ਧਾਗਾ ਮਿੱਲ ‘ਚ ਚਲਦੇ ਆਰਜ਼ੀ ਕੈਂਪਸ ‘ਚੋਂ ‘ਆਪਣੀ ਥਾਂ’ ‘ਚ ਤਬਦੀਲ ਹੋਈ ਕੇਂਦਰੀ ਯੂਨੀਵਰਸਿਟੀ

ਕੇਂਦਰੀ ਸਿੱਖਿਆ ਮੰਤਰੀ ਨੇ ਕੀਤਾ ਨਵੇਂ ਕੈਂਪਸ ਦਾ ਉਦਘਾਟਨ

ਬਠਿੰਡਾ, (ਸੁਖਜੀਤ ਮਾਨ) ਬਠਿੰਡਾ-ਮਾਨਸਾ ਰੋਡ ‘ਤੇ ਇੰਡਸਟਰੀਅਲ ਏਰੀਏ ‘ਚ ਇੱਕ ਧਾਗਾ ਮਿੱਲ ‘ਚ ਬਣਾਏ ਆਰਜ਼ੀ ਕੈਂਪਸ ‘ਚੋਂ ਹੁਣ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਆਪਣੀ ਥਾਂ ਮਿਲ ਗਈ ਅੱਜ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ ਪੋਖਰਿਆਲ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀਯੂਪੀਬੀ) ਦੇ ਪਿੰਡ ਘੁੱਦਾ ਵਿੱਚ ਸਥਿਤ ਨਵੇਂ ਕੈਂਪਸ ਅਤੇ ਨਵੀਆਂ ਬਣੀਆਂ ਇਮਾਰਤਾਂ ਦਾ ਉਦਘਾਟਨ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਹਾਜਰੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ। ਪਿੰਡ ਘੁੱਦਾ ਦੇ ਇਨ੍ਹਾਂ ਟਿੱਬਿਆਂ ਦੇ ਭਾਗ ਅਕਾਲੀ ਵਜ਼ਾਰਤ ਦੌਰਾਨ ਬਦਲੇ ਸੀ ਜਿੱਥੇ ਇਸ ਤੋਂ ਪਹਿਲਾਂ ਸਪੋਰਟਸ ਸਕੂਲ ਚੱਲ ਰਿਹਾ ਹੈ ਤੇ ਹੁਣ ਕੇਂਦਰੀ ਯੂਨੀਵਰਸਿਟੀ ਦਾ ਉਦਘਾਟਨ ਵੀ ਹੋ ਗਿਆ

ਇਨ੍ਹਾਂ ਇਮਾਰਤਾਂ ਦਾ ਨੀਂਹ ਪੱਥਰ 7 ਸਤੰਬਰ 2015 ਨੂੰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਅਤੇ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਰੱਖਿਆ ਸੀ। ਉਦਘਾਟਨ ਸਮਾਰੋਹ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ ਪੋਖਰਿਆਲ ਵੱਲੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਨਵੇਂ ਕੈਂਪਸ ਵਿੱਚ 203.78 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਕੁੱਲ 10 ਇਮਾਰਤਾਂ ਅਤੇ ਯੂਨੀਵਰਸਿਟੀ ਸਮਾਰਕ ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨਨੂੰ ਸਮਰਪਿਤ ਹੈ) ਦਾ ਉਦਘਾਟਨ ਕੀਤਾ ਗਿਆ। ਇਹ ਨਿਰਮਾਣ ਕਾਰਜ ਸੀਯੂਪੀਬੀ ਨਵੇਂ ਕੈਂਪਸ ਦੀ ਵਿਕਾਸ ਯੋਜਨਾ ਦੇ ‘ਫੇਜ -1 ਏ’ ਅਧੀਨ ਆਉਂਦੇ ਹਨ

ਇਸ ਮੌਕੇ ਬੋਲਦਿਆਂ ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਅੱਜ ਦੁਨੀਆਂ ਦੀ ਮੌਜੂਦਾ ਸਥਿਤੀ ਸਾਨੂੰ ਇਹ ਸਿਖਾਉਂਦੀ ਹੈ ਕਿ”ਆਤਮ-ਨਿਰਭਰ ਭਾਰਤ’ ਹੀ ਅੱਗੇ ਵਧਣ ਦਾ ਇਕੋ ਇਕ ਰਸਤਾ ਹੈ ਅਤੇ ‘ਰਾਸਟਰੀ ਸਿੱਖਿਆ ਨੀਤੀ-2020’ ਭਾਰਤ ਨੂੰ ਵਿਸਵ ਦਾ ‘ਗਲੋਬਲ ਗਿਆਨ ਅਤੇ ਨਵੀਨਤਾ ਕੇਂਦਰ’ ਬਣਾਉਣ ਦੇ ਆਪਣੇ ਮਿਸਨ ਨੂੰ ਪ੍ਰਾਪਤ ਕਰਨ ਲਈ ਸਾਡੀ ਮਦਦ ਕਰੇਗੀ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸਚਾਂਸਲਰ ਪ੍ਰੋ. (ਡਾ.) ਰਾਘਵੇਂਦਰ ਪੀ. ਤਿਵਾੜੀ ਨੇ ਮੁੱਖ ਮਹਿਮਾਨ ਰਮੇਸ ਪੋਖਰਿਆਲ ਅਤੇ ਵਿਸੇਸ ਮਹਿਮਾਨ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਨਿੱਘਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀਆਂ ਖਾਸ ਵਿਸੇਸਤਾਵਾਂ ਪੇਸ ਕੀਤੀਆਂ।

ਵਾਈਸ ਚਾਂਸਲਰ ਨੇ ਦੱਸਿਆ ਕਿ 500 ਏਕੜ ਵਿੱਚ ਫੈਲਿਆ ਸੀਯੂਪੀਬੀ ਦਾ ਹਰਿਆ ਭਰਿਆ ਨਵਾਂ ਕੈਂਪਸ, ਦੇਸ ਵਿੱਚ ਆਪਣੀ ਕਿਸਮ ਦਾ ਸਭ ਤੋਂ ਪਹਿਲਾਂ ਕੈਂਪਸ ਹੈ  ਉਨ੍ਹਾਂ ਦੱਸਿਆ ਕਿ ਸੀਯੂਪੀਬੀ ਮੇਨ ਕੈਂਪਸ ਦਾ ਮਾਸਟਰ ਪਲਾਨ ਵੱਡੇ ਵਿਕਾਸ ਲਈ ‘ਪੰਜ ਸਿਤਾਰਾ ਰੇਟਿੰਗ’ ਨਾਲ ਪ੍ਰਮਾਣਿਤ ਹੈ, ਜੋ ਕਿ ਸਹਿਰੀ ਵਿਕਾਸ ਮੰਤਰਾਲੇ, ਭਾਰਤ ਸਰਕਾਰ ਦਾ ਸਭ ਤੋਂ ਵੱਡਾ ਪੁਰਸਕਾਰ ਹੈ

28 ਸੂਬਿਆਂ ਤੋਂ ਵਿਦਿਆਰਥੀ ਨੇ ਯੂਨੀਵਰਸਿਟੀ ‘ਚ : ਕੇਂਦਰੀ ਸਿੱਖਿਆ ਮੰਤਰੀ

ਕੇਂਦਰੀ ਸਿੱਖਿਆ ਮੰਤਰੀ ਨੇ ਇਸ ਗੱਲ ਦੀ ਸਲਾਘਾ ਕੀਤੀ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਕਮਾਲ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸੀਯੂਪੀਬੀ ਦੇ ਅਧਿਆਪਕਾਂ ਨੇ ਅਮਰੀਕਾ, ਕਨੇਡਾ, ਜਰਮਨੀ, ਇੰਗਲੈਂਡ, ਇਜਰਾਈਲ, ਜਾਪਾਨ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਦੀਆਂ ਸਰਵੋਤਮ ਯੂਨੀਵਰਸਿਟੀਆਂ ਤੋਂ ਸਿਖਲਾਈ ਪ੍ਰਾਪਤ ਕੀਤੀ ਹੋਈ ਹੈ। ਸਿਰਫ ਇਹ ਹੀ ਨਹੀਂ, ਯੂਨੀਵਰਸਿਟੀ ਵਿੱਚ ਦੇਸ ਦੇ 28 ਸੂਬਿਆਂ ਦੇ ਵਿਦਿਆਰਥੀ, 19 ਸੂਬਿਆਂ ਦੇ ਫੈਕਲਟੀ ਅਤੇ 12 ਸੂਬਿਆਂ ਦੇ ਸਟਾਫ ਮੈਂਬਰ ਵੀ ਹਨ। ਉਨ੍ਹਾਂ ਨੇ ਸੀਯੂਪੀਬੀ ਕੈਂਪਸ ਦੇ ਉਦਘਾਟਨ ਤੇ ਭਾਰਤ ਦੇ ਨਾਗਰਿਕਾਂ ਨੂੰ ਵਧਾਈ ਦਿੱਤੀ

ਹੁਣ ਸਿੱਖਿਆ ਕੇਂਦਰ ਵਜੋਂ ਜਾਣਿਆ ਜਾਵੇਗਾ ਬਠਿੰਡਾ : ਹਰਸਿਮਰਤ ਕੌਰ

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਉਦਘਾਟਨ ਦੇ ਮੌਕੇ ਸੀਯੂਪੀਬੀ ਕਰਮਚਾਰੀਆਂ, ਵਿਦਿਆਰਥੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਹੁਣ ਪੰਜਾਬ ਦੇ ਸਿੱਖਿਆ ਕੇਂਦਰ ਵਜੋਂ ਜਾਣਿਆ ਜਾਵੇਗਾ ਅਤੇ ਦੇਸ ਭਰ ਤੋਂ ਵਿਦਿਆਰਥੀ ਇੱਥੇ ਮਿਆਰੀ ਸਿੱਖਿਆ ਲਈ ਆਉਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.