ਇੰਟਰਵਿਊ ਨੂੰ ਭ੍ਰਿਸ਼ਟਾਚਾਰ ਕਰਾਰ ਦਿੰਦੇ ਹੋਏ ਪੰਜਾਬ ਅਤੇ ਕੇਂਦਰ ਕਰ ਚੁੱਕੈ ਪਹਿਲਾਂ ਹੀ ਬੰਦ
-
ਆਂਗਨਵਾੜੀ ਵਰਕਰ ਅਤੇ ਹੈਲਪਰਾਂ ਦੀ ਕੀਤੀ ਜਾ ਰਹੀ ਐ ਭਰਤੀ, ਇੰਟਰਵਿਊ ਕੀਤਾ ਜਰੂਰੀ
ਚੰਡੀਗੜ, (ਅਸ਼ਵਨੀ ਚਾਵਲਾ)। ਇੰਟਰਵਿਊ ਰਾਹੀਂ ਸਰਕਾਰੀ ਨੌਕਰੀ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਮੁੜ ਤੋਂ ਪੰਜਾਬ ਵਿੱਚ ਹਵਾ ਮਿਲਣ ਜਾ ਰਹੀ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਾਲ 2015 ਵਿੱਚ ਬੰਦ ਇੰਟਰਵਿਊ ਲੈਣ ਦੀ ਪ੍ਰਥਾ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ 4481 ਆਂਗਨਵਾੜੀ ਵਰਕਰ ਅਤੇ ਹੈਲਪਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਇਸ ਭਰਤੀ ਰਾਹੀਂ ਨੌਕਰੀ ਹਾਸਲ ਕਰਨ ਲਈ ਹਰ ਕਿਸੇ ਨੂੰ ਇੰਟਰਵਿਊ ਦੇਣਾ ਪਵੇਗਾ। ਇਸ ਇੰਟਰਵਿਊ ਲਈ ਵੀ 5 ਨੰਬਰ ਰੱਖੇ ਗਏ ਹਨ, ਜਿਸ ਕਾਰਨ ਕਿਹੜਾ ਉਮੀਦਵਾਰ ਨੌਕਰੀ ਹਾਸਲ ਕਰਨ ਵਿੱਚ ਕਾਮਯਾਬ ਹੋਵੇਗਾ ਜਾਂ ਫਿਰ ਕਿਹੜਾ ਕਾਮਯਾਬ ਨਹੀਂ ਹੋਵੇਗਾ, ਇਹ ਫੈਸਲਾ ਲਗਭਗ ਇੰਟਰਵਿਊ ’ਤੇ ਹੀ ਨਿਰਭਰ ਹੋਵੇਗਾ। ਇਸ ਲਈ ਜਿਹੜੇ ਇੰਟਰਵਿਊ ਵਿੱਚ ਜਿਆਦਾ ਨੰਬਰ ਲੈ ਕੇ ਜਾਣਗੇ, ਉਨ੍ਹਾਂ ਦੀ ਸਿਲੈਕਸ਼ਨ ਹੋਣੀ ਲਗਭਗ ਤੈਅ ਹੀ ਹੋਵੇਗੀ।
ਜਾਣਕਾਰੀ ਅਨੁਸਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੀਤੇ ਦਿਨੀਂ 4481 ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਦਾ ਇਸ਼ਤਿਹਾਰ ਕੱਢਿਆ ਗਿਆ ਹੈ, ਜਿਸ ਲਈ ਇੱਕ ਫਾਰਮ ਵੀ ਤਿਆਰ ਕੀਤਾ ਗਿਆ ਹੈ ਅਤੇ ਹਰ ਕਿਸੇ ਨੂੰ ਇਸ ਫਾਰਮ ਨੂੰ ਭਰਨ ਤੋਂ ਬਾਅਦ ਵਿੱਦਿਅਕ ਯੋਗਤਾ ਅਨੁਸਾਰ ਇੰਟਰਵਿਊ ਦੇਣ ਲਈ ਆਉਣ ਪਵੇਗਾ।
ਇਸ ਵਿਭਾਗ ਅਨੁਸਾਰ ਆਂਗਨਵਾੜੀ ਵਰਕਰ ਦੀ 1170 ਪੋਸਟਾਂ ਲਈ ਬੀਏ ਪਾਸ ਹੋਣਾ ਜਰੂਰੀ ਹੈ ਅਤੇ ਜਿਹੜੇ ਵਰਕਰ 60 ਸਾਲ ਤੋਂ ਜ਼ਿਆਦਾ ਵੱਡੀ ਉਮਰ ਦਾ ਹੋਵੇਗਾ, ਉਸ ਨੂੰ 22 ਨੰਬਰ ਅਤੇ ਜਿਹੜਾ 45 ਤੋਂ 60 ਸਾਲ ਦੀ ਉਮਰ ਵਿੱਚ ਹੋਵੇਗਾ ਉਸ ਨੂੰ 19 ਨੰਬਰ ਮਿਲਣਗੇ। ਇੱਥੇ ਹੀ ਜਿਸ ਦੀ ਉਮਰ 45 ਸਾਲ ਤੋਂ ਘੱਟ ਹੋਵੇਗੀ, ਉਸ ਨੂੰ 16 ਨੰਬਰ ਮਿਲਣਗੇ। ਜਦੋਂ ਕਿ 5 ਨੰਬਰ ਇੰਟਰਵਿਊ ਦੇ ਰੱਖੇ ਗਏ ਹਨ।
ਇੱਥੇ ਹੀ ਆਂਗਨਵਾੜੀ ਹੈਲਪਰਾਂ ਦੀਆਂ 3229 ਪੋਸਟਾਂ ਲਈ ਅਪਲਾਈ ਕਰਨ ਵਾਲੇ 60 ਸਾਲ ਦੀ ਉਮਰ ਤੋਂ ਵੱਧ ਦੇ ਉਮੀਦਵਾਰਾਂ ਨੂੰ 25 ਨੰਬਰ ਅਤੇ 45 ਤੋਂ 60 ਤੱਕ ਦੀ ਉਮਰ ਵਾਲੇ ਨੂੰ 22 ਨੰਬਰ ਤਾਂ 45 ਤੋਂ ਹੇਠਾਂ ਵਾਲੀ ਉਮਰ ਵਾਲੇ ਨੂੰ 19 ਨੰਬਰ ਮਿਲਣਗੇ। ਇੱਥੇ ਹੀ ਇੰਟਰਵਿਊ ਲਈ 5 ਨੰਬਰ ਰੱਖੇ ਗਏ ਹਨ।
ਉਮੀਦਵਾਰਾਂ ਵੱਲੋਂ ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਬਾਅਦ ਇੰਟਰਵਿਊ ਲਈ ਆਉਣਾ ਪਵੇਗਾ ਅਤੇ ਇੰਟਰਵਿਊ ਲੈਣ ਵਾਲਾ ਅਧਿਕਾਰੀ ਦੇਖੇਗਾ ਕਿ ਉਮੀਦਵਾਰ ਨੂੰ ਕਿੰਨੇ ਨੰਬਰ ਦੇਣੇ ਹਨ। ਇਸ ਲਈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੀਹਦੇ ਕੋਲ ਸਿਫ਼ਾਰਸ਼ ਹੋਵੇਗੀ, ਉਹ ਇੰਟਰਵਿਊ 5 ਨੰਬਰ ਤੱਕ ਪ੍ਰਾਪਤ ਕਰ ਸਕਦਾ ਹੈ ਤਾਂ ਜੀਹਦੇ ਕੋਲ ਕੋਈ ਸਿਫ਼ਾਰਸ਼ ਨਹੀਂ ਹੋਵੇਗੀ ਉਸ ਨੂੰ ਕੋਈ ਵੀ ਨੰਬਰ ਵੀ ਨਾ ਮਿਲੇ।
ਇਸ ਤਰ੍ਹਾਂ ਦੇ ਖ਼ਦਸ਼ੇ ਪਹਿਲਾਂ ਵੀ ਹੁੰਦੇ ਆਏ ਹਨ ਤਾਂ ਹੀ ਸਾਲ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੁੱਪ ਬੀ, ਸੀ ਅਤੇ ਡੀ ਵਿੱਚ ਹਰ ਤਰ੍ਹਾਂ ਦਾ ਇੰਟਰਵਿਊ ਲੈਣ ’ਤੇ ਪਾਬੰਦੀ ਲਗਾ ਦਿੱਤੀ ਸੀ, ਜਿਸਨੂੰ ਕਿ ਬਾਅਦ ਵਿੱਚ ਸਾਰੀਆਂ ਸੂਬਾ ਸਰਕਾਰਾਂ ਨੇ ਲਾਗੂ ਕਰ ਦਿੱਤਾ ਸੀ, ਜਿਸ ਵਿੱਚ ਪੰਜਾਬ ਸਰਕਾਰ ਵੀ ਸ਼ਾਮਲ ਹੈ।
ਐਸਸੀ ਅਤੇ ਬੀਸੀ ਕੈਟਾਗਿਰੀ ਲਈ ਵੀ ਨਹੀਂ ਕੋਈ ਰਾਖਵਾਂਕਰਨ
ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਜਾ ਰਹੇ ਇਨ੍ਹਾਂ ਆਂਗਨਵਾੜੀ ਵਰਕਰ ਅਤੇ ਹੈਲਪਰਾਂ ਵਿੱਚ ਐਸ.ਸੀ. ਅਤੇ ਬੀ.ਸੀ. ਕੈਟਾਗਿਰੀ ਲਈ ਕੋਈ ਵੀ ਰਾਖਵਾਂ ਕਰਨ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਭਰਤੀ ਦੌਰਾਨ ਐਸ.ਸੀ. ਅਤੇ ਬੀ.ਸੀ. ਕੈਟਾਗਿਰੀ ਨੂੰ ਵੀ ਜਰਨਲ ਉਮੀਦਵਾਰਾਂ ਦੀ ਲਾਈਨ ਵਿੱਚ ਖੜ੍ਹਾ ਹੋਣਾ ਪਵੇਗਾ। ਜਿਸ ਵਿੱਚੋਂ ਹੀ ਉਨ੍ਹਾਂ ਦੀ ਸਿਲੈਕਸ਼ਨ ਕੀਤੀ ਜਾਵੇਗੀ। ਇਸ ਭਰਤੀ ਦੌਰਾਨ ਐਸ.ਸੀ. ਅਤੇ ਬੀ.ਸੀ. ਕੈਟਾਗਿਰੀ ਦੇ ਰਾਖਵੇਕਰਨ ਦੀ ਨੀਤੀ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।