ਰਵੀਪਾਲ
ਦੋਦਾ, 26 ਦਸੰਬਰ
ਥਾਣਾ ਕੋਟਭਾਈ ਵਿਖੇ 107/151 ਅਧੀਨ ਗ੍ਰਿਫਤਾਰ ਯਾਦਵਿੰਦਰ ਸਿੰਘ ਦੀ ਰਿਹਾਈ ਨੂੰ ਲੈ ਕੇ ਧਰਨਾ ਲਗਾ ਕੇ ਬੈਠੇ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਉਨ੍ਹਾਂ ਦੇ ਭਰਾ ਸੰਨੀ ਢਿੱਲੋਂ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਕੋਟਭਾਈ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਗਿੱਦੜਬਾਹਾ ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਥਾਣਾ ਕੋਟਭਾਈ ਮੁਖੀ ਕ੍ਰਿਸ਼ਨ ਕੁਮਾਰ ਦੀ ਡਿਊਟੀ ਵਿੱਚ ਵਿਘਨ ਪਾਉਣ, ਦਫ਼ਤਰ ਦੀ ਭੰਨ-ਤੋੜ ਕਰਨ, ਧੱਕਾ-ਮੁੱਕੀ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ ਵਿੱਚ ਥਾਣਾ ਮੁਖੀ ਦੇ ਬਿਆਨਾਂ ‘ਤੇ ਹਰਦੀਪ ਸਿੰਘ ‘ਡਿੰਪੀ ਢਿੱਲੋਂ’, ਉਸਦੇ ਦੇ ਭਰਾ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੰਦੀਪ ਸਿੰਘ ‘ਸ਼ਨੀ ਢਿੱਲੋਂ’, ਡਿੰਪੀ ਢਿੱਲੋਂ ਦੇ ਨਿੱਜੀ ਸਹਾਇਕ ਜਗਤਾਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਨੱਢਾ ਕੋਟਭਾਈ, ਬੰਟੀ ਢਿੱਲੋਂ ਕੋਟਭਾਈ, ਗੁਰਪ੍ਰੀਤ ਸਿੰਘ ਗਿਲਜ਼ੇਵਾਲਾ ਅਤੇ 10 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 353/186/427/506 ਅਤੇ 148 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ।
ਇਸ ਸਬੰਧੀ ਹਰਦੀਪ ਸਿੰਘ ‘ਡਿੰਪੀ ਢਿੱਲੋਂ’ ਨੇ ਕਿਹਾ ਕਿ ਥਾਣਾ ਕੋਟਭਾਈ ਦਾ ਐਸ. ਐਚ. ਓ. ਕਾਂਗਰਸੀਆਂ ਦੀ ਸਹਿ ‘ਤੇ ਅਕਾਲੀ ਵਰਕਰਾਂ ਨੂੰ ਨਜ਼ਾਇਜ਼ ਕੇਸ ਪਾਉਣ ਦੀਆਂ ਧਮਕੀਆਂ ਦੇ ਕੇ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਨਸਾਫ ਪਸੰਦ ਪਾਰਟੀ ਹੈ, ਤੇ ਉਹ ਕਾਨੂੰਨ ਦਾ ਪੂਰਾ ਸਤਿਕਾਰ ਕਰਦੇ ਹਨ। ‘ਡਿੰਪੀ ਢਿੱਲੋਂ’ ਕਿਹਾ ਕਿ ਉਹ ਗੱਲਬਾਤ ਕਰਨ ਦਫ਼ਤਰ ਜਰੂਰ ਗਏ ਸਨ, ਪਰ ਉਨ੍ਹਾਂ ਕੋਈ ਵੀ ਗੈਰਕਾਨੂੰਨੀ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਐਸ. ਐਚ. ਓ. ਕ੍ਰਿਸ਼ਨ ਕੁਮਾਰ ਥਾਣਾ ਮੁਖੀ ਦੀ ਬਜਾਏ ਕਾਂਗਰਸੀ ਨੁਮਾਇਦੇ ਵਜੋਂ ਕੰਮ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਹੈ, ਤੇ ਉਹ ਅਜਿਹੇ ਝੂਠੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।