ਘਪਲਿਆ ਵਾਲੇ ਵਿਭਾਗਾਂ ਦਾ ‘ਕੈਪਟਨ’ ਐ ਅਮਰਿੰਦਰ ਸਿੰਘ, ਨਹੀਂ ਰੋਕ ਸਕਿਆਂ ਘਪਲੇ ਤਾਂ ਕਾਹਦਾ ਐ ਇਹ ਮੁੱਖ ਮੰਤਰੀ

ਜੇਲ ਮੰਤਰੀ ਆਪਣੇ ਵਿਭਾਗ ਨੂੰ ਛੱਡ ਬੀਜ ਘੁਟਾਲਾ ਕਰਨ ਲੱਗਿਆ ਪਿਐ, ਅਮਰਿੰਦਰ ਸਿੰਘ ਨੂੰ ਜਾਣਕਾਰੀ ਤੱਕ ਨੀ : ਭਗਵੰਤ ਮਾਨ

ਸੁਪਰੀਮ ਕੋਰਟ ਦੇ ਜਸਟਿਸ ਰਾਹੀਂ ਹੋਏ ਦੋਵਾ ਘਪਲਿਆਂ ਦੀ ਜਾਂਚ : ਭਗਵੰਤ ਮਾਨ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪਹਿਲਾਂ ਐਕਸਈਜ਼ ਵਿਭਾਗ ‘ਚ 5600 ਕਰੋੜ ਦਾ ਘੁਟਾਲਾ ਤੇ ਹੁਣ ਖੇਤੀਬਾੜੀ ਵਿਭਾਗ ਵਿੱਚ ਬੀਜ ਘੁਟਾਲਾ, ਇੰਝ ਲਗ ਰਿਹਾ ਐ ਅਮਰਿੰਦਰ ਸਿੰਘ ਪੰਜਾਬ ਦਾ ਨਹੀਂ ਸਗੋਂ ਘਪਲਿਆ ਵਾਲੇ ਵਿਭਾਗ ਦਾ ‘ਕੈਪਟਨ’ ਲੱਗਿਆ ਹੋਇਆ ਹੈ। ਕਿਉਂਕਿ ਜਿਹੜੇ ਦੋਹੇ ਵਿਭਾਗਾਂ ਵਿੱਚ ਘੁਟਾਲਾ ਹੋਇਆ ਹੈ, ਉਸ ਦਾ ਕੋਈ ਹੋਰ ਨਹੀਂ ਸਗੋਂ ਅਮਰਿੰਦਰ ਸਿੰਘ ਦੀ ਮੰਤਰੀ ਹੈ। ਜਿਸ ਤੋਂ ਸਾਫ਼ ਹੈ ਕਿ ਜਿਹੜਾ ਆਪਣੇ ਕੁਝ ਦੇ ਵਿਭਾਗਾਂ ਵਿੱਚ ਘਪਲਾ ਨਹੀਂ ਰੋਕ ਸਕਿਆ ਹੈ, ਉਹ ਪੰਜਾਬ ਦਾ ਕਾਹਦਾ ਮੁੱਖ ਮੰਤਰੀ ਬਣਿਆ ਫਿਰਦਾ ਹੈ।

ਇਹੋ ਜਿਹੇ ਮੁੱਖ ਮੰਤਰੀ ਤੋਂ ਕੋਈ ਆਸ ਵੀ ਨਹੀਂ ਰੱਖੀ ਜਾ ਸਕਦੀ ਹੈ। ਪੰਜਾਬ ਵਿੱਚ ਘਪਲੇ ਤੋਂ ਪਰਦਾਫ਼ਾਸ ਕਰਨ ਦੀ ਥਾਂ ਉਸ ‘ਤੇ ਮਿੱਟੀ ਪਾਉਣ ਲਈ ਅਮਰਿੰਦਰ ਸਿੰਘ ਨੇ ਖ਼ੁਦ ਹੀ ਆਪਣੇ ਮੰਤਰੀ ਦੀ ਜਾਂਚ ਟੀਮ ਬਣਾ ਦਿੱਤੀ, ਜਿਹੜੀ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਕਿਵੇਂ ਜਾਂਚ ਕਰ ਸਕਦੀ ਹੈ। ਇਨਾਂ ਤੋਂ ਕੋਈ ਵੀ ਆਸ ਨਹੀਂ ਰੱਖੀ ਜਾ ਸਕਦੀ ਹੈ। ਇਸ ਲਈ ਸੁਪਰੀਮ ਕੋਰਟ ਦੇ ਜਸਟਿਸ ਦੀ ਅਗਵਾਈ ਹੇਠ ਹੀ ਜਾਂਚ ਟੀਮ ਦਾ ਗਠਨ ਹੋਣਾ ਚਾਹੀਦਾ ਹੈ। ਇਹ ਤਿੱਖਾ ਹਮਲਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।

ਭਗਵੰਤ ਮਾਨ ਨੇ ਕਿਹਾ ਕਿ ਜੇਲ੍ਹ ਮੰਤਰੀ ਆਪਣੀਆਂ ਜੇਲਾਂ ਵਿੱਚ ਨਸ਼ਾ ਵੇਚਦੇ ਹੋਏ ਜਾਂ ਫਿਰ ਉਹ ਘਪਲਾ ਕਰਦੇ ਹੋਏ ਤਾਂ ਸੁਣਿਆ ਸੀ ਪਰ ਆਪਣੇ ਵਿਭਾਗ ਤੋਂ ਬਾਹਰ ਮੁੱਖ ਮੰਤਰੀ ਦੇ ਵਿਭਾਗ ਵਿੱਚ ਜੇਲ ਮੰਤਰੀ ਬੀਜ ਘਪਲਾ ਕਰ ਜਾਵੇ, ਇਹ ਪਹਿਲੀ ਵਾਰ ਸੁਣਿਆ ਹੈ। ਇਸ ਲਈ ਸੁਖਜਿੰਦਰ ਰੰਧਾਵਾ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਇਸ ਤਰਾਂ ਘਪਲੇ ਨੂੰ ਅੰਜਾਮ ਦੇਣ ਵਾਲੇ ਨੂੰ ਮੰਤਰੀ ਦੀ ਕੁਰਸੀ ‘ਤੇ ਬੈਠੇ ਰਹਿਣ ਦਾ ਕੋਈ ਹੱਕ ਨਹੀਂ ਹੈ।

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਇੱਕ ਸਫ਼ੈਦ ਕੁੜਤਾ ਪਾਉਂਦੇ ਹੁੰਦੇ ਸਨ, ਜਿਸ ‘ਚ ਉਹ ਕਲੀਨ ਚਿੱਟ ਹਰ ਸਮੇਂ ਰੱਖਦੇ ਸਨ ਤਾਂ ਕਿ ਜਦੋਂ ਵੀ ਕਿਸੇ ‘ਤੇ ਦੋਸ਼ ਲਗੇ ਤਾਂ ਤੁਰੰਤ ਕਲੀਨ ਚਿਟ ਜਾਰੀ ਕਰ ਦਿੱਤੀ ਜਾਵੇ। ਹੁਣ ਸਿਰਫ਼ ਉਸ ਸਫ਼ੈਦ ਕੁੜਤੇ ਨੂੰ ਪਾਉਣ ਵਾਲਾ ਬਦਲ ਗਿਆ ਹੈ। ਅਮਰਿੰਦਰ ਸਿੰਘ ਵੀ ਕੋਈ ਜਾਂਚ ਕੀਤੇ ਬਿਨਾਂ ਹੀ ਆਪਣੇ ਕੁੜਤੇ ਵਿੱਚੋਂ ਕਲੀਨ ਚਿਟ ਬਾਹਰ ਕੱਢਦੇ ਹੋਏ ਹੱਥ ਵਿੱਚ ਫੜਾਂ ਦਿੰਦੇ ਹਨ ਪਰ ਹੁਣ ਪੰਜਾਬ ਵਿੱਚ ਇਹੋ ਜਿਹਾ ਕੁਝ ਨਹੀਂ ਚੱਲੇਗਾ।  ਬਾਕਸ-1

‘ਕੁੱਤੀ ਚੋਰ ਨਾਲ ਮਿਲੀ ਹੋਵੇ’ ਤਾਂ ਇਨਸਾਫ਼ ਨਹੀਂ ਮਿਲਦਾ

ਭਗਵੰਤ ਮਾਨ ਨੇ ਕਿਹਾ ਕਿ ਜਦੋਂ ਕੁੱਤੀ ਹੀ ਚੋਰ ਨਾਲ ਮਿਲੀ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਕੁਝ ਇਹੋ ਹੀ ਹੋ ਰਿਹਾ ਹੈ। ਜਿਸ ਨੂੰ ਖਜਾਨੇ ਦੀ ਸੁਰੱਖਿਆ ਦਾ ਜਿੰਮਾ ਦਿੱਤਾ ਸੀ, ਉਹ ਖ਼ੁਦ ਚੋਰਾ ਨਾਲ ਮਿਲ ਕੇ ਚੋਰੀ ਕਰਵਾਉਣ ਲੱਗਿਆ ਹੋਇਆ ਹੈ। ਸਰਕਾਰ ਨੂੰ ਇਸ ਸਾਰੇ ਦਾ ਹਿਸਾਬ ਕਿਤਾਬ ਦੇਣਾ ਪੈਣਾ ਹੈ ਅਤੇ ਵਿਰੋਧੀ ਧਿਰ ਕਿਸੇ ਵੀ ਹਾਲਤ ਵਿੱਚ ਸਰਕਾਰ ਨੂੰ ਟਿੱਕ ਕੇ ਉਸ ਸਮੇਂ ਤੱਕ ਬੈਠਣ ਨਹੀਂ ਦੇਵੇਗੀ, ਜਦੋਂ ਤੱਕ ਕਿ ਇਨਾਂ  ਨੂੰ ਕਰਨ ਵਾਲੇ ਜੇਲ ਵਿੱਚ ਨਹੀਂ ਚਲੇ ਜਾਂਦੇ ਹਨ।

ਇੱਕ ਕੁਰਸੀ ਦੀ ਖਾਤਰ, ਮਸੀਹੇ ਨੇ ਲਾ ਦਿੱਤੀ ਕਿਸਾਨੀ ਦਾਅ ‘ਤੇ

ਖੁਦ ਨੂੰ ਕਿਸਾਨਾਂ ਦਾ ਮਸੀਹਾ ਕਹਾਉਣ ਵਾਲਾ ਪਰਕਾਸ਼ ਸਿੰਘ ਬਾਦਲ ਹੁਣ ਸਿਰਫ਼ ਆਪਣੀ ਨੂੰਹ ਲਈ ਇੱਕ ਕੁਰਸੀ ਖਾਤਰ ਕਿਸਾਨੀ ਦਾਅ ‘ਤੇ ਲਗਾਉਣ ਲੱਗਿਆ ਹੋਇਆ ਹੈ। ਪਰਕਾਸ਼ ਸਿੰਘ ਬਾਦਲ ਵਲੋਂ ਕੇਂਦਰੀ ਕਾਨੂੰਨ ਦਾ ਵਿਰੋਧ ਨਾ ਕਰਨਾ ਸਾਫ਼ ਜ਼ਾਹਿਰ ਕਰ ਰਿਹਾ ਹੈ ਕਿ ਉਹ ਕੇਂਦਰ ਦੇ ਇਸ ਕਾਨੂੰਨ ਦੇ ਨਾਲ ਹਨ, ਜਿਸ ਨਾਲ ਹੁਣ ਸੰਘੀ ਢਾਂਚੇ ਦੀ ਹੀ ਸੰਘੀ ਘੁੱਟ ਦਿੱਤੀ ਜਾ ਰਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ‘ਤੇ ਉਨਾਂ ਨੂੰ ਤਰਸ ਆਉਂਦਾ ਹੈ ਕਿ ਉਸ ਨੂੰ ਤਾਂ ਝੂਠ ਵੀ ਬੋਲਣਾ ਨਹੀਂ ਆਉਂਦਾ ਹੈ। ਦਿੱਲੀ ਸਰਕਾਰ ਦੇ ਅੱਗੇ ਗੋਡੇ ਟੇਕਦੇ ਹੋਏ ਦਿੱਲੀ ਵਿਖੇ ਹਰ ਗੱਲ ਦੀ ਹਾਮੀ ਭਰ ਦਿੰਦਾ ਹੈ ਤਾਂ ਪੰਜਾਬ ਵਿੱਚ ਆ ਕੇ ਉਸੇ ਮੂੰਹ ਨਾਲ ਝੂਠ ਬੋਲਦੇ ਹੋਏ ਪੰਜਾਬ ਦੇ ਹੱਕ ਦੀ ਗਲ ਕਰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।