ਆੜ੍ਹਤੀਆਂ ਦੀ ਗ੍ਰਿਫਤਾਰੀ ਵਾਸਤੇ ਬੰਦੀ ਬਣਾਏ ਥਾਣਾ ਕੈਂਟ ਦੇ ਮੁਲਾਜ਼ਮ 

Cantt, Employee, Detained, Police Station, Arrest, Aratiyas

ਪੁਲਿਸ ਅਧਿਕਾਰੀਆਂ ਦੇ ਭਰੋਸੇ ‘ਤੇ ਘਿਰਾਓ ਮੁਲਤਵੀ ਮਾਮਲਾ ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਖੁਰਦ ਦੀ ਖੁਦਕਸ਼ੀ ਦਾ

ਅਸ਼ੋਕ ਵਰਮਾ 
ਬਠਿੰਡਾ, 30 ਜੂਨ 

ਬਠਿੰਡਾ ਜ਼ਿਲ੍ਹੇ ਦੇ ਥਾਣਾ ਕੈਂਟ ਅੱਗੇ ਭੁੱਚੋ ਮੰਡੀ ਦੇ ਆੜ੍ਹਤੀ ਭਰਾਵਾਂ ਨੂੰ ਗ੍ਰਿਫਤਾਰ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਤੇ ਬਠਿੰਡਾ ਪੁਲਿਸ  ਦਰਮਿਆਨ ਟਕਰਾਓ ਬਣਨ ਲੱਗਾ ਹੈ ਅੱਜ ਰੋਹ ‘ਚ ਆਏ ਕਿਸਾਨਾਂ  ਨੇ 12 ਵਜੇ ਪੁਲਿਸ ਮੁਲਾਜ਼ਮਾਂ  ਨੂੰ ਬੰਦੀ ਬਣਾ ਲਿਆ ਜਿਸ ਪਿੱਛੋਂ ਮਹੌਲ ਤਣਾਓ ਵਾਲਾ ਬਣ ਗਿਆ ਕਿਸਾਨਾਂ ਦੇ ਇਸ ਝਟਕੇ ਤੋਂ ਬਾਅਦ ਪੁਲਿਸ ਅਫਸਰ ਅਚਾਨਕ ਹਰਕਤ ‘ਚ ਆ ਗਏ ਮੌਕੇ ‘ਤੇ ਪੁੱਜੇ ਐਸਪੀ ਸਿਟੀ ਜਸਪਾਲ ਸਿੰਘ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਸੋਮਵਾਰ 11 ਵਜੇ ਤੱਕ ਮਸਲੇ ਦੇ ਹੱਲ ਦਾ ਭਰੋਸਾ ਦਿਵਾਕੇ ਘਿਰਾਓ ਮੁਲਤਵੀ ਕਰਵਾ ਲਿਆ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਥਾਣਾ ਵੀ ਕਿਧਰੇ ਨਹੀਂ ਚੱਲਿਆ ਅਤੇ ਉਹ ਵੀ ਐਥੇ ਹੀ ਹਨ, ਲੋੜ ਪਈ ਤਾਂ ਮੁੜ ਤੋਂ ਘਿਰਾਓ ਕਰਨਗੇ ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਆੜ੍ਹਤੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ਜਿਸ ਲਈ ਤਿੰਨ ਦਿਨਾਂ ਤੋਂ ਥਾਣਾ ਕੈਂਟ  ਅੱਗੇ ਧਰਨਾ ਸ਼ੁਰੂ ਕੀਤਾ ਹੋਇਆ ਹੈ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਹੁਣ ਜਦੋਂ ਪੁਲਿਸ ਨੇ ਅੜੀ ਫੜ੍ਹ ਲਈ ਹੈ ਤਾਂ ਅੱਜ ਸੰਕੇਤਕ ਰੂਪ ‘ਚ ਥਾਣੇ ਦਾ ਘਿਰਾਓ ਕਰਕੇ ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਦੋਵਾਂ ਆੜ੍ਹਤੀ ਭਰਾਵਾਂ ਨੂੰ ਫੌਰੀ ਤੌਰ ‘ਤੇ ਗ੍ਰਿਫਤਾਰ ਕਰਨ ਨਹੀਂ ਤਾਂ ਅਗਲਾ ਐਕਸ਼ਨ ਇਸ ਤੋਂ ਵੀ ਤਿੱਖਾ ਕੀਤਾ ਜਾਏਗਾ ਕਿਸਾਨਾਂ ਦਾ ਪ੍ਰਤੀਕਰਮ ਹੈ ਕਿ ਥਾਣਾ ਕੈਂਟ ‘ਚ ਦਰਜ ਹੋਏ ਮੁਕੱਦਮੇ ‘ਚ ਨਾਮਜਦ ਮੁਲਜਮਾਂ ਦਾ ਕਥਿਤ ਸਿਆਸੀ ਪ੍ਰਭਾਵ ਹੈ ਜਿਸ ਦੇ ਨਾਤੇ ਬਠਿੰਡਾ ਪੁਲਿਸ ਦੋਵਾਂ ਭਰਾਵਾਂ ਨੂੰ ਅਗਾਊਂ ਜਮਾਨਤ ਕਰਵਾਉਣ ਲਈ ਵਕਤ ਦੇ ਰਹੀ ਹੈ ਧਰਨੇ ਵਿੱਚ ਸ਼ਾਮਲ ਕਿਸਾਨਾਂ  ਲਈ ਲੰਗਰ ਪਹਿਲਾਂ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਛਕਣ ਪਿੱਛੋਂ ਕਿਸਾਨ ਪੰਡਾਲ ਵਿੱਚ ਜਾ ਬੈਠਦੇ ਹਨ ਕਿਸਾਨਾਂ ਦੇ ਜੋਸ਼ ਨੂੰ ਦੇਖਦਿਆਂ ਫਿਲਹਾਲ ਪੁਲਿਸ ਨੇ ਧਰਨੇ ਵਿੱਚ ਵਿਘਨ ਪਾਉਣ ਤੋਂ ਪਾਸਾ ਵੱਟਿਆ ਹੋਇਆ ਹੈ ਓਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਬਠਿੰਡਾ ਦੀ ਅਗਵਾਈ ਹੇਠ ਪੁਲਿਸ ਥਾਣਾ ਕੈਂਟ ਬਠਿੰਡਾ ਅੱਗੇ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ  ਮੋਠੂ ਸਿੰਘ ਕੋਟੜਾ ਨੇ ਆਖਿਆ ਕਿ ਅਸਲ ‘ਚ ਪੁਲਿਸ ਪਿਛਲੇ ਦਰਵਾਜੇ ਰਾਹੀਂ ਆੜ੍ਹਤੀਆਂ ਨੂੰ ਕੇਸ ‘ਚੋਂ ਬਾਹਰ ਕਰਨ ਦੇ ਰੌਂਅ ‘ਚ ਹੈ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਏਗਾ ਅਤੇ ਕਿਸਾਨ ਗ੍ਰਿਫਤਾਰੀਆਂ ਲਈ ਸਿਰ ਧੜ ਦੀ ਬਾਜੀ ਲਾ ਦੇਣਗੇ ਉਨ੍ਹਾਂ ਦੱਸਿਆ ਕਿ ਯੂਨੀਅਨ ਪੁਲਿਸ ਗ੍ਰਿਫਤਾਰੀ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ ਕਰੇਗੀ ਇਹ ਪੁਲਿਸ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ।

ਧਰਨੇ ਨੂੰ ਸੰਬੋਧਨ ਕਰਦਿਆਂ ਮਹਿਲਾ ਵਿੰਗ ਦੀ ਜਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਿਆਸੀ ਦਬਾਅ ਹੈਠ ਹੈ ਅਤੇ ਮੁਲਜਮਾਂ ਦੀ ਪੁਸ਼ਤਪਨਾਹੀਂ ਕੀਤੀ ਜਾ ਰਹੀ ਹੈ ਕਿਸਾਨ ਆਗੂ ਝੰਡਾ ਸਿੰਘ ਜੇਠੂ ਕੇ ਦਾ ਕਹਿਣਾ ਹੈ ਕਿ ਹੁਣ ਮਨਜੀਤ ਸਿੰਘ ਦੇ ਪਰਿਵਾਰ ਨਾਲ ਅੰਤਾਂ ਦਾ ਧੱਕਾ ਕੀਤਾ ਗਿਆ ਹੈ ਇਸ ਲਈ ਪੁਲਿਸ ਨੂੰ ਵਕਤ ਵਿਚਾਰਨਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਅਸਲ ‘ਚ ਪੁਲਿਸ ਕਿਸਾਨਾਂ ਦੀ ਤਾਕਤ ਪਰਖਣ ਦੇ ਰੌਂਅ ਵਿਚ ਹੈ ਇਸ ਲਈ ਧਰਨੇ ‘ਚ ਬੈਠੇ ਲੋਕ ਵੀ ਹੁਣ ਪ੍ਰਸ਼ਾਸ਼ਨ ਨੂੰ ਆਪਣਾ ਦਮ ਦਿਖਾ ਕੇ ਹੀ ਮੋਰਚਾ ਖਤਮ ਕਰਨਗੇ ਅੱਜ ਦੇ ਧਰਨੇ ਨੂੰ ਬਸੰਤ ਸਿੰਘ ਕੋਠਾ ਗੁਰੂ,ਦਰਸ਼ਨ ਸਿੰਘ ਮਾਈਸਰ ਖਾਨਾ, ਜਗਸੀਰ ਸਿੰਘ ਝੁੰਬਾ, ਸੁਖਦੇਵ ਸਿੰਘ ਜਵੰਧਾ, ਹੁਸ਼ਿਆਰ ਸਿੰਘ,ਬਲਜੀਤ ਸਿੰਘ ਪੂਹਲਾ, ਅਮਰੀਕ ਸਿੰਘ ਸਿਵੀਆਂ,ਬਹੱਤਰ ਸਿੰਘ ਨੰਗਲਾ, ਗੁਰਪਾਲ ਸਿੰਘ ਦਿਉਣ,ਰਾਮ ਸਿੰਘ ਕੋਟਗੁਰੂ, ਜਗਦੇਵ ਸਿੰਘ ਜੋਗੇਵਾਲਾ, ਭੋਲਾ ਸਿੰਘ ਰਾਏਖਾਨਾ, ਬਲਦੇਵ ਸਿੰਘ ਪੀਟੀ ਅਤੇ ਬਲਵਿੰਦਰ ਸਿੰਘ ਫਰੀਦਕੋਟ ਕੋਟਲੀ ਨੇ ਵੀ ਸੰਬੋਧਨ ਕੀਤਾ ਅੱਜ ਦੇ ਧਰਨੇ ‘ਚ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨੁਸਰਾਲੀ ਨੇ ਸੰਬੋਧਨ ਕਰਦਿਆਂ ਧਰਨੇ ਨੂੰ ਭਰਾਤਰੀ ਹਮਾਇਤ ਦੇਣ ਦਾ ਐਲਾਨ ਕੀਤਾ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।