ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵੱਖ-ਵੱਖ ਕੰਪਨੀਆਂ ਵਿੱਚ ਨਿਯੁਕਤ ਮਿਮਿਟ ਦੇ 56 ਵਿਦਿਆਰਥੀਆਂ ਨੂੰ ਵੰਡੇ ਨਿਯੁਕਤੀ ਪੱਤਰ

(ਮਨੋਜ) ਮਲੋਟ। ਮਲੋਟ ਇਲਾਕੇ ਦੀ ਸਿਰਮੌਰ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ), ਮਲੋਟ ਵਿਖੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਐਮ.ਐਲ.ਏ ਮਲੋਟ ਡਾ. ਬਲਜੀਤ ਕੌਰ (Cabinet Minister Baljit Kaur) ਅਤੇ ਲੰਬੀ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਸੰਸਥਾ ਦੇ ਸਾਲਾਨਾ ਟੇਲੈਂਟ ਸਰਚ ਪੋ੍ਰਗਰਾਮ ਵਿੱਚ ਸ਼ਿਰਕਤ ਕੀਤੀ ਜਿੱਥੇ ਉਨ੍ਹਾਂ ਨੇ ਸੰਸਥਾ ਦੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਉੱਥੇ ਹੀ ਸੰਸਥਾ ਦੇ 56 ਵਿਦਿਆਰਥੀਆਂ, ਜਿਹਨਾਂ ਨੇ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀ ਹਾਸਲ ਕੀਤੀ, ਨੂੰ ਨਿਯੁਕਤੀ ਪੱਤਰ ਵੰਡੇ। ਡਾ. ਬਲਜੀਤ ਕੌਰ ਨੇ ਕਿਹਾ ਕਿ ਸਾਰੇ ਹੀ ਵਿਦਿਆਰਥੀਆਂ ਨੂੰ ਲਗਨ ਅਤੇ ਮਿਹਨਤ ਨਾਲ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਕਿ ਜਿਸ ਤਰ੍ਹਾਂ ਇਹਨਾਂ ਵਿਦਿਆਰਥੀਆਂ ਨੇ ਨੌਕਰੀ ਹਾਸਲ ਕੀਤੀ ਹੈ ਉਸੇ ਤਰ੍ਹਾਂ ਸੰਸਥਾ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਨੌਕਰੀ ਮਿਲ ਸਕਦੀ ਹੈ। ਡਾ.ਬਲਜੀਤ ਕੌਰ ਨੇ ਸੰਸਥਾ ਦੇ ਡਾਇਰੈਕਟਰ, ਟੇ੍ਰਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਮੈਂਬਰਾਂ ਦੀ ਸ਼ਲਾਘਾ ਕਰਦੇ ਹੋਏ ਕਿ ਜਿੱਥੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਨਾਲ ਕੰਪਨੀਆਂ ਵਿੱਚ ਨੌਕਰੀਆਂ ਹਾਸਲ ਕੀਤੀਆਂ ਹਨ ਉਥੇ ਹੀ ਇਹ ਸੰਸਥਾ ਦੇ ਫੈਕਲਟੀ ਅਤੇ ਸਟਾਫ਼ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਵੀ ਹੈ।

ਆਖਰੀ ਸਾਲ ਦੇ ਕੁੱਲ 130 ਵਿਦਿਆਰਥੀਆਂ ਵਿੱਚੋਂ 76 ਵਿਦਿਆਰਥੀਆਂ ਦੀ ਹੋਈ ਚੋਣ

ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਦੱਸਿਆ ਕਿ ਬੀ.ਟੈਕ. ਕੋਰਸਾਂ ਦੇ ਆਖਰੀ ਸਾਲ ਦੇ ਕੁੱਲ 130 ਵਿਦਿਆਰਥੀਆਂ ਵਿੱਚੋਂ 76 ਵਿਦਿਆਰਥੀਆਂ ਦੀ ਵੱਖ-ਵੱਖ ਕੰਪਨੀਆਂ ਜਿਵੇਂ ਇੰਕਚਰ ਟੈਕਨਾਲੋਜੀਜ਼ ਬੰਗਲੌਰ, ਹਾਇਕ ਐਜੂਕੇਸ਼ਨ ਨਵੀਂ ਦਿੱਲੀ, ਚਿਕਮਿਕ ਮੋਹਾਲੀ, ਮਿਡਰਿਫ ਇਨਫੋ ਸੋਲਿਊਸ਼ਨ ਮੋਹਾਲੀ, ਕੈਂਪਾਲਿਨ ਇਨੋਵੇਸ਼ਨ ਪ੍ਰਾਈਵੇਟ ਲਿਮ: ਬੰਗਲੌਰ, ਇਨਐਕਟ ਈ.ਸਰਵਿਸਿਜ਼ ਪ੍ਰਾਈਵੇਟ ਲਿਮ: ਮੋਹਾਲੀ, ਕੁਐਸਟ ਗਲੋਬਰ ਟੈਕਨਾਲੋਜੀ ਬੰਗਲੌਰ, ਐਨ.ਸੀ.ਆਰ. ਕਾਰਪੋਰੇਸ਼ਨ ਇੰਡੀਆ ਪ੍ਰਾਈਵੇਟ ਲਿਮ: ਚੰਡੀਗੜ੍ਹ ਆਦਿ ਵੱਲੋਂ ਨੌਕਰੀ ਲਈ ਚੋਣ ਕੀਤੀ ਗਈ ਹੈ, ਜਿਸ ਵਿੱਚੋਂ 56 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਨੇ 3.5 ਲੱਖ ਤੋਂ 7 ਲੱਖ ਰੁਪਏ ਸਲਾਨਾ ਦੇ ਪੈਕੇਜ਼ ਹਾਸਲ ਕੀਤੇ ਹਨ। ਚੁਣੇ ਗਏ ਵਿਦਿਆਰਥੀਆਂ ਵਿੱਚੋਂ ਕੁੱਝ ਵਿਦਿਆਰਥੀ ਅਜਿਹੇ ਵੀ ਹਨ ਜਿਹਨਾ ਕੋਲ 4-4 ਕੰਪਨੀਆਂ ਦੀ ਨੌਕਰੀ ਲਈ ਨਿਯੁਕਤੀ ਪੱਤਰ ਹਨ। ਉਹਨਾਂ ਇਸ ਕੰਮ ਲਈ ਸੰਸਥਾ ਦੇ ਟੇ੍ਰਨਿੰਗ ਐਂਡ ਪਲੇਸਮੈਂਟ ਅਫ਼ਸਰ ਅਤੇ ਮੈਂਬਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਸੰਸਥਾ ਦੇ ਫੈਕਲਟੀ ਅਤੇ ਸਟਾਫ ਮਿਹਨਤ ਕਰ ਰਹੇ ਹਨ ਉੱਥੇ ਹੀ ਡਾ. ਬਲਜੀਤ ਦੇ ਯਤਨਾ ਸਦਕਾ ਕੁੱਝ ਹੋਰ ਕੰਪਨੀਆਂ ਦੀ ਸੰਸਥਾ ਵਿਖੇ ਆਮਦ ਸ਼ੁਰੂ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਇੰਕਚਰ ਕੰਪਨੀ ਨੇ ਸੰਸਥਾ ਦੇ ਵਿਦਿਆਰਥੀਆਂ ਨੂੰ 6 ਲੱਖ ਰੁਪਏ ਸਲਾਨਾ ਪੈਕੇਜ਼ ਤੇ ਨਿਯੁਕਤ ਕੀਤਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ