੀ (ਸੱਚ ਕੰਹੂ ਨਿਊਜ) ਚੰਡੀਗੜ੍ਹ ਦੀ ਹਰਨਾਜ਼ ਸੰਧੂ (21) ਨੇ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਭਾਰਤ 21 ਸਾਲ ਬਾਅਦ ਇੱਕ ਵਾਰ ਫਿਰ ਇਹ ਖਿਤਾਬ ਜਿੱਤਣ ਵਿੱਚ ਕਾਮਯਾਬ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2000 ਵਿੱਚ ਭਾਰਤੀ ਸੁੰਦਰੀ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ। ਉਹਨਾਂ ਤੋਂ ਪਹਿਲਾਂ ਸੁਸ਼ਮਿਤਾ ਸੇਨ 1994 ਵਿੱਚ ਮਿਸ ਯੂਨੀਵਰਸ ਬਣੀ ਸੀ। 21 ਸਾਲਾ ਸੰਧੂ ਨੇ ਇਜ਼ਰਾਈਲ ਦੇ ਇਲਾਟ ਵਿੱਚ ਆਯੋਜਿਤ 70ਵੇਂ ਮਿਸ ਯੂਨੀਵਰਸ ਮੁਕਾਬਲੇ ਦਾ ਖਿਤਾਬ ਆਪਣੇ ਨਾਮ ਕੀਤਾ। ਸੰਧੂ ਨੂੰ ਸਾਲ 2020 ਦੀ ਮਿਸ ਯੂਨੀਵਰਸ ਮੈਕਸੀਕੋ ਦੀ ਐਂਡਰੀਆ ਮੇਜ਼ ਨੇ ਮਿਸ ਯੂਨੀਵਰਸ ਦਾ ਤਾਜ਼ ਪਹਿਨਾਇਆ। ਸੀਐਨਐਨ ਨਿਊਜ਼ ਚੈਨਲ ਦੇ ਫਿਲੀਪੀਨਜ਼ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਸੰਧੂ ਨੇ 79 ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ।
ਪੈਰਾਗੁਏ ਦੀ ਨਾਦੀਆ ਫਰੇਰਾ ਪਹਿਲੀ ਰਨਰ ਅੱਪ ਰਹੀ
ਮਿਸ ਯੂਨੀਰਵਸ ਮੁਕਾਬਲੇ ਵਿੱਚ ਪੈਰਾਗੁਏ ਦੀ ਨਾਦੀਆ ਫਰੇਰਾ ਮਿਸ ਯੂਨੀਵਰਸ ਮੁਕਾਬਲੇ ਦੀ ਪਹਿਲੀ ਰਨਰ ਅੱਪ ਰਹੀ, ਜਦਕਿ ਦੱਖਣੀ ਅਫਰੀਕਾ ਦੀ ਲਾਲੇਲਾ ਮਸਵਾਨੇ ਨੂੰ ਸੈਕਿੰਡ ਰਨਰ ਅੱਪ ਐਲਾਨਿਆ ਗਿਆ। ਇਸ ਮੁਕਾਬਲੇ ਦੇ ਅੰਤਿਮ ਪੜਾਅ ਵਿੱਚ ਭਾਗ ਲੈਣ ਵਾਲਿਆਂ ਨੂੰ ਪੁੱਛਿਆ ਗਿਆ ਕਿ ਤੁਸੀ ਅਜੋਕੇ ਸਮੇਂ ਦੇ ਦਬਾਅ ਨਾਲ ਨਜਿੱਠਣ ਲਈ ਮੁਟਿਆਰਾਂ ਨੂੰ ਕੀ ਸਲਾਹ ਦਿਓਗੇ। ਇਸ ਦੇ ਜਵਾਬ ਵਿੱਚ ਸੰਧੂ ਨੇ ਕਿਹਾ, ‘ਅੱਜ ਦੇ ਨੌਜਵਾਨ ਜਿਸ ਸਭ ਤੋਂ ਵੱਡੇ ਦਬਾਅ ਦਾ ਸਾਹਮਣਾ ਕਰ ਰਹੇ ਹਨ, ਉਹ ਹੈ ਆਪਣੇ ਆਪ ’ਤੇ ਵਿਸ਼ਵਾਸ ਕਰਨਾ। ਇਹ ਜਾਣਨਾ ਕਿ ਤੁਸੀਂ ਵਿਲੱਖਣ ਹੋ ਇਹੀ ਹੈ ਜੋ ਤੁਹਾਨੂੰ ਸੁੰਦਰ ਬਣਾਉਂਦਾ ਹੈ। ਦੂਜਿਆਂ ਨਾਲ ਆਪਣੀ ਤੁਲਨਾ ਕਰਨਾ ਬੰਦ ਕਰੋ ਅਤੇ ਦੁਨੀਆਂ ਭਰ ਵਿੱਚ ਵਾਪਰ ਰਹੀਆਂ ਹੋਰ ਮਹੱਤਵਪੂਰਨ ਚੀਜ਼ਾਂ ਬਾਰੇ ਗੱਲ ਕਰੋ। ਉਹਨਾਂ ਕਿਹਾ ਕਿ, ਇਹੀ ਤੁਹਾਨੂੰ ਸਮਝਣ ਦੀ ਲੋੜ ਹੈ, ਬਾਹਰ ਨਿਕਲੋ, ਆਪਣੇ ਲਈ ਬੋਲੋ ਕਿਉਂਕਿ ਤੁਸੀਂ ਆਪਣੇ ਜੀਵਨ ਦੇ ਆਗੂ ਹੋ, ਤੁਸੀਂ ਆਪਣੀ ਆਵਾਜ਼ ਹੋ। ਮੈਨੂੰ ਆਪਣੇ ਆਪ ਵਿੱਚ ਵਿਸ਼ਵਾਸ ਹੈ ਅਤੇ ਇਸੇ ਲਈ ਮੈਂ ਇੱਥੇ ਖੜ੍ਹੀ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ