Weather Update Punjab : ਪੰਜਾਬ ’ਚ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

Weather Update Punjab

ਮੋਹਾਲੀ (ਐੱਮਕੇ ਸ਼ਾਇਨਾ)। ਪੰਜਾਬ ’ਚ ਅਗਲੇ ਦਿਨਾਂ ਦੌਰਾਨ ਗਰਮੀ ਤੇ ਹੁੰਮਸ ਤੋਂ ਰਾਹਤ ਮਿਲ ਸਕਦੀ ਹੈ। ਮੌਸਮ (Weather Update Punjab) ਵਿਭਾਗ ਮੁਤਾਬਕ 24 ਤੋਂ 29 ਜੂਨ ਤੱਕ ਪੰਜਾਬ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 25-26 ਜੂਨ ਨੂੰ ਪੂਰੇ ਪੰਜਾਬ ’ਚ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਕੱਲ੍ਹ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਤੇ ਮੋਹਾਲੀ ’ਚ ਮੀਂਹ ਪੈਣ ਦੀ ਸੰਭਾਵਨਾ ਹੈ।

ਦੂਜੇ ਪਾਸੇ 25 ਨੂੰ ਪੂਰੇ ਮਾਝਾ, ਦੁਆਬਾ ਤੇ ਮਾਲਵੇ ਦੇ ਮੋਹਾਲੀ, ਲੁਧਿਆਣਾ, ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ, ਤੇ ਰੂਪਨਗਰ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਹੀ ਝੋਨੇ ਦੀ ਬਿਜਾਈ ’ਚ ਵੀ ਤੇਜੀ ਆਏਗੀ। ਦੱਸ ਦਈਏ ਕਿ ਪੰਜਾਬ ’ਚ ਮੀਂਹ ਪੈਣ ਕਾਰਨ ਜੂਨ ਦੇ ਮਹੀਨੇ ਦੀ ਸ਼ੁਰੂਆਤ ਵਧੀਆ ਹੋਈ ਸੀ ਪਰ ਪਿਛਲੇ ਇੱਕ ਹਫਤੇ ਤੋਂ ਤਾਪਮਾਨ ’ਚ ਕਾਫੀ ਵਾਧਾ ਹੋ ਗਿਆ ਹੈ। ਇਸ ਸਮੇਂ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਇਸ ਵਧਦੇ ਤਾਪਮਾਨ ਤੋਂ ਇੱਕ ਵਾਰ ਫਿਰ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 24 ਤੋਂ 29 ਜੂਨ ਤੱਕ ਪੰਜਾਬ ’ਚ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਖੰਨਾਂ ’ਚ ਤੇਜ਼ ਰਫ਼ਤਾਰ ਅਲਟੋ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, 4 ਸਾਲਾਂ ਮਾਸੂਮ ਦੀ ਮੌਤ

ਇਸ ਕਾਰਨ ਤਾਪਮਾਨ ਇੱਕ ਵਾਰ ਫਿਰ 33 ਡਿਗਰੀ ਦੇ ਨੇੜੇ ਪੁੱਜ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਪੰਜਾਬ ਨੂੰ ਮੁੜ ਗਰਮੀ ਤੋਂ ਰਾਹਤ ਦੇਣ ਜਾ ਰਿਹਾ ਹੈ। ਆਗਾਮੀ ਇੱਕ ਹਫਤੇ ’ਚ ਭਾਵ 29 ਜੂਨ ਤੱਕ ਪੰਜਾਬ ’ਚ ਔਸਤਨ 10 ਐਮਐਮ ਮੀਂਹ ਪੈ ਸਕਦਾ ਹੈ ਪਰ 30 ਜੂਨ ਤੋਂ 6 ਜੁਲਾਈ ਦਰਮਿਆਨ ਘੱਟ ਮੀਂਹ ਪਵੇਗਾ ਤੇ ਤਾਪਮਾਨ ’ਚ ਵਾਧਾ ਦੇਖਿਆ ਜਾਵੇਗਾ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਜੂਨ ਮਹੀਨੇ ’ਚ ਮੀਂਹ ਦੇ ਰਿਕਾਰਡ ਟੁੱਟ ਗਏ ਹਨ। ਹਾਸਲ ਹੋਏ ਵੇਰਵਿਆਂ ਮੁਤਾਬਕ ਅੰਮ੍ਰਿਤਸਰ ’ਚ 109.7 ਐਮਐਮ ਮੀਂਹ ਦਰਜ ਕੀਤਾ ਗਿਆ, ਜੋ ਆਮ ਨਾਲੋਂ 295% ਵੱਧ ਹੈ।

ਅੰਮ੍ਰਿਤਸਰ ’ਚ ਇਸ ਸਾਲ ਜੂਨ ਮਹੀਨੇ ਦੇ ਸਾਰੇ ਪੁਰਾਣੇ ਰਿਕਾਰਡ ਟੁੱਟ ਗਏ। ਜਦੋਂਕਿ ਗੁਰਦਾਸਪੁਰ ’ਚ 75.2 ਐਮਐਮ, ਲੁਧਿਆਣਾ ’ਚ 36.1 ਐਮਐਮ, ਕਪੂਰਥਲਾ ’ਚ 62.7 ਐਮਐਮ, ਤਰਨ ਤਾਰਨ ’ਚ 36 ਐੱਮਐੱਮ ਤੇ ਜਲੰਧਰ ’ਚ 44.4 ਐਮਐਮ ਮੀਂਹ ਦਰਜ ਕੀਤਾ ਗਿਆ। ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਹੁਣ ਤੱਕ 43.6 ਐਮਐਮ ਮੀਂਹ ਦਰਜ ਕੀਤਾ ਜਾ ਚੁੱਕਿਆ ਹੈ, ਜਦਕਿ ਆਮ ਤੌਰ ’ਤੇ 31.9 ਐਮਐਮ ਮੀਂਹ ਪੈਂਦਾ ਹੈ। ਪੰਜਾਬ ’ਚ ਇਸ ਸਾਲ 37 ਫੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ।