ਅਫ਼ਗਾਨ ਦੀ ਸਥਿਰਤਾ ’ਤੇ ਨਿਰਭਰ ਮੱਧ ਏਸ਼ੀਆ ਦੀ ਸੁਰੱਖਿਆ

ਅਫ਼ਗਾਨ ਦੀ ਸਥਿਰਤਾ ’ਤੇ ਨਿਰਭਰ ਮੱਧ ਏਸ਼ੀਆ ਦੀ ਸੁਰੱਖਿਆ

ਕਾਬੁਲ ’ਤੇ ਤਾਲਿਬਾਨ ਦੇ ਕੰਟਰੋਲ ਤੋਂ ਬਾਅਦ ਮੱਧ ਏਸ਼ੀਆਈ ਦੇਸ਼ਾਂ ਦੀ ਸੁਰੱਖਿਆ ਚਿੰਤਾ ਵਧ ਗਈ ਹੈ ਤਾਲਿਬਾਨੀ ਹਮਲਿਆਂ ਤੋਂ ਬਚਣ ਲਈ ਅਫ਼ਗਾਨ ਫੌਜੀ ਅਤੇ ਨਾਗਰਿਕ ਤਾਜਿਕਿਸਤਾਨ, ਕਜਾਕਿਸਤਾਨ, ਕਿਗਰਿਸਤਾਨ, ਤੁਰਕਮੇਨਿਸਤਾਨ ਅਤੇ ਓਜ਼ਬੇਕਿਸਤਾਨ ਦਾ ਰੁਖ਼ ਕਰ ਰਹੇ ਹਨ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਮੱਧ ਏਸ਼ੀਆ ’ਚ ਕੱਟੜਪੰਥੀ ਗੁੱਟਾਂ ਦੇ ਨਵੇਂ ਟਿਕਾਣਿਆਂ ਦੀਆਂ ਸੰਭਾਵਨਾਵਾਂ ਨੇ ਇਨ੍ਹਾਂ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ

ਹਾਲਾਂਕਿ ਤਾਲਿਬਾਨ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਅੱਤਵਾਦੀਆਂ ਨੂੰ ਪਨਾਹ ਦੇਣ ਜਾਂ ਦੂਜੇ ਦੇਸ਼ਾਂ ਨੂੰ ਧਮਕਾਉਣ ਲਈ ਨਹੀਂ ਕੀਤਾ ਜਾਵੇਗਾ ਪਰ ਇਸ ਦੇ ਬਾਵਜੂਦ ਮੱਧ ਏਸ਼ੀਆਈ ਦੇਸ਼ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ ਹਨ ਕਿ ਅਫ਼ਗਾਨਿਸਤਾਨ ਹੋਰ ਦੇਸ਼ਾਂ ਲਈ ਕੱਟੜਪੰਥੀ ਹਮਲਿਆਂ ਦਾ ਕੇਂਦਰ ਨਹੀਂ ਬਣੇਗਾ ਇਨ੍ਹਾਂ ਦਾ ਮੰਨਣਾ ਹੈ ਕਿ ਕੱਟੜਪੰਥੀ ਗੁੱਟ ਇਸ ਪੂਰੇ ਖੇਤਰ ’ਚ ਆਪਣਾ ਪ੍ਰਭਾਵ ਵਧਾਉਣ ਲਈ ਹਿੰਸਾ ਤੇ ਅੱਤਵਾਦ ਦਾ ਸਹਾਰਾ ਲੈ ਸਕਦੇ ਹਨ ਕਾਬੁਲ ’ਚ ਹੋਏ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਇਹ ਸ਼ੱਕ ਸੱਚ ਸਾਬਤ ਹੋ ਰਿਹਾ ਹੈ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਵੀ ਇਸ ਖੇਤਰ ਦੀ ਇੱਕ ਵੱਡੀ ਸਮੱਸਿਆ ਹੈ

ਤਾਲਿਬਾਨ ਦੀ ਵਾਪਸੀ ਤੋਂ ਬਾਅਦ ਇਹ ਸਮੱਸਿਆ ਹੋਰ ਜ਼ਿਆਦਾ ਵਧ ਸਕਦੀ ਹੈ ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਉੱਤਰੀ ਇਲਾਕੇ ’ਚ ਰਹਿਣ ਵਾਲੇ ਤਾਜ਼ਿਕ ਅਤੇ ਓਜਬੇਕ ਸ਼ਰਨਾਰਥੀਆਂ ਦੀ ਵੱਡੀ ਗਿਣਤੀ ਮੱਧ ਏਸ਼ੀਆਈ ਦੇਸ਼ਾਂ ਦੀ ਖਸਤਾਹਾਲ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਮੱਧ ਏਸ਼ੀਆ ’ਚ ਸਭ ਤੋਂ ਜ਼ਿਆਦਾ ਚਿੰਤਾਜਨਕ ਸਥਿਤੀ ਤਾਜ਼ਿਕਿਸਤਾਨ ਦੀ ਹੈ ਤਾਜ਼ਿਕਿਸਤਾਨ ਅਫ਼ਗਾਨਿਸਤਾਨ ਦੇ ਨਾਲ 1344 ਕਿਲੋਮੀਟਰ ਲੰਮੀ ਸੀਮਾ ਸਾਂਝੀ ਕਰਦਾ ਹੈ

ਕਿਹਾ ਜਾ ਰਿਹਾ ਹੈ ਕਿ ਤਾਜ਼ਿਕ ਸੀਮਾ ਨਾਲ ਲੱਗਦਾ ਆਫ਼ਗਾਨਿਸਤਾਨ ਦਾ ਪੂਰਾ ਇਲਾਕਾ ਹੁਣ ਤਾਲਿਬਾਨ ਦੇ ਕਬਜ਼ੇ ’ਚ ਆ ਗਿਆ ਹੈ ਅਜਿਹੇ ’ਚ ਜੇਕਰ ਅਫ਼ਗਾਨਿਸਤਾਨ ’ਚ ਅਸਿਥਰਤਾ ਵਧਦੀ ਹੈ, ਤਾਂ ਇਸ ਦਾ ਸਿੱਧਾ ਅਸਰ ਤਾਜ਼ਿਕਿਸਤਾਨ ਦੀ ਸੁਰੱਖਿਆ ਵਿਵਸਥਾ ’ਤੇ ਪਵੇਗਾ ਹਾਲਾਂਕਿ ਤਾਜ਼ਿਕਿਸਤਾਨ ਦੇ ਗੂੜ੍ਹੇ ਮਿੱਤਰ ਰੂਸ ਨੇ ਤਾਜ਼ਿਕ-ਅਫ਼ਗਾਨ ਬਾਰਡਰ ’ਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ 7000 ਫੌਜੀਆਂ ਦੀ ਟੁਕੜੀ ਅਤੇ 100 ਟੈਂਕ ਭੇਜਣ ਦੀ ਗੱਲ ਕਹੀ ਹੈ ਇਸ ਤੋਂ ਇਲਾਵਾ ਰੂਸ ਤਾਜ਼ਿਕਿਸਤਾਨ ਦੀ ਮੱਦਦ ਲਈ ਆਪਣੇ ਖੇਤਰੀ ਸਹਿਯੋਗੀਆਂ ਨਾਲ ਵੀ ਸੰਪਰਕ ਕਰ ਰਿਹਾ ਹੈ ਅਫ਼ਗਾਨਿਸਤਾਨ ’ਚ ਪਸ਼ਤੂਨ, ਓਜਬੇਕ ਅਤੇ ਹਜ਼ਾਰਾ ਦੇ ਨਾਲ-ਨਾਲ ਤਾਜ਼ਿਕ ਮੂਲ ਦੇ ਲੋਕ ਵੱਡੀ ਗਿਣਤੀ ’ਚ ਰਹਿੰਦੇ ਹਨ

ਤਾਜ਼ਿਕਿਸਤਾਨ ਚਾਹੁੰਦਾ ਹੈ ਕਿ ਤਾਲਿਬਾਨ ਸਰਕਾਰ ਤਾਜ਼ਿਕ ਮੂਲ ਦੇ ਲੋਕਾਂ ਦੇ ਭਵਿੱਖ ਦੀ ਗਾਰੰਟੀ ਦੇਵੇ ਉਸ ਦਾ ਇਹ ਵੀ ਕਹਿਣਾ ਹੈ ਕਿ ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ’ਚ ਤਾਜ਼ਿਕ ਲੋਕਾਂ ਨੂੰ ਮਹੱਤਵਪੂਰਨ ਜਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਜ਼ਿਕਿਸਤਾਨ ਇਸ ਤੋਂ ਪਹਿਲਾਂ ਇਸ ਮੁੱਦੇ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ’ਚ ਵੀ ਉਠਾ ਚੁੱਕਾ ਹੈ ਦੇਖਿਆ ਜਾਵੇ ਤਾਂ ਤਾਜ਼ਿਕਿਸਤਾਨ ਅਤੇ ਤਾਲਿਬਾਨ ਵਿਚਕਾਰ ਹਮੇਸ਼ਾ ਤੋਂ ਹੀ ਛੱਤੀ ਦਾ ਅੰਕੜਾ ਰਿਹਾ ਹੈ ਉਸ ਨੇ ਤਾਲਿਬਾਨ ਨੂੰ ਕਦੇ ਵੀ ਸਿਆਸੀ ਤਾਕਤ ਦੇ ਰੂਪ ’ਚ ਸਵੀਕਾਰ ਨਹੀਂ ਕੀਤਾ ਹੈ ਹਿੰਸਕ ਅਤੇ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਚੱਲਦਿਆਂ ਤਾਜ਼ਿਕਿਸਤਾਨ ਨੇ ਤਾਲਿਬਾਨ ’ਤੇ ਪਾਬੰਦੀ ਲਾ ਰੱਖੀ ਹੈ ਹੁਣ ਪੰਜਸ਼ੀਰ ਘਾਟੀ ’ਚ ਤਾਜ਼ਿਕ ਲੜਾਕਿਆਂ ਦੀ ਮੱਦਦ ਕੀਤੇ ਜਾਣ ਦੇ ਮੁੱਦੇ ’ਤੇ ਦੋਵਾਂ ਵਿਚਕਾਰ ਮੱਤਭੇਵ ਹੋਰ ਵਧ ਗਏ ਹਨ

ਉੱਧਰ, ਤੁਰਕਮੇਨਿਸਤਾਨ ਦੇ ਤਾਲਿਬਾਨ ਨਾਲ ਪੁਰਾਣੇ ਸਬੰਧ ਹਨ ਕਾਬੁਲ ’ਤੇ ਕਬਜ਼ੇ ਤੋਂ ਪਹਿਲਾਂ ਅਤੇ ਉਸ ਦੇ ਬਾਅਦ ਤੋਂ ਤੁਰਕਮੇਨਿਸਤਾਨ ਲਗਾਤਾਰ ਤਾਲਿਬਾਨ ਦੇ ਸੰਪਰਕ ’ਚ ਹੈ ਇਸ ਸਾਲ ਫਰਵਰੀ ’ਚ ਤਾਲਿਬਾਨ ਦੇ ਇੱਕ ਵਫ਼ਦ ਨੇ ਰਾਜਧਾਨੀ ਅਸ਼ਗਾਬਤ ਦਾ ਦੌਰਾ ਕੀਤਾ ਸੀ ਵਫ਼ਦ ਦੀ ਤੁਰਕਮੇਨਿਸਤਾਨ ਨਾਲ ਕਈ ਮੁੱਦਿਆਂ ’ਤੇ ਚਰਚਾ ਹੋਈ ਜਿਨ੍ਹਾਂ ’ਚ ਦੁਵੱਲੇ ਆਰਥਿਕ ਅਤੇ ਸਿਆਸੀ ਸਬੰਧਾਂ ਤੋਂ ਇਲਾਵਾ ਸੀਮਾ ਸੁਰੱਖਿਆ ਦਾ ਮੁੱਦਾ ਮੁੱਖ ਰੂਪ ’ਚ ਉੱਠਿਆ ਸੀ

ਪਰ ਤੁਰਕਮੇਨਿਸਤਾਨ ਨੇ ਤਾਲਿਬਾਨ ਸਬੰਧੀ ਹਾਲੇ ਤੱਕ ਆਪਣਾ ਸਟੈਂਡ ਸਾਫ਼ ਨਹੀਂ ਕੀਤਾ ਹੈ ਸੰਭਾਵਿਤ ਖਤਰੇ ਨੂੰ ਦੇਖਦਿਆਂ ਤੁਰਕਮੇਨਿਸਤਾਨ ਦੀ ਸਰਕਾਰ ਵੀ ਅਫ਼ਗਾਨਿਸਤਾਨ ਬਾਰਡਰ ’ਤੇ ਫੌਜੀਆਂ ਦੀ ਤੈਨਾਤੀ ਵਧਾਉਣ ਦੇ ਬਦਲ ’ਤੇ ਵਿਚਾਰ ਕਰ ਰਹੀ ਹੈ ਖ਼ਬਰ ਹੈ ਕਿ ਤੁਰਕਮੇਨਿਸਤਾਨ ਆਪਣੇ ਬਾਰਡਰ ’ਤੇ ਰਾਕੇਟ ਲਾਂਚਰ ਅਤੇ ਲੜਾਕੂ ਜਹਾਜ਼ਾਂ ਦੀ ਵੀ ਤੈਨਾਤੀ ਕਰ ਰਿਹਾ ਹੈ ਦੂਜੇ ਪਾਸੇ ਇੱਕ ਹੋਰ ਮੱਧ ਏਸ਼ੀਆਈ ਦੇਸ਼ ਓਜਬੇਕਿਸਤਾਨ ਨੇ ਗੁਆਂਢੀ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਨਾ ਦੇਣ ਅਤੇ ਨਿਰਲੇਪ ਬਣੇ ਰਹਿਣ ਦੀ ਗੱਲ ਕਹੀ ਹੈ

ਓਜਬੇਕਿਸਤਾਨ ਦੇ ਤਾਲਿਬਾਨ ਦੇ ਨਾਲ ਚੰਗੇ ਸਬੰਧ ਹਨ ਦਰਅਸਲ, ਮੱਧ ਏਸ਼ੀਆਈ ਦੇਸ਼ਾਂ ਦੀ ਆਰਥਿਕ ਤਰੱਕੀ ਅਤੇ ਵਿਕਾਸ ਦਾ ਦਾਰੋਮਦਾਰ ਕਾਫ਼ੀ ਹੱਦ ਤੱਕ ਅਫ਼ਗਾਨਿਸਤਾਨ ਦੀ ਸ਼ਾਂਤੀ ਅਤੇ ਸਥਿਰਤਾ ’ਤੇ ਨਿਰਭਰ ਕਰਦਾ ਹੈ ਇੱਥੋਂ ਦੇ ਦੇਸ਼ਾਂ ’ਚ ਭਰਪੂਰ ਮਾਤਰਾ ’ਚ ਕੁਦਰਤੀ ਗੈਸ, ਤੇਲ ਅਤੇ ਕੋਇਲੇ ਵਰਗੇ ਭੰਡਾਰ ਮੁਹੱਈਆ ਹਨ ਉਹ ਦੱਖਣੀ ਏਸ਼ੀਆ ਨੂੰ ਇੱਕ ਸੰਭਾਵਿਤ ਬਜ਼ਾਰ ਦੇ ਤੌਰ ’ਤੇ ਦੇਖਦੇ ਹਨ ਇਨ੍ਹਾਂ ਦੇਸ਼ਾਂ ਦੇ ਬਜ਼ਾਰ ਤੱਕ ਪਹੁੰਚ ਬਣਾਉਣ ’ਚ ਅਫ਼ਗਾਨਿਸਤਾਨ ਗੇਟਵੇ ਦੇ ਰੂਪ ’ਚ ਕੰਮ ਕਰਦਾ ਹੈ ਇਸ ਲਈ ਅਫ਼ਗਾਨਿਸਤਾਨ ਅਤੇ ਤਾਲਿਬਾਨ ਦੀ ਸਥਿਤੀ ਸਬੰਧੀ ਮੱਧ ਏਸ਼ੀਆਈ ਦੇਸ਼ਾਂ ਵਿਚਕਾਰ ਆਪਸੀ ਗੱਲਬਾਤ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ

ਖਬਰ ਤਾਂ ਇਹ ਵੀ ਆ ਰਹੀ ਹੈ ਕਿ ਤੁਰਕਮੇਨਿਸਤਾਨ ਅਤੇ ਓਜਬੇਕਿਸਤਾਨ ਨੇ ਤਾਲਿਬਾਨ ਨਾਲ ਸਿੱਧਾ ਸੰਪਰਕ ਸਥਾਪਿਤ ਕਰਨ ਲਈ ਕੂਟਨੀਤਿਕ ਯਤਨ ਸ਼ੁਰੂ ਕਰ ਦਿੱਤੇ ਹਨ ਆਪਸੀ ਗੱਲਬਾਤ ਦੌਰਾਨ ਇਨ੍ਹਾਂ ਦੇਸ਼ਾਂ ਨੇ ਅਫ਼ਗਾਨਿਸਤਾਨ ’ਚ ਸ਼ਾਂਤੀ ਅਤੇ ਸਥਿਰਤਾ ਦੀ ਘਾਟ ’ਚ ਪੈਦਾ ਹੋਣ ਵਾਲੇ ਸੰਭਾਵਿਤ ਸੁਰੱਖਿਆ ਖ਼ਤਰਿਆਂ ਸਬੰਧੀ ਵੀ ਚਿੰਤਾ ਪ੍ਰਗਟ ਕੀਤੀ ਹੈ ਕਜਾਕਿਸਤਾਨ, ਕਿਰਗਿਸਤਾਨ, ਤਾਜ਼ਿਕਿਸਤਾਨ, ਤੁਰਕਮੇਨਿਸਤਾਨ ਅਤੇ ਓਜਬੇਕਿਸਤਾਨ ਦੇ ਆਗੂਆਂ ਨੇ ਖੇਤਰੀ ਚੁਣੌਤੀਆਂ ਬਾਰੇ ਗੱਲ ਕਰਨ ਲਈ ਤੁਰਕਮੇਨਿਸਤਾਨ ਦੇ ਤੁਰਕਮੇਨਬਾਸ਼ੀ ’ਚ ਮੁਲਾਕਾਤ ਕੀਤੀ ਆਪਸੀ ਮੁਲਾਕਾਤ ਤੋਂ ਬਾਅਦ ਪੰਜਾਂ ਦੇਸ਼ਾਂ ਵੱਲੋਂ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਅਫ਼ਗਾਨਿਸਤਾਨ ’ਚ ਸਥਿਤੀ ਦਾ ਛੇਤੀ ਹੱਲ ਮੱਧ ਏਸ਼ੀਆ ’ਚ ਸੁਰੱਖਿਆ ਅਤੇ ਸਥਿਰਤਾ ਨੂੰ ਬਣਾਈ ਰੱਖਣ ਲਈ ਬੇਹੱਦ ਜ਼ਰੂਰੀ ਹੈ ਹਾਲਾਂਕਿ ਉਜਬੇਕਿਸਤਾਨ ਅਤੇ ਤੁਰਕਮੇਨਿਸਤਾਨ ਦੀਆਂ ਸਰਕਾਰਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਪ੍ਰਤੀਨਿਧੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ

ਦੂਜੇ ਪਾਸੇ ਤਾਜ਼ਿਕਿਸਤਾਨ ਅਤੇ ਕਿਰਗਿਸਤਾਨ ਵਰਗੇ ਦੇਸ਼ ਰੂਸ ਨਾਲ ਸੁਰੱਖਿਆ ਸਮਝੌਤੇ ਨਾਲ ਜੁੜੇ ਹੋਏ ਹਨ ਇਨ੍ਹਾਂ ਦੇਸ਼ਾਂ ’ਚ ਰੂਸ ਦੇ ਫੌਜੀ ਟਿਕਾਣੇ ਵੀ ਹਨ ਰੂਸ ਨੇ ਤਾਲਿਬਾਨ ਵੱਲ ਦਿੱਤੀ ਜਾਣ ਵਾਲੀ ਕਿਸੇ ਵੀ ਚੁਣੌਤੀ ਅਤੇ ਸੰਭਾਵਿਤ ਖ਼ਤਰੇ ਨੂੰ ਰੋਕਣ ਲਈ ਇਨ੍ਹਾਂ ਦੇਸ਼ਾਂ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ

ਹੁਣੇ ਹਾਲ ਹੀ ’ਚ 6 ਅਗਸਤ ਨੂੰ ਰੂਸ ਅਤੇ ਓਜਬੇਕ ਫੌਜੀਆਂ ਦਾ ਸਾਂਝਾ ਫੌਜੀ ਅਭਿਆਸ ਖ਼ਤਮ ਹੋਇਆ ਹੈ ਰੂਸ ਦੇ ਲੱਖ ਭਰੋਸੇ ਦੇ ਬਾਵਜੂਦ ਤਾਲਿਬਾਨ ਦੀ ਵਾਪਸੀ ਅਤੇ ਅਫ਼ਗਾਨਿਸਤਾਨ ’ਚ ਅਲਕਾਇਦਾ ਅਤੇ ਦੂਜੇ ਅੱਤਵਾਦੀ ਗੁੱੱਟਾਂ ਦੇ ਸਰਗਰਮ ਹੋਣ ਦੀ ਸੰਭਾਵਨਾ ਨਾਲ ਮੱਧ ਏਸ਼ੀਆਈ ਦੇਸ਼ਾਂ ਦੀ ਨੀਂਦ ਜ਼ਰੂਰ ਉੱਡੀ ਹੋਈ ਹੈ ਪਰ ਸੱਚ ਤਾਂ ਇਹ ਹੈ ਕਿ ਮੱਧ ਏਸ਼ੀਆ ਦੀ ਸੁਰੱਖਿਆ ਕਾਫ਼ੀ ਹੱਦ ਤੱਕ ਅਫ਼ਗਾਨਿਸਤਾਨ ਦੀ ਸਥਿਰਤਾ ’ਤੇ ਹੀ ਨਿਰਭਰ ਹੈ
ਡਾ. ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ