ਕੇਂਦਰੀ ਜੇਲ੍ਹ ਪਟਿਆਲਾ ਫਿਰ ਆਈ ਵਿਵਾਦਾਂ ‘ਚ

Central, Jail, Patiala, Contention

ਜੇਲ੍ਹ ਦੇ ਮੁਲਾਜ਼ਮਾਂ ‘ਤੇ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਨ ਦੇ ਦੋਸ਼, ਦੋਵੇਂ ਮੁਲਾਜ਼ਮ ਕੀਤੇ ਗ੍ਰਿਫ਼ਤਾਰ

ਜ਼ਮਾਨਤ ‘ਤੇ ਬਾਹਰ ਆਏ ਕੈਦੀ ਨੇ ਜੇਲ੍ਹ ‘ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਕੀਤਾ ਖੁਲਾਸਾ

ਜ਼ਮਾਨਤ ‘ਤੇ ਆਇਆ ਕੈਦੀ ਹੀ ਦਿੰਦਾ ਸੀ ਇਨ੍ਹਾਂ ਮੁਲਾਜ਼ਮਾਂ ਨੂੰ ਹੈਰੋਇਨ

ਪਟਿਆਲਾ/ਸਮਾਣਾ, ਖੁਸ਼ਵੀਰ ਸਿੰਘ ਤੂਰ/ਸੁਨੀਲ ਚਾਵਲਾ

ਕੇਂਦਰੀ ਜ਼ੇਲ੍ਹ ਪਟਿਆਲਾ ਮੁੜ ਵਿਵਾਦਾਂ ਵਿੱਚ ਘਿਰ ਗਈ ਹੈ। ਜ਼ੇਲ੍ਹ ਦੇ ਹੀ ਦੋ ਮੁਲਾਜ਼ਮਾਂ ‘ਤੇ ਜੇਲ੍ਹ ‘ਚ ਬੰਦ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਨ ਦੇ ਦੋਸ਼ ਲੱਗੇ ਹਨ, ਜਿਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਜਿਹੜੇ ਕੈਦੀਆਂ ਨੂੰ ਇਹ ਹੈਰੋਇਨ ਸਪਲਾਈ ਕੀਤੀ ਜਾਂਦੀ ਸੀ, ਉਨ੍ਹਾਂ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਪਿੰਡ ਧਰਮਹੇੜੀ ਦਾ ਵਿਸ਼ਵ ਅਮਨ ਜੇਲ੍ਹ ‘ਚ ਬੰਦ ਸੀ ਜੋ ਕਿ ਰਿਟਾਇਰਡ ਪੁਲਿਸ ਇੰਸਪੈਕਟਰ ਹਜੂਰਾ ਸਿੰਘ ਦੇ ਕਤਲ ਮਾਮਲੇ ‘ਚ ਸਜ਼ਾ ਕੱਟ ਰਿਹਾ ਸੀ ਤੇ ਜ਼ਮਾਨਤ ‘ਤੇ ਬਾਹਰ ਆਇਆ ਸੀ। ਸੀਆਈਏ ਸਮਾਣਾ ਪੁਲਿਸ ਵੱਲੋਂ 9 ਅਪਰੈਲ ਨੂੰ ਉਸ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਜੇਲ੍ਹ ਅੰਦਰ ਚੱਲ ਨਸ਼ੇ ਦੇ ਕਾਰੋਬਾਰ ਦਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਉਹ ਜੇਲ੍ਹ ਅੰਦਰ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਦਾ ਹੈ। ਉਹ ਜੇਲ੍ਹ ਦੇ ਹੈੱਡ ਵਾਰਡਨ ਸੁਰਜੀਤ ਸਿੰਘ ਤੇ ਡਰਾਈਵਰ ਹਰਜਿੰਦਰ ਸਿੰਘ ਨੂੰ ਇਹ ਹੈਰੋਇਨ ਦਿੰਦਾ ਸੀ ਜੋ ਕਿ ਅੱਗੇ ਕੈਦੀਆਂ ਨੂੰ ਸਪਲਾਈ ਕਰਦੇ ਸਨ। ਪਤਾ ਲੱਗਾ ਹੈ ਜੇਲ੍ਹ ‘ਚ ਸਜ਼ਾ ਦੌਰਾਨ ਉਸ ਦੇ ਸਬੰਧੀ ਕੁਝ ਹੋਰ ਕੈਦੀਆਂ ਤੇ ਪੁਲਿਸ ਮੁਲਾਜ਼ਮਾਂ ਨਾਲ ਬਣ ਗਏ ਕਰੀਬ 2 ਮਹੀਨੇ ਪਹਿਲਾਂ ਜ਼ਮਾਨਤ ‘ਤੇ ਜੇਲ੍ਹ ‘ਚੋਂ ਆਇਆ ਸੀ। ਉਸ ਵੱਲੋਂ ਪੁਲਿਸ ਮੁਲਾਜ਼ਮਾਂ ਰਾਹੀਂ ਕੇਂਦਰੀ ਜੇਲ੍ਹ ‘ਚ ਨਸ਼ੇ ਸਪਲਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਆਈਏ ਸਮਾਣਾ ਦੇ ਇੰਚਾਰਜ਼ ਵਿਜੈ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਜਾਂਚ ਪੜਤਾਲ ਦੌਰਾਨ ਮੰਨਿਆ ਕਿ ਉਸ ਨੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਰਾਹੀਂ ਕੇਂਦਰੀ ਜ਼ੇਲ੍ਹ ‘ਚ ਬੰਦ ਬਿਮਲ ਕੁਮਾਰ ਚੁਨਾਗਰਾ, ਸਤਨਾਮ ਸਿੰਘ ਸੈਂਡੀ ਪਾਤੜਾਂ ਤੇ ਧਰਮਿੰਦਰ ਸਿੰਘ ਵਾਸੀ ਅਮਲੋਹ ਨੂੰ ਤਿੰਨ ਵਾਰ ਹੈਰੋਇਨ ਸਪਲਾਈ ਕੀਤੀ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੰਮ ਲਈ ਕੇਂਦਰੀ ਜੇਲ੍ਹ ਦੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਉਹ ਪ੍ਰਤੀ ਚੱਕਰ 10000 ਰੁਪਏ ਦਿੰਦਾ ਸੀ ਉਨ੍ਹਾਂ ਦੱਸਿਆ ਕਿ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਨ ਵਾਲੇ ਇਨ੍ਹਾਂ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਜੇਲ੍ਹ ‘ਚ ਬੰਦ ਇਨ੍ਹਾਂ ਕੈਦੀਆਂ ਨੂੰ ਵੀ ਗ੍ਰਿਫਤਾਰ ਕਰਨ ਦੀ ਸੂਚਨਾ ਹੈ। ਪੁਲਿਸ ਵੱਲੋਂ ਜੇਲ੍ਹ ਦੇ ਮੁਲਾਜ਼ਮਾਂ ਤੋਂ ਹੋਰ ਪੁੱਛਗਿਛ ਕੀਤੀ ਜਾਵੇਗੀ ਕਿ ਇਨ੍ਹਾਂ ਵੱਲੋਂ ਕਿੰਨੇ ਸਮੇਂ ਤੋਂ ਇਹ ਧੰਦਾ ਕੀਤਾ ਜਾ ਰਿਹਾ ਸੀ।

ਦੱਸਣਯੋਗ ਹੈ ਕਿ ਪਟਿਆਲਾ ਜੇਲ੍ਹ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ‘ਚ ਰਹੀ ਹੈ। ਜੇਲ੍ਹ ਦੇ ਸੁਪਰਡੈਂਟ ਰਾਜਨ ਕਪੂਰ ‘ਤੇ ਜੇਲ੍ਹ ‘ਚ ਬੰਦ ਗੈਂਗਸਟਰਾਂ ਦੇ ਸਹਾਰੇ ਤਕੜੇ ਪਰਿਵਾਰਾਂ ਦੇ ਕੈਦੀਆਂ ਤੋਂ ਲੱਖਾਂ ਰੁਪਏ ਦੀ ਉਗਰਾਹੀ ਕੀਤੀ ਜਾਂਦੀ ਸੀ। ਜਿਸ ਦਾ ਖੁਲਾਸਾ ਹੋਣ ਤੋਂ ਬਾਅਦ ਉਸ ਦੀ ਸਿਰਫ਼ ਬਦਲੀ ਕਰਕੇ ਹੀ ਸਾਰ ਦਿੱਤਾ ਗਿਆ। ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ‘ਚ ਹੀ ਬੰਦ ਆਈਜੀ ਪਰਮਰਾਜ ਉਮਰਾਨੰਗਲ ਨਾਲ ਅਣਅਧਿਕਾਰਤ ਤੌਰ ‘ਤੇ ਮੁਲਾਕਾਤਾਂ ਕਰਵਾਉਣ ਦੇ ਮਾਮਲੇ ‘ਚ ਰਾਜਨ ਕਪੂਰ ਦੀ ਜਗ੍ਹਾ ਲਾਏ ਸੁਪਰਡੈਂਟ ਜਸਪਾਲ ਸਿੰਘ ਹਾਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ ਜੇਲ੍ਹ ਦੇ ਮੁਲਾਜ਼ਮਾਂ ‘ਤੇ ਜੇਲ੍ਹ ‘ਚ ਹੀ ਨਸ਼ੇ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।