ਸੈੈੱਲ ਘਟਣਾ: ਰੋਜ਼ਾਨਾ ਜੀਵਨਸ਼ੈਲੀ ’ਚ ਅਪਣਾਓ ਇਹ ਚੀਜ਼ਾਂ

ਸੈੈੱਲ ਘਟਣਾ: ਰੋਜ਼ਾਨਾ ਜੀਵਨਸ਼ੈਲੀ ’ਚ ਅਪਣਾਓ ਇਹ ਚੀਜ਼ਾਂ

ਬਹੁਤ ਬਿਮਾਰੀਆਂ ਕਾਰਨ ਸੈੱਲਜ ਆਮ ਹੀ ਘਟ ਜਾਂਦੇ ਹਨ। ਜ਼ਿਆਦਾ ਲੋਕ ਇਸਦਾ ਇਲਾਜ ਕਰਨ ਲਈ ਬੱਕਰੀ ਦਾ ਦੁੱਧ ਜਾਂ ਗਾਂ ਦਾ ਦੁੱਧ ਪੀਣ ਲੱਗ ਜਾਂਦੇ ਹਨ। ਜਦਕਿ ਕੋਈ ਵੀ ਦੁੱਧ ਸੈੱਲਜ ਨਹੀਂ ਵਧਾ ਸਕਦਾ। ਇਸੇ ਲਈ ਲੋਕਾਂ ਦੀਆਂ ਕੰਪਲੀਕੇਸ਼ਨਜ ਵਧ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣਾ ਪੈਂਦਾ ਹੈ। ਪਰ ਕਿਸੇ ਵੀ ਕਾਰਨ ਬਲੱਡ ਪਲੇਟਲੈੱਟ ਘਟਣ ’ਤੇ ਖਾਣ-ਪੀਣ ’ਚ ਤਬਦੀਲੀ ਕਰਕੇ ਪਲੇਟਲੈਟ ਵਧਾਏ ਜਾ ਸਕਦੇ ਹਨ।

ਰੋਜ਼ਾਨਾ ਖਾਣੇ ’ਚ ਥੋੜ੍ਹਾ ਜਿਹਾ ਹਰਾ ਪੱਤੇਦਾਰ ਸਲਾਦ ਬਦਲਕੇ ਖਾਣਾ ਚਾਹੀਦਾ ਹੈ। ਪਾਲਕ, ਬਰੋਕਲੀ, ਹਰਾ ਧਨੀਆ, ਨਾਜ਼ੁਕ ਗਾਜਰ ਪੱਤੇ, ਸ਼ਲਗਮ ਪੱਤੇ, ਗੰਢੇ ਦੀਆਂ ਭੂਕਾਂ, ਲਸਣ ਦੀਆਂ ਭੂਕਾਂ, ਬਾਥੂ, ਮਰੂਆ, ਪੁਦੀਨਾ, ਸੁਹਾਂਜਣਾ ਪੱਤੇ, ਕੜੀ ਪੱਤਾ ਆਦਿ ਵੀ ਬਾਕੀ ਸਲਾਦ ਨਾਲ ਵਰਤਣਾ ਚਾਹੀਦਾ ਹੈ।

ਬਰੱਸਲਜ ਸਪਰਾਉਟਸ, ਹਰੇ ਮਟਰ, ਕੱਚਾ ਛੋਲੀਆ, ਹਰੀ ਅਰਹਰ, ਗਾਜਰ, ਮੂਲੀ, ਤਰ, ਖੀਰਾ, ਗੰਢਾ, ਸ਼ਲਗਮ, ਚੁਕੰਦਰ, ਰੈੱਡ ਪੈੱਪਰ, ਯੈਲੋ ਪੈੱਪਰ, ਸ਼ਿਮਲਾ ਮਿਰਚ, ਬੰਦ ਗੋਭੀ, ਫੁੱਲ ਗੋਭੀ, ਗੰਢ ਗੋਭੀ, ਟਮਾਟਰ, ਨਿੰਬੂ, ਚਿੱਬੜ ਅਤੇ ਪੁੰਗਰੀਆਂ ਦਾਲਾਂ ਆਦਿ ’ਚੋਂ ਜੋ ਮਿਲੇ ਸਲਾਦ ਵਜੋਂ ਖਾਣੇ ’ਚ ਵਰਤਣ ਨਾਲ ਬਹੁਤ ਜਲਦੀ ਸੈੱਲਜ ਵਧਣ ਲੱਗ ਪੈਂਦੇ ਹਨ। ਸਲਾਦ ’ਤੇ ਲੂਣ ਨਹੀਂ ਪਾਉਣਾ ਚਾਹੀਦਾ। ਪਰ ਨਿੰਬੂ ਪਾਇਆ ਜਾ ਸਕਦਾ ਹੈ।

ਇਨ੍ਹਾਂ ’ਚੋਂ ਕੋਈ ਵੀ ਚੀਜ ਜ਼ਿਆਦਾ ਅਤੇ ਵਾਰ-ਵਾਰ ਨਹੀਂ ਖਾਣੀ ਚਾਹੀਦੀ ਬਲਕਿ ਬਦਲ ਕੇ ਅਤੇ ਥੋੜ੍ਹੀ ਖਾਣੀ ਚਾਹੀਦੀ ਹੈ। ਖਾਣ ਤੋਂ ਪਹਿਲਾਂ ਹਰ ਸਲਾਦ ਜਾਂ ਫਲ ਨੂੰ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ।

ਮਰੀਜ ਨੂੰ ਰੋਜਾਨਾ ਇੱਕ ਵਾਰ ਪਤਲੀ ਛਿਲਕਾ ਰਹਿਤ ਕੋਈ ਵੀ ਦਾਲ ਬਦਲ ਕੇ ਦੇਣੀ ਚਾਹੀਦੀ ਹੈ ਜਿਵੇਂ ਕਿ ਪੀਲੀ ਮੂੰਗੀ, ਦਲ਼ੇ ਛੋਲੇ, ਦਲ਼ੀ ਅਰਹਰ, ਕਸ਼ਮੀਰੀ ਰਾਜਮਾਂਹ, ਮੋਠ, ਰਵਾਂਹ, ਮਸਰ, ਕੁਲਥ ਆਦਿ ਦਾਲ ਦੇਣੀ ਚਾਹੀਦੀ ਹੈ।

ਬਣੀ ਦਾਲ ਵਿੱਚ ਬਰੀਕ ਕੁਤਰੀ ਪਾਲਕ, ਹਰਾ ਧਨੀਆ, ਮੇਥੀ, ਹਾਲੋਂ ਆਦਿ ਪਾ ਸਕਦੇ ਹੋ। ਥੋੜ੍ਹਾ ਨਿੰਬੂ ਵੀ ਨਿਚੋੜ ਸਕਦੇ ਹੋ। ਯਾਦ ਰਹੇ ਸਾਰੇ ਦਿਨ ’ਚ ਅੱਧੇ ਨਿੰਬੂ ਤੋਂ ਵੱਧ ਨਿੰਬੂ ਕਿਸੇ ਨੂੰ ਵੀ ਕਦੇ ਵੀ ਨਹੀਂ ਖਾਣਾ ਜਾਂ ਪੀਣਾ ਚਾਹੀਦਾ ਹੈ।

ਕੋਈ ਵੀ ਦਾਲ ਬਣਾਉਣ ਤੋਂ ਪਹਿਲਾਂ ਪਾਣੀ ’ਚ ਅੱਠ ਕੁ ਘੰਟੇ ਭਿਉਂ ਕੇ ਪਾਣੀ ਡੋਲ੍ਹ ਦੇਣਾ ਚਾਹੀਦਾ ਹੈ ਤੇ ਨਵਾਂ ਪਾਣੀ ਪਾ ਕੇ ਘੱਟ ਅੱਗ ’ਤੇ ਖੁੱਲ੍ਹਾ ਪਾਣੀ ਪਾ ਕੇ ਉਬਾਲ ਕੇ ਬਣਾਉਣੀ ਚਾਹੀਦੀ ਹੈ।

ਦਾਲ ਪਤਲੀ ਹੋਣੀ ਚਾਹੀਦੀ ਹੈ ਤੇ ਲੂਣ, ਮਿਰਚ, ਮਸਾਲੇ ਘੱਟ ਪਾਏ ਹੋਣੇ ਚਾਹੀਦੇ ਹਨ। ਉਂਜ ਵੀ ਕੋਈ ਵੀ ਦਾਲ, ਸਬਜੀ ਜ਼ਿਆਦਾ ਸੰਘਣੀ ਜਾਂ ਜ਼ਿਆਦਾ ਸੁਆਦੀ ਬਣਾਉਣ ਦੇ ਚੱਕਰ ਵਿੱਚ ਜ਼ਿਆਦਾ ਤਲਣੀ, ਤੜਕਣੀ ਨਹੀਂ ਚਾਹੀਦੀ। ਕਿਉਂਕਿ ਜ਼ਿਆਦਾ ਤਲਣ, ਤੜਕਣ ਕਾਰਨ ਫ੍ਰੀ ਰੈਡੀਕਲਜ ਵਧ ਜਾਂਦੇ ਹਨ ਤੇ ਲੀਵਰ, ਪਿੱਤੇ, ਮਸਾਨੇ, ਗੁਰਦਿਆਂ, ਅੰਤੜੀਆਂ, ਚਮੜੀ ਆਦਿ ਸਬੰਧੀ ਅਨੇਕਾਂ ਖਤਰਨਾਕ ਰੋਗ ਲੱਗ ਜਾਂਦੇ ਹਨ।

ਦਾਲ ਵਿਚ ਵੀ ਹਰੀ ਮਿਰਚ ਵਰਤਣੀ ਜ਼ਿਆਦਾ ਫਾਇਦੇਮੰਦ ਰਹਿੰਦੀ ਹੈ। ਹਰੀ ਮਿਰਚ ਦੀ ਥਾਂ ਕਦੇ-ਕਦਾਈਂ ਕਾਲੀ ਮਿਰਚ ਵੀ ਵਰਤਣੀ ਚਾਹੀਦੀ ਹੈ। ਇਵੇਂ ਹੀ ਲਾਲ ਮਿਰਚ ਵੀ ਕਦੇ-ਕਦਾਈਂ ਪਾਉਣੀ ਚਾਹੀਦੀ ਹੈ। ਕੋਈ ਵੀ ਦਾਲ ਰੋਜ਼ਾਨਾ ਨਹੀਂ ਬਣਾਉਣੀ ਬਲਕਿ ਬਦਲ ਕੇ ਬਣਾਉਣੀ ਚਾਹੀਦੀ ਹੈ। ਤਾਂ ਕਿ ਕਿਸੇ ਤੱਤ ਦੀ ਵਾਧ ਘਾਟ ਨਾ ਹੋਵੇ ਬਲਕਿ ਵੱਖ-ਵੱਖ ਦਾਲਾਂ ’ਚੋਂ ਵਧੇਰੇ ਤੱਤ ਵਰਾਇਟੀ ’ਚ ਮਿਲਣ।

ਮਰੀਜ ਨੂੰ ਰੋਜਾਨਾ ਇੱਕ ਵਾਰ ਕੋਈ ਰੁੱਤ ਮੁਤਾਬਕ ਤਰੀਦਾਰ ਸਬਜੀ ਦੇਣੀ ਚਾਹੀਦੀ ਹੈ। ਯਾਨੀ ਕਿ ਉਹ ਸਬਜੀਆਂ ਸਹੀ ਰਹਿੰਦੀਆਂ ਹਨ ਜਿਨ੍ਹਾਂ ਵਿੱਚ ਪਾਣੀ ਦੀ ਵਰਤੋਂ ਹੁੰਦੀ ਹੈ। ਜੋ ਸਬਜੀਆਂ ਤਲ, ਤੜਕ ਕੇ ਜਾਂ ਘਿਉ, ਤੇਲ ’ਚ ਬਣਦੀਆਂ ਹਨ ਉਹ ਸਹੀ ਨਹੀਂ ਰਹਿੰਦੀਆਂ। ਸਬਜ਼ੀ ਵਿਚ ਵੀ ਲੂਣ, ਮਿਰਚ, ਮਸਾਲੇ ਘੱਟ ਤੋਂ ਘੱਟ ਪਾਉਣੇ ਚਾਹੀਦੇ ਹਨ ਤੇ ਤਰੀ ਵੱਧ ਹੋਣੀ ਚਾਹੀਦੀ ਹੈ।

ਸੈੱਲਜ ਘਟਣ ’ਤੇ ਬਹੁਤ ਲੋਕ ਸਿਰਫ ਕੀਵੀ ਫਰੂਟ ਖਾਣਾ ਸ਼ੁਰੂ ਕਰ ਦਿੰਦੇ ਹਨ ਜਦਕਿ ਕੋਈ ਵੀ ਫਲ ਜ਼ਿਆਦਾ ਅਤੇ ਰੋਜ਼ਾਨਾ ਨਹੀਂ ਖਾਣਾ ਚਾਹੀਦਾ ਬਲਕਿ ਰੁੱਤ ਮੁਤਾਬਕ ਬਦਲਕੇ ਫਲ ਖਾਣੇ ਜ਼ਿਆਦਾ ਫਾਇਦੇਮੰਦ ਰਹਿੰਦੇ ਹਨ। ਮਰੀਜ ਨੂੰ ਰੋਜਾਨਾ ਇੱਕ ਫਲ ਰੁੱਤ ਮੁਤਾਬਕ ਬਦਲ ਕੇ ਦਿੱਤਾ ਜਾ ਸਕਦਾ ਹੈ। ਤਿੰਨ ਟਾਈਮ ਰੋਟੀ ਦੀ ਬਜਾਏ ਓਟਸ ਦਲੀਆ, ਲਾਪਸੀ ਦਲੀਆ, ਜੌਂ ਦਲੀਆ, ਸੁਆਂਕ ਅਤੇ ਪੀਲੀ ਮੂੰਗੀ ਦੀ ਖਿਚੜੀ, ਕੋਧਰਾ ਤੇ ਮਿਕਸ ਸਬਜੀਆਂ ਦਾ ਪੁਲਾਉ, ਪੁੰਗਰੀਆਂ ਦਾਲਾਂ ਦਾ ਪੁਲਾਉ ਆਦਿ ਬਦਲਕੇ ਕਿਸੇ ਇੱਕ ਖਾਣੇ ਦੀ ਜਗ੍ਹਾ ਖਾਣਾ ਚਾਹੀਦਾ ਹੈ। ਖਿਚੜੀ ਜਾਂ ਪੁਲਾਉ ਨਾਲ ਘੱਟ ਖੱਟਾ ਦਹੀਂ, ਪਤਲੀ ਦਾਲ ਜਾਂ ਕੋਈ ਤਰੀਦਾਰ ਸਬਜੀ ਖਾਣੀ ਚਾਹੀਦੀ ਹੈ।

ਖਾਣੇ ਨਾਲ ਚਾਹ, ਕੌਫੀ, ਗਰੀਨ ਟੀ, ਕੋਲਡ ਡਰਿੰਕ ਆਦਿ ਬਿਲਕੁਲ ਨਹੀਂ ਪੀਣਾ ਚਾਹੀਦਾ। ਇਹ ਹਾਜਮੇ ’ਤੇ ਬੁਰਾ ਅਸਰ ਪਾਉਂਦੇ ਹਨ। ਬਾਹਰ ਦੇ ਖਾਣ-ਪੀਣ ਆਦਿ ਰਾਹੀਂ ਕੁੱਝ ਰੋਗ ਜਿਵੇਂ ਹੈਜਾ, ਟਾਇਫਾਈਡ, ਵਾਇਰਲ ਹੈਪੇਟਾਈਟਸ, ਦਸਤ ਆਦਿ ਫੈਲਦੇ। ਇਸ ਲਈ ਜਿੰਨਾ ਹੋ ਸਕੇ ਬਾਹਰੋਂ ਨਾ ਪੀਤਾ-ਖਾਧਾ ਜਾਵੇ। ਠੰਢੇ ਮੁਲਕਾਂ ਵਾਂਗ ਹੀ ਹੁਣ ਭਾਰਤ ’ਚ ਵੀ ਵਿਟਾਮਿਨ ਡੀ ਦੀ ਘਾਟ ਆਉਣੀ ਸ਼ੁਰੂ ਹੋ ਗਈ ਹੈ।

ਵੰਨ-ਸੁਵੰਨੇ ਸਾਬਣਾਂ ਸ਼ੈਂਪੂਆਂ ਨਾਲ ਰਗੜ-ਰਗੜ ਕੇ ਨਹਾਉਣ ਵਾਲਿਆਂ ਦੀ ਚਮੜੀ ਬਹੁਤ ਜਲਦੀ ਵਿਟਾਮਿਨ ਡੀ ਬਣਾਉਣੋਂ ਹਟ ਜਾਂਦੀ ਹੈ। ਗੋਰੇ ਬਣੇ ਰਹਿਣ ਤੇ ਜ਼ਿਆਦਾ ਸੋਹਣੇ ਤੇ ਜਵਾਨ ਬਣੇ ਰਹਿਣ ਦੇ ਚੱਕਰ ’ਚ ਲੋਕ ਧੁੱਪ ਤੋਂ ਜ਼ਿਆਦਾ ਹੀ ਬਚਾਅ ਕਰਨ ਲੱਗ ਪੈਂਦੇ ਹਨ। ਉਹ ਮੁੜ੍ਹਕਾ ਤਾਂ ਆਉਣ ਹੀ ਨਹੀਂ ਦਿੰਦੇ। ਉਨ੍ਹਾਂ ’ਚ ਵੀ ਵਿਟਾਮਿਨ ਡੀ ਦੀ ਘਾਟ ਹੋ ਜਾਂਦੀ ਹੈ। ਵਧੇਰੇ ਦਫਤਰਾਂ ’ਚ ਬੈਠਣ ਵਾਲੇ ਤੇ ਜ਼ਿਆਦਾ ਅੰਦਰ ਹੀ ਬੈਠੇ ਰਹਿਣ ਵਾਲਿਆਂ ’ਚ ਵੀ ਵਿਟਾਮਿਨ ਡੀ ਦੀ ਘਾਟ ਹੋਣ ਲੱਗ ਪੈਂਦੀ ਹੈ।

ਵਿਟਾਮਿਨ ਡੀ ਦੀ ਘਾਟ ਵਾਲਿਆਂ ਦੇ ਵੀ ਸੈੱਲਜ ਜਲਦੀ ਨਹੀਂ ਵਧਦੇ। ਬਲਕਿ ਖਾਧਾ-ਪੀਤਾ ਵੀ ਘੱਟ ਲੱਗਦਾ ਹੈ। ਸਰੀਰ ਦੇ ਸਭ ਅੰਗਾਂ ਦੇ ਸਹੀ ਤਰ੍ਹਾਂ ਕੰਮ ਕਰਨ ਲਈ ਵਿਟਾਮਿਨ ਡੀ ਦੀ ਬੇਹੱਦ ਲੋੜ ਹੁੰਦੀ ਹੈ। ਹੱਡੀਆਂ, ਮਾਸਪੇਸ਼ੀਆਂ, ਜਿਗਰ, ਦਿਮਾਗ ਅਤੇ ਨਰਵਸ ਸਿਸਟਮ ਜਾਂ ਇਮਿਊਨ ਸਿਸਟਮ ਦੇ ਸਹੀ ਤਰ੍ਹਾਂ ਕੰਮ ਕਰਨ ਲਈ ਵੀ ਵਿਟਾਮਿਨ ਡੀ ਦੀ ਰੋਜਾਨਾ ਲੋੜ ਪੈਂਦੀ ਹੈ।

ਡਾ. ਬਲਰਾਜ ਬੈਂਸ ਡਾ. ਕਰਮਜੀਤ ਕੌਰ ਬੈਂਸ,
ਬੈਂਸ ਹੈਲਥ ਸੈਂਟਰ, ਰਾਮਾ ਕਲੋਨੀ, ਮੋਗਾ
ਮੋ. 94630-38229