‘ਕੈਬਨਿਟ ਮੰਤਰੀ ਧਰਮਸੋਤ ਵੱਲੋਂ ਹੇਮਾ ਮਾਲਿਨੀ ਤੇ ਸੁਖਬੀਰ ਬਾਦਲ ਨੂੰ ਨਸੀਹਤ’

ਕਿਹਾ, ਹੇਮਾ ਮਾਲਿਨੀ ਨੂੰ ਫਿਲਮ ਇੰਡਸਟਰੀ ’ਤੇ ਧਿਆਨ ਦੇਣਾ ਚਾਹੀਦੈ, ਖੇਤੀ ਵੱਸ ਦੀ ਗੱਲ ਨਹੀਂ

ਨਾਭਾ, (ਤਰੁਣ ਕੁਮਾਰ ਸ਼ਰਮਾ)। ਨਾਭਾ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹੇਮਾ ਮਾਲਿਨੀ ਤੇ ਸੁਖਬੀਰ ਬਾਦਲ ਨੂੰ ਨਸੀਹਤ ਦੇ ਦਿੱਤੀ ਉਨ੍ਹਾਂ ਕਿਹਾ ਕਿ ਫਿਲਮੀ ਅਦਾਕਾਰ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਖੇਤੀ ਬਾਰੇ ਕੁਝ ਨਹੀਂ ਪਤਾ। ਉਸ ਨੂੰ ਨਹੀਂ ਪਤਾ ਕਿ ਕਣਕ ਦੀ ਬੱਲੀ ਜ਼ਮੀਨ ’ਚ ਲੱਗਦੀ ਹੈ ਜਾਂ ਹਵਾ ’ਚ। ਉਸ ਨੂੰ ਆਪਣੀ ਫਿਲਮ ਇੰਡਸਟਰੀ ਦਾ ਕੰਮ ਹੀ ਕਰਨਾ ਚਾਹੀਦਾ ਹੈ। ਕਿਸਾਨੀ ਉਸ ਦੇ ਵੱਸ ਦੀ ਗੱਲ ਨਹੀਂ।

ਉਸ ਨੂੰ ਖੇਤੀ ਸਬੰਧੀ ਕਾਨੂੰਨਾਂ ਤੇ ਬਿਨਾ ਜਾਣਕਾਰੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਇਸ ਦੇ ਨਾਲ ਹੀ ਉਨ੍ਹਾਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹਾਸਾ ਵੀ ਆਉਂਦਾ ਹੈ ਤੇ ਗੁੱਸਾ ਵੀ। ਉਨ੍ਹਾਂ ਕਿਹਾ ਕਿ ਖੇਤੀ ਸੋਧ ਐਕਟਾਂ ਦੀ ਬਣਤਰ ਦੌਰਾਨ ਸੁਖਬੀਰ ਬਾਦਲ ਮੈਂਬਰ ਪਾਰਲੀਮੈਂਟ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜੀਰ ਰਹੇ ਹੋਣ ਅਤੇ ਦੋਵਾਂ ਵੱਲੋਂ ਕੇਂਦਰੀ ਕੈਬਨਿਟ ਦੀ ਮੀਟਿੰਗ ’ਚ ਬੈਠ ਕੇ ਖੇਤੀ ਸੋਧ ਐਕਟ ਲਾਗੂ ਕਰਵਾਏ ਗਏ ਹੋਣ ਤਾਂ ਕਿਸ ਪ੍ਰਕਾਰ ਇਨ੍ਹਾਂ ਨੂੰ ਬੋਲਣ ਦਾ ਅਧਿਕਾਰ ਹੈ।

ਹੋਰ ਤਾਂ ਹੋਰ ਪੰਜਾਬ ਵਿਧਾਨ ਸਭਾ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਖਤਮ ਕੀਤਾ ਤਾਂ ਸੁਖਬੀਰ ਬਾਦਲ ਆਪਣੇ ਵਿਧਾਇਕਾਂ ਨਾਲ ਬਾਹਰ ਬੈਠ ਕੇ ਇਨ੍ਹਾਂ ਕਾਨੂੰਨਾਂ ਦੇ ਸੋਹਲੇ ਗਾਉਂਦੇ ਰਹੇ। ਪੂਰੇ ਦੇਸ਼ ਦੇ ਕਿਸਾਨ ਕਾਨੂੰਨਾਂ ਬਾਰੇ ਜਾਣਦੇ ਹਨ ਪਰੰਤੂ ਅਕਾਲੀ ਸਾਬਕਾ ਵਜੀਰ ਬੀਬੀ ਤੇ ਸੁਖਬੀਰ ਬਾਦਲ ਲਗਾਤਾਰ ਇਸ ਦੇ ਗੁੁਣਗਾਨ ਕਰਦੇ ਰਹੇ।

ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ’ਚ ਚੁਣੇ ਚਾਰੇ ਆਗੂਆਂ ਸਬੰਧੀ ਧਰਮਸੋਤ ਨੇ ਆਗੂਆਂ ਦੇ ਖੇਤੀ ਸੋਧ ਐਕਟ ਦੇ ਹੱਕ ’ਚ ਲਿਖੇ ਕਾਲਮਾਂ ਦਾ ਰਿਕਾਰਡ ਪੇਸ਼ ਕਰਦਿਆਂ ਕਿਹਾ ਕਿ ਇਹ ਤਾਂ ਪਹਿਲਾਂ ਹੀ ਖੇਤੀ ਐਕਟਾਂ ਦੇ ਹੱਕ ’ਚ ਭੁਗਤ ਰਹੇ ਹਨ ਅਤੇ ਮੋਦੀ ਸਰਕਾਰ ਦੇ ਸੋਹਲੇ ਗਾ ਰਹੇ ਹਨ। ਅੱਜ ਕਿਸਾਨਾਂ ਅਤੇ ਕੇਂਦਰ ਵਿਚਾਲੇ ਹੋਣ ਵਾਲੀ ਮੀਟਿੰਗ ਸਬੰਧੀ ਧਰਮਸੋਤ ਨੇ ਦਾਅਵਾ ਕੀਤਾ ਕਿ ਕਮੇਟੀ ਨੇ ਕੁਝ ਨਹੀਂ ਕਰਨਾ ਹੈ, ਇਨ੍ਹਾਂ ਦੇ ਦਿਲ ਪੱਥਰ ਵਾਂਗ ਹਨ ਅਤੇ ਕਿਸਾਨਾਂ ਦੀ ਸਮੱਸਿਆ ਦੇ ਹੱਲ ਲਈ ਦਿਲ ਦਾ ਨਰਮ ਹੋਣਾ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.