ਕੈਪਟਨ ਸਰਕਾਰ ਦੇ ਸੌ ਦਿਨ: ਨਾਮ ਬੜੇ ਔਰ ਦਰਸ਼ਨ ਛੋਟੇ

Captain Government's 100 Days:

ਰਾਜਨੀਤੀ ਇੱਕ ਕਲਾ ਹੈ। ਜੇ ਸੱਤਾ ਪ੍ਰਾਪਤ ਕਰਨੀ ਹੈ ਤੇ ਸੱਤਾ ‘ਚ ਬਣੇ ਰਹਿਣਾ ਹੈ ਤਾਂ ਲੋਕਾਂ ਨੂੰ ਸਰਕਾਰ ਵੱਲੋਂ ਸੰਤੁਸ਼ਟ ਰੱਖਣਾ ਜ਼ਰੂਰੀ ਹੈ। ਅਜਿਹਾ ਰਾਜਨੀਤਕ ਕਲਾ ‘ਚ ਨਿਪੁੰਨ ਆਗੂ ਹੀ ਕਰ ਸਕਦਾ ਹੈ। ਨਹੀਂ ਤਾਂ ਲੋਕਤੰਤਰੀ ਵਿਵਸਥਾ ‘ਚ ਲੋਕ ਚੋਣਾਂ ਵੇਲੇ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਦੇ ਸੱਤਾਧਾਰੀ ਆਗੂਆਂ ਤੇ ਉਨ੍ਹਾਂ ਦੁਆਰਾ ਗਠਿਤ ਸਰਕਾਰ ਦਾ ਤਖ਼ਤਾ ਪਲਟ ਦਿੰਦੇ ਹਨ।

Captain Government’s 100 Days:

ਪੰਜਾਬ ਪ੍ਰਾਂਤ ਅੰਦਰ 25 ਸਾਲ ਸੱਤਾ ‘ਚ ਬਣੇ ਰਹਿਣ ਦਾ ਸੁਫ਼ਨਾ ਸੰਜੋਅ ਕੇ ਬਣੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ–ਭਾਜਪਾ ਗਠਜੋੜ ਸਰਕਾਰ ਤੋਂ 10 ਸਾਲ ‘ਚ ਹੀ ਬੁਰੀ ਤਰ੍ਹਾਂ ਅਸੰਤੁਸ਼ਟ ਪੰਜਾਬ ਦੇ ਲੋਕਾਂ ਨੇ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ‘ਚ ਉਸ ਨੂੰ ਨਮੋਸ਼ੀ ਭਰੇ ਢੰਗ ਨਾਲ ਸੱਤਾ ‘ਚੋਂ ਬਾਹਰ ਵਗਾਅ ਮਾਰਿਆ।

ਇਨ੍ਹਾਂ ਚੋਣਾਂ ‘ਚ ਦਿੱਲੀ ਦੀ ਸੱਤਾ ‘ਤੇ ਕਾਬਜ਼ ਭਾਰਤੀ ਰਾਜਨੀਤੀ ‘ਚ ਉੱਤਰੀ ਨਵੀਂ ਪਾਰਟੀ ਆਪ ਨੇ ਬੜੇ ਧੂਮ ਧੜੱਕੇ, ਸੋਸ਼ਲ ਮੀਡੀਆ ਤੇ ਪ੍ਰਵਾਸੀ ਪੰਜਾਬੀਆਂ ਦੀ ਹਮਾਇਤ ਨਾਲ ਜਨਤਾ ਦੀ ਨਬਜ਼ ‘ਤੇ ਹੱਥ ਰੱਖਦੇ ਭਖ਼ਦੇ ਮੁੱਦੇ ਉਠਾ ਕੇ ਸੱਤਾ ਹਥਿਆਉਣ ਦਾ ਜ਼ੋਰਦਾਰ ਉਪਰਾਲਾ ਕੀਤਾ। ਪਰ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਦੀ ਪੰਜਾਬੀ ਲੀਡਰਸ਼ਿਪ ਨੂੰ ਬਾਰ–ਬਾਰ ਸ਼ਾਤਰਾਨਾ ਢੰਗ ਨਾਲ ਨੀਵਾਂ ਦਿਖਾਉਣ ਕਰਕੇ ਰਾਜ ‘ਚ ਜਿੱਤੀ ਜਾਣ ਵਾਲੀ ਸੱਤਾ ਦੀ ਬਾਜ਼ੀ ‘ਚ ਕਾਂਗਰਸ ਪਾਰਟੀ ਹੱਥੋਂ ਚਿੱਤ ਹੋ ਗਏ।

ਰਾਜਨੀਤਕ ਕਲਾ ਤੇ ਵੱਡੇ–ਵੱਡੇ ਲੋਕ ਲੁਭਾਊ ਨਾਅਰਿਆਂ ਬਲਬੂਤੇ ਕਾਂਗਰਸ ਪਾਰਟੀ ਤੱਤਕਾਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ 117 ਮੈਂਬਰੀ ਵਿਧਾਨ ਸਭਾ ‘ਚ 77 ਸੀਟਾਂ ਅਧਾਰਤ ਇਤਿਹਾਸਕ ਜਨਤਕ ਫ਼ਤਵੇ ਰਾਹੀਂ ਸੱਤਾ ‘ਚ ਆ ਗਏ। ਕਾਂਗਰਸ ਪਾਰਟੀ ਨੇ ਕੈਪਟਨ ਦੀ ਅਗਵਾਈ ‘ਚ 16 ਮਾਰਚ, 2017 ਨੂੰ ਸਰਕਾਰ ਗਠਿਤ ਕਰ ਲਈ।

ਬੇਰੁਜ਼ਗਾਰੀ ਤੇ ਕਿਸਾਨ ਖ਼ੁਦਕੁਸ਼ੀਆਂ ਦਾ ਬੁਰੀ ਤਰ੍ਹਾਂ ਝੰਬਿਆ ਪੰਜਾਬ ਆਰਥਿਕ ਮੰਦਹਾਲੀ ਤੇ ਸਮਾਜਿਕ–ਧਾਰਮਿਕ ਪ੍ਰਬੰਧਕੀ ਤ੍ਰਾਸਦੀ ‘ਚੋਂ ਬਾਹਰ ਕੱਢਣ ਦੇ ਕੈਪਟਨ ਅਮਰਿੰਦਰ ਦੀ ਅਗਵਾਈ ‘ਚ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵੱਡੇ–ਵੱਡੇ ਮਿਕਨਾਤੀਸੀ ਭਰੋਸਿਆਂ ‘ਤੇ ਇਤਬਾਰ ਕਰਦਾ ਇਸ ਨੂੰ ਸੱਤਾ ‘ਚ ਲੈ ਆਇਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੇ 100 ਦਿਨਾਂ ਦੀ ਸਰਕਾਰ ‘ਚ ਰਾਜ ਦੇ ਪ੍ਰਸ਼ਾਸਨ, ਆਮ ਆਦਮੀ ਦੇ ਜੀਵਨ, ਸੱਤਾ ‘ਚ ਆਏ ਨਵੇਂ ਸ਼ਾਸਕਾਂ ਦੇ ਜਨਤਾ ਪ੍ਰਤੀ ਵਰਤਾਰੇ ‘ਚ ਕਿਧਰੇ ਕੋਈ ਫ਼ਰਕ ਵੇਖਣ ਨੂੰ ਨਾ ਮਿਲਿਆ।ਸੱਤਾ ‘ਚ ਆਉਣ ਤੋਂ ਬਾਦ ਲੋਕਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਹੋਏ। ਵੱਡਾ ਲਾਰਾ ਬੇਚੈਨ ਲੋਕਾਂ ਨੂੰ ਟਿਕਾਉਣ ਲਈ ਪਹਿਲੇ ਬਜਟ ਤੱਕ ਇੰਤਜ਼ਾਰ ਕਰਨ ਦਾ ਲਾਇਆ ਗਿਆ ਸੀ।

19 ਜੂਨ ਨੂੰ ਵਿਧਾਨ ਸਭਾ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਪਾਲ ਦੇ ਭਾਸ਼ਣ ਪ੍ਰਤੀ ਦਿੱਤੇ ਧੰਨਵਾਦੀ ‘ਅਬਾਰਤੀ ਪਰਚੇ’ ਤੇ 20 ਜੂਨ ਨੂੰ ਸਦਨ ਦੀ ਮੇਜ਼ ‘ਤੇ ਪੜ੍ਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਜਟ ਦੀਆਂ ਤਜਵੀਜ਼ਾਂ ਤੋਂ ਪੰਜਾਬ ਦੇ ਲੋਕ ਉਦਾਸ ਤੇ ਗ਼ਮਗੀਨ ਹੋਏ ਬੁਰੀ ਤਰ੍ਹਾਂ ਠੱਗੇ ਪਾਏ ਵੇਖੇ ਗਏ। ਵਿਰੋਧੀ ਧਿਰ ਮੂੰਗਲੇ ਚੁੱਕੀ ਸਰਕਾਰ ਦੁਆਲੇ ਸਦਨ ਦੇ ਅੰਦਰ ਤੇ ਬਾਹਰ ਲੋਹਾ ਲਾਖਾ ਹੁੰਦੀ ਵੇਖੀ ਗਈ। ਲੋਕਾਂ ਦੀਆਂ ਆਸਾਂ ‘ਤੇ ਪਾਣੀ ਇਸ ਕਰਕੇ ਫਿਰਦਾ ਵੇਖਿਆ ਗਿਆ ਕਿ ਮੁੱਖ ਮੰਤਰੀ ਦੇ ‘ਅਬਾਰਤੀ ਪਰਚੇ’ ਤੇ ਵਿੱਤ ਮੰਤਰੀ ਦੀਆਂ ਬਜਟ ਤਜਵੀਜ਼ਾਂ ‘ਚ ਜ਼ਮੀਨ–ਅਸਮਾਨ ਦਾ ਫ਼ਰਕ ਵੇਖਣ ਨੂੰ ਮਿਲਿਆ।

Captain Government’s 100 Days:

ਚੋਣ ਵਾਅਦੇ :

ਸੱਤਾ ‘ਚ ਪਰਤਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਅੰਬਰੋਂ ਤਾਰੇ ਤੋੜ ਕੇ ਦੇਣ ਦੇ ਵਾਅਦੇ ਕੀਤੇ ਸਨ। ਤਿੰਨ ਮਹੀਨੇ ਤਾਂ ਲਾਰਿਆਂ ਨਾਲ ਟਪਾਏ। ਬਜਟ–ਬਜਟ ਰੱਟ ਲਗਦੀ ਰਹੀ। ਕਿਸਾਨੀ ਦੇ ਸਾਰੇ ਕਰਜ਼ੇ ਮੁਆਫ਼ ਕਰਨ ਦਾ ਵੱਡਾ ਵਾਅਦਾ ਕੀਤਾ ਸੀ। ਪਰ ਉਹ ਕਿਸਾਨ ਬੇਇਤਬਾਰਾ ਹੋਇਆ 100 ਦਿਨਾਂ ‘ਚ ਕਰੀਬ 100 ਖੁਦਕੁਸ਼ੀਆਂ ਕਰ ਗਿਆ।

ਮੁੱਖ ਮੰਤਰੀ ਤਾਂ ਕਿਸੇ ਦੇ ਘਰ ਢਾਰਸ ਬਨ੍ਹਾਉਣ ਲਈ ਨਹੀਂ ਗਿਆ। ਜਦੋਂ ਸਦਨ ‘ਚ ਅੰਗਰੇਜ਼ੀ ‘ਚ ‘ਅਬਾਰਤੀ ਪਰਚਾ’ ਪੜ੍ਹਨ ਲਈ ਖੜ੍ਹਾ ਹੋਇਆ ਤਾਂ ਸਾਰਾ ਪੰਜਾਬ, ਕੀ ਕਿਸਾਨ, ਕੀ ਮਜ਼ਦੂਰ, ਕੀ ਵਪਾਰੀ, ਕੀ ਕਰਮਚਾਰੀ, ਕੀ ਸਨਅੱਤਕਾਰ, ਕੀ ਨੌਜਵਾਨ, ਕੀ ਦਲਿਤ, ਕੀ ਘੱਟ ਗਿਣਤੀ ਵਰਗ ਅੱਡੀਆਂ ਚੁੱਕ ਕੇ ਉਨ੍ਹਾਂ ਵੱਲ ਝਾਕਣ ਲਗਾ। ਫਰ–ਫਰ ਅੰਗਰੇਜ਼ੀ ਅਬਾਰਤ ਪਰਚੇ ਤੋਂ ਪੜ੍ਹਦੇ ਔਹ ਗਏ ਸਾਜਨ, ਔਹ ਗਏ। 99.99 ਫੀਸਦੀ ਪੰਜਾਬੀਆਂ ਨੂੰ ਤੇਜ਼ ਅਬਾਰਤ ‘ਚੋਂ ਕੁਝ ਪੱਲੇ ਨਾ ਪਿਆ, ਜਾਨੀ ਕੇ ਨਾਮ ਬੜੇ ਔਰ ਦਰਸ਼ਨ ਛੋਟੇ।

Captain Government’s 100 Days:

33 ਲੱਖ ਕਿਸਾਨਾਂ ਤੋਂ ਘਰ–ਘਰ ਜਾ ਕੇ ਫਾਰਮ ਭਰਾਏ। ਪੰਜਾਬ ‘ਚ ਅਸਲ ਕਿਸਾਨ 31 ਲੱਖ, 32 ਹਜ਼ਾਰ ਹਨ। ਐਲਾਨ ਕੀਤਾ ਪੰਜ ਕਿੱਲੇ ਤੱਕ ਦੇ 10 ਲੱਖ, 50 ਹਜ਼ਾਰ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਨ ਦਾ। ਕਰੀਬ 21 ਲੱਖ ਛੱਡ ਹੀ ਦਿੱਤੇ। ਵਿੱਤ ਮੰਤਰੀ ਨੇ ਇਹ ਕਰਜ਼ਾ ਮੁਆਫ਼ ਕਰਨ ਲਈ ਕਰੀਬ 20 ਹਜ਼ਾਰ ਕਰੋੜ ਦੀ ਥਾਂ ਰੱਖਿਆ ਸਿਰਫ਼ 1500 ਕਰੋੜ ਭਾਵ ਪ੍ਰਤੀ ਕਿਸਾਨ 14285 ਰੁਪਏ। ਏਡਾ ਵੱਡਾ ਦਿਨ ਦਿਹਾੜੇ ਧੋਖਾ ਵੇਖ ਕੇ ਕਿਸਾਨ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ। ਵਿਰੋਧੀ ਧਿਰ ਦੇ ਆਗੂ ਐੱਚ.ਐੱਸ.ਫੂਲਕਾ ਨੇ ਇਸ ਨੂੰ ਵਿਧਾਨ ਸਭਾ ਦੀ ਤੌਹੀਨ ਦਰਸਾਇਆ।

ਬੇਰੁਜ਼ਗਾਰੀ ਭੱਤੇ, ਘਰ–ਘਰ ਨੌਕਰੀ, ਖੇਤ ਮਜ਼ਦੂਰ ਦੇ ਕਰਜ਼ੇ, ਠੇਕੇ ਤੇ ਕਰਮਚਾਰੀ ਪੱਕੇ ਕਰਨ, ਕਾਲਜਾਂ ਨੂੰ ਅਧਿਆਪਕ ਦੇਣ, ਸਬ ਡਿਵੀਜ਼ਨ ਪੱਧਰ ‘ਤੇ ਡਿਗਰੀ ਕਾਲਜ ਦੇਣ, ਪ੍ਰਾਇਮਰੀ ਹੈਲਥ ਸੈਂਟਰਾਂ ‘ਚ ਡਾਕਟਰ, ਨਰਸਾਂ, ਕੰਪਾਊਂਡਰ ਤੇ ਦਵਾਈਆਂ ਦਾ ਪ੍ਰਬੰਧ ਕਰਨ, 100 ਦੇ ਕਰੀਬ ਚਿੱਟੇ ਹਾਥੀ ਬੋਰਡ, ਕਾਰਪੋਰੇਸ਼ਨ ਖ਼ਤਮ ਕਰਨ ਦੀ ਕਿਧਰੇ ਕੋਈ ਗੱਲ ਨਹੀਂ ਕੀਤੀ।

ਸ਼ਗਨ ਸਕੀਮ ‘ਚ ਵਾਧਾ ਨਜ਼ਰ ਨਹੀਂ ਆਇਆ।ਬੁਢਾਪਾ ਪੈਨਸ਼ਨ 500 ਰੁਪਏ ਤੋਂ 2000 ਕਰਨ ਦੀ ਥਾਂ 750 ਰੁਪਏ ਕੀਤੇ। ਕਿਸਾਨ ਨੂੰ ਫਸਲ ਖ਼ਰਾਬੇ ਦਾ ਮੁਆਵਜ਼ਾ 20,000 ਦੇਣ ਦੇ ਵਾਅਦੇ ਤੋਂ ਭੱਜਦਿਆਂ 12,000 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ। ਸਮਾਰਟ ਫੋਨਾਂ ਲਈ ਰੱਖੇ 10 ਕਰੋੜ ਮਜ਼ਾਕ ਹੈ।

ਸਿੱਖਿਆ :

ਬਜਟ ‘ਚ ਕੁਆਲਟੀ ਸਿੱਖਿਆ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ। ਸਿੱਖਿਆ ਲਈ 10798 ਕਰੋੜ ਰੁਪਏ ਰੱਖੇ ਜੋ ਬਜਟ ਦਾ 10 ਫੀਸਦੀ ਹੈ। ਦਿੱਲੀ ‘ਚ ਕੇਜਰੀਵਾਲ ਸਰਕਾਰ ਨੇ ਬਜਟ ਦਾ ਇੱਕ ਚੌਥਾਈ ਹਿੱਸਾ ਸਿੱਖਿਆ ਲਈ ਰੱਖਿਆ। Àੁੱਥੇ ਇਸ ਸਾਲ ਤੇ ਪਿਛਲੇ ਸਾਲ ਨਿੱਜੀ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਨੇ ਵਧੀਆ ਨਤੀਜੇ ਦਿੱਤੇ। ਕੁਆਲਟੀ ਸਿੱਖਿਆ ਦੇ ਖੇਤਰ ‘ਚ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ ਪੰਜਾਬ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਦਾ ਐਲਾਨ ਕੀਤਾ ਹੈ ਪਰ ਪਤਾ ਨਹੀਂ ਕਦੋਂ ਸਿਰੇ ਚੜ੍ਹੇ ਜਾਂ ਨਾ।

Captain Government’s 100 Days:

ਨਸ਼ਾ ਮੁਕਤੀ :

ਗੁਟਕਾ ਸਾਹਿਬ ਪਕੜ ਕੇ ਚਾਰ ਹਫ਼ਤਿਆਂ ‘ਚ ਨਸ਼ੀਲੇ ਪਦਾਰਥਾਂ ਤੋਂ ਪੰਜਾਬ ਮੁਕਤ ਕਰਨ ਦਾ ਵਾਅਦਾ ਅਜੇ ਤੱਕ ਵਫ਼ਾ ਨਹੀਂ ਹੋਇਆ। ਹੁਣ ਪਤਾ ਲੱਗ ਰਿਹਾ ਹੈ ਕਿ ਬੋਹਲ਼ ਦੀ ਰਾਖੀ ਦਰਅਸਲ ਬੱਕਰਾ ਹੀ ਬੈਠਾ ਹੋਇਆ ਹੈ। ਪੁਲਿਸ ਵਾਲੇ ਹੀ ਸ਼ਾਮਲ ਹਨ, ਛੋਟੇ–ਵੱਡੇ ਅਫ਼ਸਰਾਂ ਅਧਾਰਤ ਖ਼ਤਰਨਾਕ ਮਾਫ਼ੀਆ। ਕੋਈ ਵੱਡੀ ਮੱਛੀ ਨਹੀਂ ਫ਼ੜੀ ਜਾ ਸਕਦੀ। ਦਰਅਸਲ ਕੈਪਟਨ ਸਾਹਿਬ ਦੀ ਇਸ ਬਿਮਾਰੀ ਦੇ ਇਲਾਜ ਪ੍ਰਤੀ ਪਹੁੰਚ ਹੀ ਗਲਤ ਹੈ।

ਐਸੀ ਪਹੁੰਚ ਰਹੀ ਕਰੀਬ ਟ੍ਰਿਲੀਅਨ ਡਾਲਰ ਖਰਚ ਕੇ ਅਮਰੀਕੀ ਸਰਕਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਹੀਂ ਰੋਕ ਸਕੀ। ਇਹ ਮਸਲਾ ਕੌਮਾਂਤਰੀ ਤਾਕਤਵਰ ਸਮੱਗਲਰਾਂ ਨਾਲ ਜੁੜਿਆ ਹੋਇਆ ਹੈ। ਇਸ ਨੂੰ ਨਜਿੱਠਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ।

ਪੁਲਿਸ ਅਤੇ ਪ੍ਰਸ਼ਾਸਨ :

ਪੱਛਮੀ ਦੇਸ਼ਾਂ ‘ਚ ਪੁਲਿਸ ਤੇ ਪ੍ਰਸ਼ਾਸਨ ਉਨ੍ਹਾਂ ਲੋਕਾਂ ਦਾ ਸਤਿਕਾਰ ਕਰਦੇ ਹਨ ਜਿਨ੍ਹਾਂ ਦੀ ਸੇਵਾ ਲਈ ਉਹ ਨਿਯੁਕਤ ਹੁੰਦੇ ਹਨ। ਪਰ ਪੰਜਾਬ ‘ਚ ਇਨ੍ਹਾਂ ਦਾ ਸ਼ਾਸਕ ਤੇ ਬ੍ਰਿਟਿਸ਼ ਬਸਤੀਵਾਦ ਵਾਲਾ ਵਤੀਰਾ ਬਦਸਤੂਰ ਜਾਰੀ ਹੈ। ਸੱਤਾਧਾਰੀ ਇਨ੍ਹਾਂ ਨੂੰ ਆਪਣੇ ਸੌੜੇ ਸਿਆਸੀ, ਕਾਰੋਬਾਰੀ ਤੇ ਵਿਰੋਧੀਆਂ ‘ਤੇ ਝੂਠੇ ਮੁਕੱਦਮੇ ਦਰਜ ਕਰਨ ਲਈ ਵਰਤਦੇ ਹਨ। ਹਲਕਾ ਇੰਚਾਰਜ ਦਾ ਗੰਦਾ ਸਿਸਟਮ ਜਾਰੀ ਹੈ ਭਾਵੇਂ ਸਰਕਾਰ ਇਸਦੇ ਖਾਤਮੇ ਦਾ ਦਾਅਵਾ ਕਰਦੀ ਹੈ।

ਭ੍ਰਿਸ਼ਟਾਚਾਰ, ਗੁੰਡਾਗਰਦੀ, ਬੇਇਨਸਾਫੀ, ਗੈਂਗਸਟਰਬਾਜ਼ੀ, ਲਾਕਾਨੂੰਨੀ ਜਿਉਂ ਦੀ ਤਿਉਂ ਕਾਇਮ ਹੈ। ਦਫ਼ਤਰ ‘ਚ ਬੈਠਾ ਬਾਬੂ ਲਲਕਾਰ ਕੇ ਕਹਿੰਦਾ ਹੈ, ”ਅਸਾਂ ਪਹਿਲਾਂ 14 ਮੁੱਖ ਮੰਤਰੀ ਵੇਖੇ ਹਨ, ਇਸ 15ਵੇਂ ਨੂੰ ਵੀ ਵੇਖ ਲਵਾਂਗੇ।” ਨਾਲੇ ਰਾਜਨੀਤੀਵਾਨ ਕਿਹੜੇ ਦੁੱਧ ਧੋਤੇ ਹਨ।

ਰੇਤ–ਖੱਡ ਸਕੈਮ :

ਕੈਪਟਨ ਸਰਕਾਰ ਦੀ ਪੈਂਦਿਆਂ ਹੀ ਰੇਤ–ਖੱਡ ਨਿਲਾਮੀ ਸਕੈਮ ‘ਚ ਫਸੇ ਬਿਜਲੀ–ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਜੱਗੋਂ ਤੇਰ੍ਹਵੀਂ ਕਰਾ ਕੇ ਰੱਖ ਦਿੱਤੀ ਹੈ। ਪਿਛਲੀ ਸਰਕਾਰ ਵੇਲੇ ਐਸੇ ਸਕੈਮ ‘ਚ ਸ਼ਾਮਲ ਇੱਕ ਵੀ ਮੰਤਰੀ, ਵਿਧਾਇਕ, ਆਗੂ, ਅਫ਼ਸਰਸ਼ਾਹ ਨੂੰ ਹੱਥ ਨਹੀਂ ਪਾਇਆ। ਇਸ ਤੋਂ ਸਰਕਾਰ ਦੀ ਮਨਸ਼ਾ ਦਾ ਪਤਾ ਲੱਗਦਾ ਹੈ। ਭਾਵ ਮਿਲਜੁਲ ਕੇ ਲੁੱਟ, ਲਾਕਾਨੂੰਨੀ, ਧੱਕੇਸ਼ਾਹੀ ਜਾਰੀ ਰੱਖੋ।

ਸ਼ਾਸਕੀ ਮਾਨਸਿਕਤਾ :

ਵਿੱਤ ਮੰਤਰੀ ਦੀ ਪਹਿਲ ਕਰਕੇ ਰਾਜ ਤੇ ਪੂਰੇ ਦੇਸ਼ ‘ਚ ਮੋਦੀ ਸਰਕਾਰ ਨੇ ਲਾਲ ਬੱਤੀ ਵਿਸ਼ੇਸ਼ਾਧਿਕਾਰ ਖ਼ਤਮ ਕਰ ਦਿੱਤਾ ਹੈ। ਪਰ ਮੰਤਰੀਆਂ ਨਾਲ ਦੋ–ਦੋ ਪਾਇਲਟ ਗੱਡੀਆਂ, ਅੰਗ ਰੱਖਿਅਕਾਂ ਦੀਆਂ ਫ਼ੌਜਾਂ ਨਿਰੰਤਰ ਕਾਇਮ ਹਨ। ਮੁੱਖ ਮੰਤਰੀ, ਮੰਤਰੀ, ਅਫ਼ਸਰਸ਼ਾਹ, ਓ.ਐੱਸ.ਡੀਜ਼, ਪੀ.ਏਜ਼ ਮਜਾਲ ਹੈ ਆਮ ਆਦਮੀ ਦੀ ਫੋਨ ਕਾਲ ਸੁਣਨ। ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੇ ਕੈਪਟਨ ਸਾਹਿਬ ਨੂੰ ਮਿਲ ਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਹੋਰ ਉੱਘੇ ਆਗੂ ਐਸਾ ਰੋਣਾ ਰੋ ਚੁੱਕੇ ਹਨ।

ਕੂਟਨੀਤਕ ਖੁਨਾਮੀ :

ਵਿਸ਼ਵ ਪ੍ਰਸਿੱਧ ਸਨਮਾਨਿਤ ਫ਼ੌਜੀ ਅਫ਼ਸਰ ਰਿਹਾ ਹਰਜੀਤ ਸਿੰਘ ਸੱਜਣ, ਰੱਖਿਆ ਮੰਤਰੀ ਤੇ 4 ਹੋਰ ਸਿੱਖ ਕੈਨੇਡਾ ‘ਚ ਜਸਟਿਨ ਟਰੂਡੋ ਸਰਕਾਰ ‘ਚ ਮੰਤਰੀਆਂ  ਨੂੰ ਉਨ੍ਹਾਂ ਦੇ ਭਾਰਤੀ ਦੌਰੇ ਸਮੇਂ ਮਿਲਣ ਤੋਂ ਨਾਂਹ ਕਰਨਾ ਕੈਪਟਨ ਦੀ ਵੱਡੀ ਕੂਟਨੀਤਕ ਭੁੱਲ ਹੈ ਜਿਸਨੇ ਪਰਵਾਸੀ ਪੰਜਾਬੀ ਭਾਈਚਾਰੇ ਨੂੰ ਨਰਾਜ਼ ਹੀ ਨਹੀਂ ਕੀਤਾ ਸਗੋਂ ਵੱਖ–ਵੱਖ ਸਬੰਧਤ ਵਿਦੇਸ਼ੀ ਸਰਕਾਰਾਂ ਨਾਲ ਵੀ ਵਿਗਾੜ ਪਾਇਆ।

ਬੇਅਦਬੀ :

ਰਾਜ ਅੰਦਰ ਸੱਤਾ ਤਬਦੀਲੀ ਦੇ ਬਾਵਜੂਦ ਗੁਰੂ ਗੰ੍ਰਥ ਸਾਹਿਬ, ਗੁਟਕਾ ਸਾਹਿਬ ਤੇ ਹੋਰਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਾਰੀ ਹੈ। ਦੋਸ਼ੀ ਅਜੇ ਨਹੀਂ ਪਕੜੇ ਜਾ ਸਕੇ ਜੋ ਸ੍ਰ. ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਦੇ ਮੱਥੇ ਤੇ ਬਦਨੁੰਮਾ ਦਾਗ਼ ਕਾਇਮ ਹੈ।

Captain Government’s 100 Days:

ਐੱਸ.ਵਾਈ.ਐੱਲ. :

ਕੈਪਟਨ ਸਾਹਿਬ ਦਾ ਕਹਿਣਾ ਹੈ ਇਸ ਸਬੰਧੀ ਮਾਣਯੋਗ ਸੁਪਰੀਮ ਕੋਰਟ ਜੇ ਪੰਜਾਬ ਵਿਰੁੱਧ ਫੈਸਲਾ ਦਿੰਦੀ ਹੈ ਤਾਂ ਪੰਜਾਬ ‘ਚ ਮੁੜ ਅਤਿਵਾਦ ਦੀ ਜ਼ਰਖੇਜ਼ ਜ਼ਮੀਨ ਬਣ ਜਾਵੇਗਾ। ਪਾਕਿਸਤਾਨ ਐਸੇ ਹਲਾਤਾਂ ਦਾ ਲਾਹਾ ਲੈਣ ਦੀ ਤਾਕ ‘ਚ ਹੈ। ਕੇਂਦਰ ਨੂੰ ਐਸੀ ਸਥਿਤੀ ਨੂੰ ਨਜਿੱਠਣ ਲਈ ਸਹੀ ਰਸਤਾ ਲੱਭਣ ਦੀ ਲੋੜ ਹੈ।

ਕੈਪਟਨ ਸਾਹਿਬ ਕੌਣ ਬਣੂ ਪੰਜਾਬ ਦਾ ਰਾਖਾ! ਜ਼ਰਾ ਇਸ ‘ਤੇ ਗੌਰ ਕਰੋ। ਕਿਸੇ ਨੇ ਖੂਬ ਕਿਹਾ:

ਖੌਰੇ ਕੌਣ ਬਣੂ ਪੰਜਾਬ ਤੇਰਾ ਰਾਖਾ,
ਵੱਜਦਾ ਰਿਹਾ ਏ ਤੇਰੇ ਉੱਤੇ ਨਿੱਤ ਡਾਕਾ।
ਬੰਜਰ ਬਣਾ ‘ਤਾ ਤੇਰਾ ਸਾਰਾ ਇਲਾਕਾ,
ਤੇਰੇ ਲੀਡਰਾਂ ਨੇ ਤੇਰਾ ਪਾਣੀ ਵੀ ਲੁਟਾ ਲਿਆ
ਇੱਕ ਨਸਲ ਮੁਕਾ ‘ਤੀ ਤੇਰੀ ਕਹਿ ਕੇ ਅਤਿਵਾਦੀ,
ਇੱਕ ਨਸਲ ਤੇਰੀ ਨੂੰ ਨਸ਼ਿਆਂ ਨੇ ਖਾ ਲਿਆ।

ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ, ਮੋ.94170–94034