ਜੰਮੂ ਕਸ਼ਮੀਰ: ਭੀੜ ਨੇ ਕੁੱਟ-ਕੁੱਟ ਕੇ ਡੀਐੱਸਪੀ ਕਤਲ ਕੀਤਾ

Mob, beat, killed, DSP

ਸ੍ਰੀਨਗਰ ‘ਚ ਜਾਮਾ ਮਸਜਿਦ ਦੇ ਬਾਹਰ ਵਾਪਰੀ ਘਟਨਾ

ਸ੍ਰੀਨਗਰ। ਸ਼ਬ-ਏ-ਕਦਰ ਦੀ ਮੁਬਾਰਕ ਰਾਤ ਨੂੰ ਇੱਥੋਂ ਦੀ ਇਤਿਹਾਸਕ ਜਾਮੀਆ ਮਸਜਿਦ ਵਿੱਚ ਇਬਾਦਤ ਲਈ ਸਾਦੇ ਕੱਪੜਿਆਂ ਵਿੱਚ ਜਾ ਰਹੇ ਰਾਜ ਪੁਲਿਸ ਦੇ ਇੱਕ ਡੀਐੱਸਪੀ ਮੁਹੰਮਦ ਅਯੂਬ ਪੰਡਿਤ ਨੂੰ ਸ਼ਰਾਰਤੀ ਅਨਸਰਾਂ ਨੇ ਮਸਜਿਦ ਦੇ ਬਾਹਰ ਕੁੱਟ ਕੁੱਟ ਕੇ ਮਾਰ ਦਿੱਤਾ। ਡੀਐੱਸਪੀ ਨੇ ਜਾਨ ਬਚਾਉਣ ਲਈ ਗੋਲੀ ਵੀ ਚਲਾਈ, ਉਸ ਨੂੰ ਭੀੜ ਤੋਂ ਛੁਡਾਉਣ ਲਈ ਉੱਥੇ ਮੌਜ਼ੂਦ ਸੁਰੱਖਿਆ ਮੁਲਾਜ਼ਮਾਂ ਨੇ ਡਾਂਗਾਂ ਵੀ ਵਰ੍ਹਾਈਆਂ, ਪਰ ਨਾਕਾਮ ਰਹੇ। ਇਸ ਦੌਰਾਨ ਡੀਐੱਸਪੀ ਦੀ ਪਿਸਤੌਲ ‘ਚੋਂ ਨਿੱਕਲੀਆਂ ਗੋਲੀਆਂ ਨਾਲ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ।

ਪੁਲਿਸ ਅਧਿਕਾਰੀ  ਪਛਾਣ ਕਰਨ ਵਿੱਚ ਰਹੇ ਅਸਮਰੱਥ

ਅੱਧੀ ਰਾਤ ਤੋਂ ਬਾਅਦ ਵਾਪਰੀ ਇਸ ਘਟਨਾ ਵਿੱਚ ਮਾਰੇ ਗਏ ਡੀਐੱਸਪੀ ਦੀ ਅਜੇ ਪਛਾਣ ਨਹੀਂ ਹੋ ਸਕੀ ਅਤੇ ਤੜਕੇ ਦੋ ਵਜੇ ਤੱਕ ਕੋਈ ਪੁਲਿਸ ਅਧਿਕਾਰੀ ਵੀ ਉਸ ਦੀ ਪਛਾਣ ਕਰਨ ਵਿੱਚ ਅਸਮਰੱਥ ਰਹੇ। ਸਾਰੇ ਆਖ ਰਹੇ ਸਨ ਕਿ ਇਹ ਕਿਸੇ ਖੁਫ਼ੀਆ ਏਜੰਸੀ ਦਾ ਗੈਰ ਮੁਸਲਿਮ ਅਧਿਕਾਰੀ ਹੈ। ਜਿਸ ਸਮੇਂ ਡੀਐੱਸਪੀ ਨੂੰ ਬਾਹਰ ਭੀੜ ਨੇ ਕਤਲ ਕੀਤਾ, ਉਸ ਸਮੇਂ ਮਸਜਿਦ ਦੇ ਅੰਦਰ ਨਰਮਪੰਥੀ ਹੁਰੀਅਤ ਕਾਨਫਰੰਸ ਦੇ ਮੁਖੀ ਮੀਰਵਾਈਜ਼ ਮੌਲਵੀ ਉਮਰ ਫਾਰੂਕ ਲੋਕਾਂ ਨੂੰ ਇਸਲਾਮ ਦਾ ਪਾਠ ਪੜ੍ਹਾਉਂਦੇ ਹੋਏ ਅਮਨ, ਦਿਆਨਤਦਾਰੀ ਅਤੇ ਭਾਈਚਾਰੇ ਦੀ ਸਿੱਖਿਆ ਦੇ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨੂੰ ਸ਼ਬ-ਏ-ਕਦਰ ਸੀ। ਇਸ ਮੁਬਾਰਕ ਮੌਕੇ ‘ਤੇ ਸਥਾਨਕ ਮਸਜਿਦਾਂ, ਖਾਨਗਾਹਾਂ ਅਤੇ ਦਰਗਾਹਾਂ ਵਿੱਚ ਲੋਕ ਨਮਾਜ਼ ਲਈ ਇਕੱਠੇ ਹੋਏ ਸਨ। ਸ਼ਬ ਏ ਕਦਰ ਨੂੰ ਆਮ ਤੌਰ ‘ਤੇ ਇਸਲਾਮ ਨੂੰ ਮੰਨਣ ਵਾਲੇ ਮਸਜਿਦਾਂ ਵਿੱਚ ਹੀ ਪੂਰੀ ਰਾਤ ਇਬਾਦਤ ਵਿੱਚ ਲੰਘਾਉਂਦੇ ਹਨ।

ਡੀਐੱਸਪੀ ਮੁਹੰਮਦ ਅਯੂਬ ਵੀ ਇਬਾਦਤ ਲਈ ਜਾਮੀਆ ਮਸਜਿਦ ਵਿੱਚ ਗਏ। ਉਹ ਸਾਦੇ ਕੱਪੜਿਆਂ ਵਿੱਚ ਸਨ ਪਰ ਮਸਜਿਦ ਦੇ ਬਾਹਰ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਫੜ ਲਿਆ। ਉਨ੍ਹਾਂ ਨੇ ਡੀਐੱਸਪੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇੱਕ ਨੌਜਵਾਨ ਨੇ ਕਥਿਤ ਤੌਰ ‘ਤੇ ਉਨ੍ਹਾਂ ਦਾ ਪਿਸਤੌਲ ਖੋਹ ਕੇ, ਉਨ੍ਹਾਂ ‘ਤੇ ਹੀ ਗੋਲੀ ਚਲਾਉਣ ਦਾ ਯਤਨ ਕੀਤਾ। ਪਰ ਹੱਥੋਪਾਈ ਵਿੱਚ ਉਹ ਗੋਲੀ ਨਹੀਂ ਮਾਰ ਸਕਿਆ ਅਤੇ ਤਿੰਨ ਹੋਰ ਨੌਜਵਾਨ ਜੋ ਉੱਥੇ ਡੀਐੈੱਸਪੀ ਦੀ ਕੁੱਟਮਾਰ ਕਰ ਰਹੇ ਸਨ, ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ।

ਇਨ੍ਹਾਂ ਦੀ ਪਛਾਣ ਦਾਨਿਸ਼ ਮੀਰ, ਮਦੱਸਰ ਅਹਿਮਦ ਅਤੇ ਸੱਜਾਦ ਅਹਿਮਦ ਬੱਟ ਦੇ ਰੂਪ ਵਿੱਚ ਹੋਈ ਹੈ। ਤਿੰਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।