ਠੇਕੇਦਾਰ ਦੀ ਅਣਗਹਿਲੀ ‘ਤੇ ਕੈਬਨਿਟ ਮੰਤਰੀ ਦਾ ਚੜਿਆ ਪਾਰਾ

ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਕੀਤੀ ਹਦਾਇਤ

ਨਾਭਾ, (ਤਰੁਣ ਕੁਮਾਰ ਸ਼ਰਮਾ) ਬੀਤੇ ਦਿਨ ਨਗਰ ਕੌਂਸਲ ਵਿੱਚ ਹੋਏ ਸਮਾਰੋਹ ਦੌਰਾਨ ਮੁੱਖ ਮਹਿਮਾਨ ਰਹੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪਾਰਾ ਉਸ ਸਮੇਂ ਚੜ ਗਿਆ ਜਦੋਂ ਉਨ੍ਹਾਂ ਨੂੰ ਸ਼ਹਿਰ ਦੇ ਵਿਕਾਸ ਕਾਰਜ ਕਥਿਤ ਤੌਰ ‘ਤੇ ਅੜਿੱਕਾ ਬਣੇ ਠੇਕੇਦਾਰ ਦੀ ਅਣਗਹਿਲੀ ਕਾਰਨ ਰੁਕੇ ਹੋਣ ਦੀ ਜਾਣਕਾਰੀ ਮਿਲੀ।

ਜਿਕਰਯੋਗ ਹੈ ਕਿ ਨਗਰ ਕੌਂਸਲ ਵੱਲੋਂ ਜਾਰੀ ਟੈਂਡਰਾਂ ਵਿੱਚ ਸ਼ਹਿਰ ਦੇ ਬਾਹਰੀ ਅਤੇ ਅੰਦਰੂਨੀ ਗੰਦੇ ਨਾਲੇ ਦੀ ਸਫਾਈ ਦੇ ਦੋ ਠੇਕੇ ਦੀ ਪੰਜਾਬ ਕੋ ਆਪ੍ਰੇਟਿਵ ਲੇਬਰ ਐਂਡ ਸੋਸਾਇਟੀ ਲਿਮਟਿਡ ਨਾਮ ਦੀ ਫਰਮ ਨੇ ਕ੍ਰਮਵਾਰ 34 ਲੱਖ 40 ਹਜਾਰ ਅਤੇ 30 ਲੱਖ ਰੁਪਏ ਸਮੇਤ ਕੁੱਲ 64 ਲੱਖ 40 ਹਜਾਰ ਵਿੱਚ ਲੈ ਲਏ। ਮਜੇ ਦੀ ਗੱਲ ਇਹ ਹੈ ਕਿ ਠੇਕਾ ਲੈਣ ਵਾਲੀ ਕੰਪਨੀ ਅਸਿੱਧੇ ਤੌਰ ‘ਤੇ ਹਲਕੇ ਦੇ ਅਕਾਲੀ ਲੀਡਰ ਨਾਲ ਸੰਬੰਧਤ ਹੈ।

ਉਪਰੋਕਤ ਕੰਪਨੀ ਨੇ ਇਹ ਸਫਾਈ ਕਾਰਜ ਇੱਕ ਮਹੀਨੇ ਅੰਦਰ ਪੂਰਾ ਕਰਾਉਣਾ ਸੀ। ਦੂਜੇ ਪਾਸੇ 3 ਮਾਰਚ ਨੂੰ ਉਪਰੋਕਤ ਕੰਪਨੀ ਨੂੰ ਵਰਕ ਪਰਮਿਟ ਜਾਰੀ ਕੀਤੇ ਜਾਣ ਦੇ ਦਾਅਵਿਆਂ ਦੇ ਬਾਵਜੂਦ ਅੱਜ ਤੱਕ ਕੰਮ ਸ਼ੁਰੂ ਨਹੀਂ ਕੀਤਾ ਗਿਆ। ਠੇਕੇਦਾਰ ਦੀ ਉਪਰੋਕਤ ਵਰਤੀ ਜਾ ਰਹੀ ਅਣਗਹਿਲੀ ਦੀ ਜਾਣਕਾਰੀ ਮਿਲਦਿਆਂ ਹੀ ਕੈਬਨਿਟ ਮੰਤਰੀ ਧਰਮਸੋਤ ਦਾ ਪਾਰਾ ਚੜ ਗਿਆ ਅਤੇ ਉਨ੍ਹਾਂ ਨੇ ਚੱਲਦੇ ਸਮਾਰੋਹ ਵਿੱਚ ਹੀ ਕੌਂਸਲ ਦੇ ਅਫਸਰਾਂ ਦੀ ਕਲਾਸ ਲਗਾ ਦਿੱਤੀ।

ਇਸ ਤੋਂ ਬਾਦ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਰਿਜਰਵ ਹਲਕਾ ਨਾਭਾ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਣਾ ਹੈ ਅਤੇ ਇਸ ਦੇ ਵਿਕਾਸ ਕਾਰਜਾਂ ਵਿੱਚ ਅੜਿੱਕਾ ਬਣੇ ਕਿਸੇ ਵੀ ਵਿਅਕਤੀ ਜਾਂ ਫਰਮ ਵੱਲੋਂ ਜੇਕਰ ਕੋਈ ਵੀ ਅਣਗਹਿਲੀ ਵਰਤੀ ਜਾਂਦੀ ਹੈ ਤਾਂ ਉਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਕੌਂਸਲ ਪ੍ਰਸ਼ਾਸ਼ਨ ਨੂੰ ਸੰਬੰਧਤ ਠੇਕੇਦਾਰ ਫਰਮ ਨੂੰ ਬਲੈਕ ਲਿਸਟ ਕਰਕੇ ਦੂਜੀ ਧਿਰ ਨੂੰ ਠੇਕਾ ਦੇਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ।

ਦੂਜੇ ਪਾਸੇ ਜਦੋਂ ਅਕਾਲੀ ਲੀਡਰ ਨੂੰ ਵਿਕਾਸ ਕਾਰਜ ਦੀ ਸ਼ੁਰੂਆਤ ਵਿੱਚ ਹੋ ਰਹੀ ਦੇਰੀ ਸੰਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਠੇਕੇਦਾਰ ਫਰਮ ਉਸਦੇ ਜਾਣਕਾਰ ਦੀ ਹੈ। ਉਸ ਨੇ ਦਾਅਵਾ ਕੀਤਾ ਕਿ ਫਰਮ ਨੂੰ ਅੱਜ ਤੱਕ ਵਰਕ ਪਰਮਿਟ ਹੀ ਜਾਰੀ ਨਹੀਂ ਕੀਤਾ ਗਿਆ ਤਾਂ ਕੰਮ ਕਿਸ ਪ੍ਰਕਾਰ ਸ਼ੁਰੂ ਹੋ ਜਾਂਦਾ। ਉਸ ਨੇ ਦਾਅਵਾ ਕੀਤਾ ਕਿ ਸੋਮਵਾਰ ਤੱਕ ਵਰਕ ਪਰਮਿਟ ਜਾਰੀ ਹੋ ਜਾਵੇਗਾ ਅਤੇ ਕੰਮ ਵੀ ਤੇਜੀ ਨਾਲ ਸ਼ੁਰੂ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।