ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣ ਸਮੇਂ ਕੇਂਦਰ ਪੰਜਾਬ ਦੀ ਬਰਬਾਦੀ ਦੀ ਭਰਪਾਈ ’ਚ ਵੀ ਹਿੱਸਾ ਪਵਾ ਦਿੰਦੀ : ਮੰਤਰੀ ਗੋਇਲ
Punjab Floods: (ਜਗਦੀਪ ਸਿੰਘ) ਫਿਰੋਜ਼ਪੁਰ। ਜਦੋਂ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦਿੱਤਾ ਸੀ ਉਦੋਂ ਕੇਂਦਰ ਸਰਕਾਰ ਪਾਣੀ ਲੈਣ ਵਾਲੇ ਸੂਬਿਆਂ ਤੋਂ ਪੰਜਾਬ ਦੀ ਬਰਬਾਦੀ ਦੀ ਭਰਪਾਈ ’ਚ ਵੀ ਹਿੱਸਾ ਪਵਾ ਦਿੰਦੀ। ਅੱਜ ਬਰਸਾਤਾਂ ਦੇ ਪਾਣੀ ਕਾਰਨ ਸਾਰਾ ਨੁਕਸਾਨ ਪੰਜਾਬ ਝੱਲ ਰਿਹਾ ਹੈ, ਗੈਰ-ਰਿਪੇਰੀਅਨ ਸੂਬਿਆਂ ਵੱਲੋਂ ਅਕਸਰ ਡੈਮਾਂ ਵਿੱਚ ਪਾਣੀ ਭਰਨ ਦੀ ਨਸੀਹਤ ਦਿੱਤੀ ਜਾਂਦੀ ਹੈ, ਤਾਂ ਜੋ ਉਹਨਾਂ ਸੂਬਿਆਂ ਨੂੰ ਸਾਰਾ ਸਾਲ ਪਾਣੀ ਮਿਲਦਾ ਰਹੇ, ਪਰ ਹੌਲੀ-ਹੌਲੀ ਪਾਣੀ ਰਿਲੀਜ਼ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦੀ ਪ੍ਰਗਟਾਵਾ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਫਿਰੋਜ਼ਪੁਰ ਦੇ ਪਿੰਡਾਂ ਟੇਂਡੀ ਵਾਲਾ, ਗਜ਼ਨੀ ਵਾਲਾ ਤੇ ਧੀਰਾ ਘਾਰਾ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪ੍ਰਭਾਵਿਤ ਖੇਤਰਾਂ ਦਾ ਦੌਰੇ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦੇ ਕੀਤਾ।
ਕਿਹਾ, ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਅੱਠ ਕੈਬਨਿਟ ਮੰਤਰੀਆਂ ਦੀ ਡਿਊਟੀ ਲਾਈ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਦਰਿਆਵਾਂ ਵਿੱਚ ਪਾਣੀ ਦੇ ਵਧੇ ਪੱਧਰ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕੰਮਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪਾਣੀ ਨਾਲ ਪ੍ਰਭਾਵਿਤ ਖੇਤਰਾਂ ਅੰਦਰ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਅੱਠ ਕੈਬਨਿਟ ਮੰਤਰੀਆਂ ਦੀ ਡਿਊਟੀ ਲਾਈ ਗਈ ਹੈ, ਜੋ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਕਰਕੇ ਪ੍ਰਭਾਵਿਤ ਪਿੰਡਾਂ ਦੇ ਨਿਵਾਸੀਆਂ ਤੱਕ ਸਿੱਧੀ ਪਹੁੰਚ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਕੋਈ ਹੜ ਪ੍ਰਭਾਵਿਤ ਪਿੰਡ ਨਾ ਰਹਿ ਜਾਵੇ ਇਸ ਦੇ ਲਈ ਸੈਕਟਰਾਂ ’ਚ ਵੰਡ ਕਰਕੇ ਅਧਿਕਾਰੀਆਂ ਨੂੰ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ।
ਉਹਨਾਂ ਦੱਸਿਆ ਕਿ ਹੜ੍ਹ ਰੋਕੂ ਕਾਰਜਾਂ ਉੱਪਰ ਪੰਜਾਬ ਸਰਕਾਰ ਵੱਲੋਂ 276 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਬੰਨ੍ਹਾਂ ਉੱਪਰ ਮਿੱਟੀ ਦੇ ਬੋਰੇ ਭਰ ਕੇ ਰੱਖੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੇਂ ਹਾਲਤ ਵਿੱਚ ਤੁਰੰਤ ਵਰਤੋਂ ਕੀਤੀ ਜਾ ਸਕੇ। ਇਸ ਦੌਰਾਨ ਕੈਬਿਨਟ ਮੰਤਰੀ ਵੱਲੋਂ ਪੀੜਤ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਮੌਕੇ ‘ਤੇ ਲੋੜਵੰਦਾਂ ਤੱਕ ਹਰ ਸੰਭਵ ਸਹਾਇਤਾ ਪਹੁੰਚਾਉਣ ਦੇ ਹੁਕਮ ਦਿੱਤੇ।
‘ਫਸਲਾਂ ਦਾ ਖ਼ਰਾਬਾ ਵੀ ਹੋ ਜਾਂਦਾ ਪਰ ਗਿਰਦਾਵਰੀਆਂ ਨਾ ਹੋਣ ਕਾਰਨ ਮੁਆਵਜ਼ਾ ਵੀ ਨਹੀਂ ਮਿਲਦਾ’
ਵਾਰ-ਵਾਰ ਆ ਰਹੇ ਹੜ੍ਹਾਂ ਦੇ ਪ੍ਰਭਾਵਿਤ ਲੋਕਾਂ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਸਮੱਸਿਆਵਾਂ ਦੱਸਦਿਆਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਉਹਨਾਂ ਦੀਆਂ ਜ਼ਮੀਨਾਂ ਦੀਆਂ ਗਿਰਦਾਵਰੀਆਂ ਤੋੜ ਕੇ ਸਰਕਾਰ ਦੇ ਨਾਂਅ ਕੀਤੀਆਂ ਹੋਈਆਂ ਹਨ, ਜਦ ਕਿ ਇਹਨਾਂ ਜ਼ਮੀਨਾਂ ਨੂੰ ਉਹਨਾਂ ਨੇ ਵਾਹੀਯੋਗ ਬਣਾ ਕੇ ਹਰ ਸਾਲ ਆਪ ਫਸਲਾਂ ਬੀਜਦੇ ਹਨ, ਪਰ ਸਤਲੁਜ ਵਿੱਚ ਵਾਰ-ਵਾਰ ਹੜ੍ਹ ਆਉਣ ਕਾਰਨ ਉਹਨਾਂ ਦੀਆਂ ਫਸਲਾਂ ਤਾਂ ਤਬਾਹ ਹੋ ਜਾਂਦੀਆਂ ਹਨ, ਜਿਸ ਦਾ ਆਰਥਿਕ ਨੁਕਸਾਨ ਉਹਨਾਂ ਨੂੰ ਝੱਲਣਾ ਪੈਂਦਾ ਅਤੇ ਗਰਦਾਵਰੀਆਂ ਉਹਨਾਂ ਦੇ ਨਾਂਅ ’ਤੇ ਨਾ ਹੋਣ ਕਾਰਨ ਮੁਆਵਜ਼ਾ ਵੀ ਨਹੀਂ ਮਿਲਦਾ ਮੌਕੇ ‘ਤੇ ਮੌਜ਼ੂਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਮੰਤਰੀ ਦੇ ਧਿਆਨ ਵਿੱਚ ਲਿਆਦਾਂ ਕਿ ਇਹਨਾਂ ਦੀਆਂ ਗਿਰਦਾਵਰੀਆਂ ਸਬੰਧੀ ਕੁਝ ਅਪੀਲਾਂ ਅਜੇ ਮਾਣਯੋਗ ਸੁਪਰੀਮ ਕੋਰਟ ਵਿੱਚ ਪੈਡਿੰਗ ਪਈਆਂ ਹਨ ਮੰਤਰੀ ਨੇ ਮਸਲੇ ਨੂੰ ਵਿਚਾਰਨ ਦਾ ਭਰੋਸਾ ਦਿੰਦੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਫਸਲਾਂ ਤੇ ਹੋਰ ਹੋਏ ਨੁਕਸਾਨ ਦੀ ਭਰਪਾਈ ਕੇਂਦਰ ਵੱਲੋਂ ਤੈਅ ਕੀਤੇ ਮੁਆਵਜ਼ੇ ਅਨੁਸਾਰ ਕਰੇਗੀ। Punjab Floods
ਫੌਜ ਦੀ ਸਹਿਮਤੀ ਮਿਲ ਜਾਵੇ ਤਾਂ ਗਜ਼ਨੀਵਾਲਾ ਪੁੱਲ ਦਾ ਨਿਕਲ ਸਕਦਾ ਹੱਲ : ਮੰਤਰੀ
ਗਜ਼ਨੀ ਵਾਲਾ-ਦੋਨਾ ਮੱਤੜ ਇਲਾਕੇ ਦੇ ਲੋਕਾਂ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਧਿਆਨ ‘ਚ ਲਿਆਉਂਦਿਆਂ ਦੱਸਿਆ ਕਿ ਕਈ ਪਿੰਡਾਂ ਦੀ ਕਰੀਬ 2-3 ਹਜ਼ਾਰ ਏਕੜ ਜ਼ਮੀਨ ਜੋ ਦਰਿਆ ਤੋਂ ਪਾਰ ਹੈ, ਏਸੇ ਰਸਤਿਓ ਦਰਿਆ ਪਾਰ ਕਰਕੇ ਜਾਣਾ ਪੈਂਦਾ ਹੈ ਪਰ ਇੰਨਾਂ ਦਿਨਾਂ ਵਿੱਚ ਪਾਣੀ ਵੱਧਣ ਕਾਰਨ ਵੱਡੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ, ਜਿਸ ਨੂੰ ਦੇਖਦੇ ਸਥਾਨਿਕ ਲੋਕਾਂ ਨੇ ਪੁੱਲ ਬਣਾਉਣ ਦੀ ਮੰਗ ਰੱਖੀ ਪੁੱਲ ਨਾ ਬਣਾਏ ਜਾਣ ਦਾ ਕਾਰਨ ਬਾਰਡਰ ਏਰਿਆ ਹੋਣ ਦਾ ਦੱਸਿਆ ਗਿਆ ਤਾਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇੱਥੇ ਪੁੱਲ ਬਣਾਉਣ ਵਿੱਚ ਫੌਜ ਦੀ ਸਹਿਮਤੀ ਜ਼ਰੂਰੀ ਹੈ, ਜੇ ਮਿਲ ਜਾਵੇ ਤਾਂ ਇਹਨਾਂ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ, ਜਿਸ ਲਈ ਉਹ ਯਤਨ ਕਰਨਗੇ।