ਨੌਜਵਾਨਾਂ ਨੂੰ ਉਸਾਰੂ ਸੋਚ ਨਾਲ ਜੋੜਨਾ ਹੈ ਸਮੇਂ ਦੀ ਮੁੱਖ ਲੋੜ : ਧਾਲੀਵਾਲ
(ਰਾਜਨ ਮਾਨ) ਅੰਮਿ੍ਤਸਰ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ “ਨਸ਼ਾ ਮੁਕਤ ਪੰਜਾਬ” ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਦਾ ਹੈ ਜਦੋਂ ਪਿੰਡਾਂ ਦੇ ਮੋਹਤਬਰ ਪਾਰਟਬਾਜੀ ਤੋਂ ਉਪਰ ਉਠ ਕੇ ਵੱਡੇ-ਵੱਡੇ ਖੇਡ ਮੇਲੇ ਆਪਣੇ ਪੱਧਰ ਉਤੇ ਕਰਵਾਉਣ ਲਈ ਅੱਗੇ ਆ ਜਾਣ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵੱਲੋਂ ਆਈਟੀਆਈ ਅਜਨਾਲਾ ਵਿਖੇ ਕਬੱਡੀ ਦੇ ਕਰਵਾਏ ਗਏ ਖੇਡ ਮੇਲੇ ਵਿੱਚ ਸ਼ਿਰਕਤ ਕਰਦੇ ਕੀਤਾ। (Kabaddi)
ਖੇਡ ਮੇਲੇ ਕਰਵਾਉਣੇ ਅੱਜ ਦੇ ਸਮੇਂ ਦੀ ਵੱਡੀ ਮੰਗ (Kabaddi)
ਉਨ੍ਹਾਂ ਨੇ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਸੱਦਾ ਦਿੱਤਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੀ ਨਸ਼ਿਆਂ ਖਿਲਾਫ਼ ਵਿੱਢੀ ਗਈ “ਨਸ਼ਾ ਮੁਕਤ ਪੰਜਾਬ” ਜਾਗਰੂਕਤਾ ਮੁਹਿੰਮ ਵਿੱਚ ਵੀ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਾਥ ਦੇਣ। ਉਨ੍ਹਾਂ ਕਿਹਾ ਕਿ ਅਧਿਆਪਕਾਂ, ਮਾਪਿਆਂ ਅਤੇ ਸਾਨੂੰ ਸਾਰਿਆਂ ਨੂੰ ਰਲ ਕੇ ਆਪਣਾ ਰਸਤਾ ਭਟਕ ਚੁੱਕੇ ਨੌਜਵਾਨਾਂ ਨੂੰ ਮੋਟੀਵੇਟ ਕਰਕੇ ਉਨ੍ਹਾਂ ਨੂੰ ਸਹੀ ਸੇਧ ਵੱਲ ਲਿਆਉਣ ਲਈ ਵੀ ਅੱਗੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਹਰਪ੍ਰੀਤ ਕੌਰ ਨੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦਾ ਅਹੁਦਾ ਸੰਭਾਲਿਆ
ਸ ਧਾਲੀਵਾਲ ਨੇ ਕਿਹਾ ਕਿ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣਾ ਵਾਧੂ ਸਮਾਂ ਸਰੀਰਕ ਤੌਰ ਉਤੇ ਤੰਦਰੁਸਤ ਰਹਿਣ ਲਈ ਖੇਡ ਮੈਦਾਨ ਵਿੱਚ ਬਤੀਤ ਕਰਨ। ਸ ਧਾਲੀਵਾਲ ਜਿੰਨਾ ਨੇ ਪਿਛਲੇ ਸਾਲ ਇਸ ਟੂਰਨਾਮੈਂਟ ਮੌਕੇ ਆਪਣੇ ਵੱਲੋਂ ਕਲੱਬ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਦਿੱਤੀ ਸੀ ਨੇ ਇਸ ਵਾਰ ਵੀ ਇਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। (Kabaddi)
ਇਸ ਮੌਕੇ ਸ੍ਰੀ ਖੁਸ਼ਪਾਲ ਸਿੰਘ ਧਾਲੀਵਾਲ, ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਓਐਸਡੀ ਚਰਨਜੀਤ ਸਿੰਘ ਸਿੱਧੂ, ਗੁਰਜੰਟ ਸਿੰਘ ਸੋਹੀ, ਜਸਪਾਲ ਸਿੰਘ ਢਿੱਲੋ ਪ੍ਰਧਾਨ ਨਗਰ ਪੰਚਾਇਤ ਅਜਨਾਲਾ, ਬਲਦੇਵ ਸਿੰਘ ਬੱਬੂ ਚੇਤਨਪੁਰਾ ਚੇਅਰਮੈਨ ਮਾਰਕੀ ਕਮੇਟੀ, ਤਜਿੰਦਰ ਸਿੰਘ ਢਿੱਲੋ ਕਲੱਬ ਪ੍ਰਧਾਨ, ਸਲਵਿੰਦਰ ਸਿੰਘ ਸਰਪੰਚ ਕੋਟਲੀ, ਗੁਰਜੰਟ ਸਿੰਘ ਜੰਟਾ, ਹਰਪ੍ਰੀਤ ਸਿੰਘ ਕੋਟਲੀ, ਐਸ.ਐਚ.ਓ ਸੁਖਜਿੰਦਰ ਸਿੰਘ ਖਹਿਰਾ ਸਮੇਤ ਵੱਡੀ ਗਿਣਤੀ ਚ ਖੇਡ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਪਹੁੰਚੀਆਂ ਸ਼ਖਸੀਅਤਾਂ, ਜੇਤੂ ਖਿਡਾਰੀਆਂ ਤੇ ਕੋਚ ਸਹਿਬਾਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ।