‘ਅਮਰਿੰਦਰ ਹੀ ਰਹਿਣਗੇ ਮੁੱਖ ਮੰਤਰੀ, ਬਦਲਣ ਦਾ ਸੁਆਲ ਹੀ ਨਹੀਂ, ਬਿਆਨਬਾਜ਼ੀ ਬੰਦ ਕਰਨ ਬਾਗੀ’

captan amrinder singh 1111

ਸੁਲ੍ਹਾ ਕਮੇਟੀ ਦੇ ਮੈਂਬਰਾਂ ਅਤੇ ਪੰਜਾਬ ਕਾਂਗਰਸ ਇੰਚਾਰਜ ਵੱਲੋਂ ਬਾਗੀਆਂ ਨੂੰ ਦੋ ਟੁੱਕ

  •  ਦਿੱਲੀ ਵਿਖੇ ਹੋਈ ਤਿੰਨ ਮੈਂਬਰੀ ਕਮੇਟੀ ਦੀ ਪਲੇਠੀ ਮੀਟਿੰਗ
  •  ਬਿਆਨਬਾਜ਼ੀ ਨਾ ਕਰਦੇ ਤਾਂ ਜ਼ਿਆਦਾ ਚੰਗਾ ਹੁੰਦਾ ਪਰ ਸਾਰਿਆਂ ਨੇ ਕੀਤੀ ਬਿਆਨਬਾਜ਼ੀ

ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਦਲਣ ਦਾ ਕੋਈ ਸੁਆਲ ਹੀ ਨਹੀਂ ਉੱਠਦਾ ਹੈ, ਉਹ ਆਪਣੇ ਅਹੁਦੇ ’ਤੇ ਬਣੇ ਰਹਿਣਗੇ। ਹਾਈ ਕਮਾਨ ਵੱਲੋਂ ਬਣਾਈ ਗਈ ਸੁਲ੍ਹਾ ਕਮੇਟੀ ਇਸ ਸਾਰੇ ਮਾਮਲੇ ਦਾ ਹੱਲ਼ ਕੱਢਣ ਲਈ ਸੁਲ੍ਹਾ ਕਰਵਾਉਣ ਲਈ ਬਣਾਈ ਗਈ ਹੈ ਨਾ ਕਿ ਕਿਸੇ ਨੂੰ ਅਹੁਦੇ ਤੋਂ ਹਟਾਉਣ ਲਈ ਇਸ ਲਈ ਜਿਹੜੇ ਕਾਂਗਰਸੀ ਵਿਧਾਇਕ ਜਾਂ ਫਿਰ ਮੰਤਰੀ ਬਿਆਨਬਾਜ਼ੀ ਕਰਨ ਵਿੱਚ ਲੱਗੇ ਹੋਏ ਹਨ, ਉਨਾਂ ਨੂੰ ਤੁਰੰਤ ਬਿਆਨਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ।

ਜੂਨ ਮਹੀਨੇ ਦੇ ਪਹਿਲੇ ਹਫ਼ਤੇ ਇਨ੍ਹਾਂ ਦੀ ਗੱਲ ਸੁਣੀ ਜਾਏਗੀ, ਇਸ ਲਈ ਹਾਈ ਕਮਾਨ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਚੁੱਪ ਵੱਟ ਕੇ ਬੈਠਣ। ਇਹ ਦੋ ਟੁੱਕ ਨਸੀਹਤ ਵਿੱਚ ਪੰਜਾਬ ਮਾਮਲੇ ਦੇ ਇੰਚਾਰਜ ਅਤੇ ਕਮੇਟੀ ਮੈਂਬਰ ਹਰੀਸ਼ ਰਾਵਤ ਨੇ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਿੱਤੀ ਹੈ।

ਕਾਂਗਰਸ ਹਾਈ ਕਮਾਨ ਵੱਲੋਂ ਹਰੀਸ਼ ਰਾਵਤ, ਮਲਿਕਾਰਜੁਨ ਖੜਗੇ ਅਤੇ ਜੇ.ਪੀ. ਅਗਰਵਾਲ ਦੀ ਬਣਾਈ ਗਈ ਕਮੇਟੀ ਵੱਲੋਂ ਦਿੱਲੀ ਵਿਖੇ ਸ਼ਨਿੱਚਰਵਾਰ ਨੂੰ ਪਲੇਠੀ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਵਿੱਚ ਚੱਲ ਰਹੇ ਘਮਸਾਣ ਬਾਰੇ ਨਾ ਸਿਰਫ਼ ਚਰਚਾ ਕੀਤੀ ਗਈ, ਸਗੋਂ ਸੋਮਵਾਰ ਤੋਂ ਹੀ ਵਿਧਾਇਕਾਂ ਦੀ ਸੁਣਵਾਈ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ।

Harish Rawat, Leaves, Congress, General Secretaryਹਰੀਸ਼ ਰਾਵਤ ਨੇ ਦੱਸਿਆ ਕਿ ਹਾਈ ਕਮਾਨ ਵੱਲੋਂ ਉਨ੍ਹਾਂ ਦੀ ਡਿਊਟੀ ਸਾਰਿਆਂ ਨੂੰ ਸੁਣਨ ਅਤੇ ਮਸਲੇ ਦਾ ਹੱਲ਼ ਕੱਢਣ ਲਈ ਤਿਆਰ ਕੀਤੀ ਗਈ ਹੈ, ਇਹ ਕਮੇਟੀ ਕਿਸੇ ਵੀ ਅਹੁਦੇਦਾਰ ਨੂੰ ਹਟਾਉਣ ਦੀ ਸ਼ਕਤੀ ਨਹੀਂ ਰੱਖਦੀ ਹੈ।
ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਹਟਾਉਣ ਬਾਰੇ ਜਾਂ ਫਿਰ ਕਿਸੇ ਖ਼ਿਲਾਫ਼ ਵੀ ਕੋਈ ਕਾਰਵਾਈ ਇਹ ਕਮੇਟੀ ਨਹੀਂ ਕਰ ਸਕਦੀ ਹੈ। ਉਨਾਂ ਵੱਲੋਂ ਹਰ ਕਿਸੇ ਦੀ ਸੁਣਨ ਤੋਂ ਬਾਅਦ ਉਨਾਂ ਨੂੰ ਸਮਝਾਇਆ ਜਾਏਗਾ ਅਤੇ ਸੁਲ੍ਹਾ ਕਰਵਾਈ ਜਾਏਗੀ। ਇਸ ਤੋਂ ਬਾਅਦ ਸਾਰੀ ਰਿਪੋਰਟ ਕਾਂਗਰਸ ਹਾਈ ਕਮਾਨ ਨੂੰ ਸੌਂਪ ਦਿੱਤੀ ਜਾਏਗੀ।
ਹਰੀਸ਼ ਰਾਵਤ ਨੇ ਕਿਹਾ ਕਿ ਹਰ ਕਿਸੇ ਨੂੰ ਇਸ ਕਮੇਟੀ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਮੀਡੀਆ ਵਿੱਚ ਕੋਈ ਵੀ ਗੱਲ ਕਰਨ ਦੀ ਥਾਂ ’ਤੇ ਇਸੇ ਕਮੇਟੀ ਕੋਲ ਉਹ ਆਪਣੀ ਗੱਲ ਰੱਖ ਸਕਦੇ ਹਨ।

ਭਲਕ ਤੋਂ ਬਾਗੀਆਂ ਦੇ ਗੁੱਸੇ-ਗਿਲੇ ਸੁਣੇਗੀ ਸੁਲ੍ਹਾ ਕਮੇਟੀ

ਹਰੀਸ਼ ਰਾਵਤ ਨੇ ਦੱਸਿਆ ਕਿ ਸੁਲ੍ਹਾ ਕਮੇਟੀ ਸੋਮਵਾਰ ਤੋਂ ਹੀ ਵਿਧਾਇਕਾਂ ਅਤੇ ਮੰਤਰੀਆਂ ਦੀ ਸੁਣਵਾਈ ਸ਼ੁਰੂ ਕਰ ਰਹੀ ਹੈ। ਹਰ ਕਿਸੇ ਨੂੰ ਆਪਣਾ ਪੱਖ ਅਤੇ ਗੱਲਬਾਤ ਰੱਖਣ ਲਈ ਦਿੱਲੀ ਆਉਣਾ ਪਏਗਾ ਅਤੇ ਦਿੱਲੀ ਵਿਖੇ ਹੀ ਸਾਰੀਆਂ ਮੀਟਿੰਗਾਂ ਹੋਣਗੀਆਂ। ਉਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਹ ਕਮੇਟੀ ਚੰਡੀਗੜ੍ਹ ਵਿਖੇ ਆ ਕੇ ਵੀ ਮੀਟਿੰਗ ਕਰ ਸਕਦੀ ਹੈ ਪਰ ਇਸ ਦੌਰਾਨ ਹਰ ਕਿਸੇ ਨੂੂੰ ਆਪਣੀ ਬਿਆਨਬਾਜ਼ੀ ਨੂੰ ਬੰਦ ਕਰਨਾ ਪਏਗਾ ਅਤੇ ਜਿਹੜਾ ਕੁਝ ਹੋ ਰਿਹਾ ਹੈ, ਉਹ ਪੂਰੀ ਤਰਾਂ ਗਲਤ ਹੈ, ਦੋਵਾਂ ਪੱਖਾ ਨੂੰ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।