ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਪ੍ਰੀਖਿਆਵਾਂ ਤੋਂ ਇੱਕ ਦਿਨ ਪਹਿਲਾਂ ਹੀ ਲਗਭਗ ਸਾਰੇ ਪ੍ਰਸ਼ਨ ਪੱਤਰ ਲੀਕ ਹੋ ਗਏ ਸਨ
ਨਵੀਂ ਦਿੱਲੀ (ਏਜੰਸੀ) ਸੀਬੀਐੱਸਈ ਦੇ ਦਸਵੀਂ ਜਮਾਤ ਦੇ ਗਣਿਤ ਤੇ ਬਾਰ੍ਹਵੀਂ ਜਮਾਤ ਦੇ ਅਰਥਸ਼ਾਸਤਰ ਵਿਸ਼ੇ ਦੀ ਮੁੜ ਪ੍ਰੀਖਿਆ ਦੇ ਐਲਾਨ ਖਿਲਾਫ਼ ਸੈਂਕੜੇ ਵਿਦਿਆਰਥੀ ਅੱਜ ਜੰਤਰ-ਮੰਤਰ ‘ਤੇ ਇਕੱਠੇ ਹੋਏ ਤੇ ਉਨ੍ਹਾਂ ‘ਸਾਨੂੰ ਨਿਆਂ ਚਾਹੀਦਾ’ ਵਰਗੇ ਨਾਅਰੇ ਲਾਏ ਹੱਥਾਂ ‘ਚ ਤਖਤੀਆਂ ਫੜ੍ਹੀ। ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਮੁੜ ਪ੍ਰੀਖਿਆ ਦੀ ਖਬਰ ਤੋਂ ਬਾਅਦ ਉਨ੍ਹਾਂ ਨੂੰ ਬੇਹੱਦ ਤਣਾਅ ਦਾ ਸਾਹਮਣਾ ਕਰਨਾ ਪਿਆ। ਕਈ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਪ੍ਰੀਖਿਆਵਾਂ ਤੋਂ ਇੱਕ ਦਿਨ ਪਹਿਲਾਂ ਹੀ ਲਗਭਗ ਸਾਰੇ ਪ੍ਰਸ਼ਨ ਪੱਤਰ ਲੀਕ ਹੋ ਗਏ ਸਨ ਤੇ ਉਨ੍ਹਾਂ ਮੰਗ ਕੀਤੀ ਕਿ ਜੇਕਰ ਮੁੜ ਪ੍ਰੀਖਿਆ ਹੁੰਦੀ ਹੈ ਤਾਂ ਇਹ ਸਾਰੇ ਵਿਸ਼ਿਆਂ ਦੀ ਹੋਣੀ ਚਾਹੀਦੀ ਹੈ।
ਸੇਂਟ ਥਾਮਸ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਭਾਵਿਕਾ ਯਾਦਵ ਨੇ ਕਿਹਾ, ਅਸੀਂ ਮੁੜ ਪ੍ਰੀਖਿਆ ਦੀ ਖਬਰ ਸੁਣ ਕੇ ਹੈਰਾਨ ਸੀ ਜੇਕਰ ਕੁਝ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਪਹਿਲਾਂ ਲੀਕ ਪ੍ਰਸ਼ਨ ਪੱਤਰ ਮਿਲ ਗਿਆ ਤਾਂ ਇਸ ਦੇ ਲਈ ਅਸੀਂ ਪ੍ਰੇਸ਼ਾਨ ਕਿਉਂ ਹੋਈਏ? ਉਸ ਦੀ ਦੋਸਤ ਓਜਸਵੀ ਨੇ ਕਿਹਾ ਕਿ ਅਸੀਂ ਸੈਸ਼ਨ ਦੀ ਸ਼ੁਰੂਆਤ ਤੋਂ ਦਬਾਅ ‘ਚ ਸੀ ਅਸੀਂ ਪ੍ਰੀਖਿਆ ਦੇ ਕੇ ਰਾਹਤ ਮਹਿਸੂਸ ਕਰ ਰਹੇ ਸੀ ਪਰ ਅਸੀਂ ਸਿਰਫ਼ ਡੇਢ ਘੰਟੇ ਦੀ ਰਾਹਤ ਦਾ ਸਾਹ ਲਈ ਬਾਅਦ ‘ਚ ਸਾਨੂੰ ਵੱਖ-ਵੱਖ ਨਿਊਜ਼ ਚੈਨਲਾਂ ਤੋਂ ਪਤਾ ਚੱਲਿਆ ਕਿ ਸਾਨੂੰ ਮੁੜ ਪ੍ਰੀਖਿਆ ‘ਚ ਬੈਠਣਾ ਹੈ, ਜਿਸ ਦਾ ਮਤਲਬ ਇਹ ਹੋਇਆ ਕਿ ਸਾਨੂੰ ਫਿਰ ਤੋਂ ਪੂਰਾ ਸਿਲੇਬਸ ਪੜ੍ਹਨਾ ਹੈ। ਇੱਕ ਹੋਰ ਵਿਦਿਆਰਥੀ ਨੇ ਕਿਹਾ ਕਿ ਇਹ ਅਸੰਭਵ ਹੈ ਕਿ ਬੋਰਡ ਨੂੰ ਲੀਕ ਦੀ ਜਾਣਕਾਰੀ ਨਹੀਂ ਸੀ ਬੋਰਡ ਵੱਲੋਂ ਪੇਪਰ ਸਵੇਰੇ ਹੀ ਰੱਦ ਕਰ ਦੇਣਾ ਚਾਹੀਦਾ ਸੀ।
ਦਿੱਲੀ ਦੇ ਕੋਚਿੰਗ ਸੈਂਟਰਾਂ ‘ਤੇ ਛਾਪੇ
ਸੀਬੀਐੱਸਈ ਦੀ 10ਵੀਂ ਦੇ ਗਣਿਤ ਤੇ 12ਵੀਂ ਦੇ ਅਰਥਸ਼ਾਸ਼ਤਰ ਦੇ ਪ੍ਰੀਖਿਆ ਪੱਤਰ ਲੀਕ ਮਾਮਲੇ ‘ਚ ਦਿੱਲੀ ਪੁਲਿਸ ਨੇ ਅੱਜ ਰਾਤ ਭਰ ਛਾਪੇਮਾਰੀ ਦੀ ਕਾਰਵਾਈ ਕੀਤੀ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਛਾਪੇਮਾਰੀ ਦੀ ਇਹ ਕਾਰਵਾਈ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਦੇ ਨਾਲ-ਨਾਲ ਐੱਨਸੀਆਰ ਦੇ ਵੀ ਕਈ ਇਲਾਕਿਆਂ ‘ਚ ਕੀਤੀ ਕਈ ਕੋਚਿੰਗ ਸੈਂਟਰਾਂ ‘ਤੇ ਵੀ ਛਾਪੇਮਾਰੀ ਹੋਈ ਹੈ। ਪੁਲਿਸ ਇਸ ਮਾਮਲੇ ‘ਚ ਹੁਣ ਤੱਕ 25 ਵਿਅਕਤੀਆਂ ਤੋਂ ਪੁੱਛਗਿੱਛ ਕਰ ਚੁੱਕੀ ਹੈ, ਇਹ ਗਿਣਤੀ ਵਧ ਵੀ ਸਕਦੀ ਹੈ ਕਿਹਾ ਜਾ ਰਿਹਾ ਹੈ ਕਿ ਪੁਲਿਸ ਛੇਤੀ ਹੀ ਇਸ ਮਾਮਲੇ ‘ਚ ਅਹਿਮ ਖੁਲਾਸਾ ਕਰ ਸਕਦੀ ਹੈ।
ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਜਾਵੜੇਕਰ
ਮਨੁੱਖੀ ਵਿਕਾਸ ਵਸੀਲੇ ਮੰਤਰੀ ਪਰਕਾਸ਼ ਜਾਵੜੇਕਰ ਨੇ ਕਿਹਾ ਕਿ ਕੇਂਦਰੀ ਸੀਬੀਐੱਸਈ ਦੇ ਪਰਚੇ ਲੀਕ ਹੋਣ ਨਾਲ ਬੋਰਡ ‘ਤੇ ਦਾਗ ਜ਼ਰੂਰ ਲੱਗਾ ਹੈ, ਪਰ ਇਸ ਮਾਮਲੇ ‘ਚ ਦੋਸ਼ੀ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅੱਜ ਕਿਹਾ ਕਿ ਕਰਮਚਾਰੀ ਚੋਣ ਕਮਿਸ਼ਨ (ਐੱਸਐੱਸਸੀ) ਦੇ ਪਰਚੇ ਲੀਕ ਹੋਣ ਦੇ ਮਾਮਲੇ ‘ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸੇ ਤਰ੍ਹਾਂ ਇਸ ਮਾਮਲੇ ‘ਚ ਵੀ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇਗਾ।