ਪਿਤਾ-ਪੁੱਤਰ ਜਖਮੀ
ਜੀਵਨ ਰਾਮਗੜ੍ਹ/ਸੁਮਿਤ ਗੁਪਤਾ: ਬਰਨਾਲਾ/ਹੰਡਿਆਇਆ: ਅੱਜ ਬਠਿੰਡਾ ਮੁੱਖ ਮਾਰਗ ‘ਤੇ ਮਕਾਣ ਲਈ ਸਵਾਰੀਆਂ ਲਿਜਾ ਰਹੀ ਇੱਕ ਸਕੂਲੀ ਬੱਸ ਤੇ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ਦੌਰਾਨ ਦੋ ਦੀ ਮੌਤ ਤੇ ਕਈ ਜਣਿਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ। ਬੱਸ ਚਾਲਕ ਮੌਕੇ ‘ਤੋਂ ਫਰਾਰ ਹੋ ਗਿਆ।
ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਵਾਸੀ ਗਗਨ ਕੁਮਾਰ ਪੁੱਤਰ ਸੱਤਪਾਲ ਆਪਣੀ ਮਾਤਾ ਨਿਰਮਲਾ ਦੇਵੀ, ਪਤਨੀ ਰੰਜਨਾ ਅਤੇ ਛੋਟੇ ਤਿੰਨ ਕੁ ਸਾਲ ਦੇ ਪੁੱਤਰ ਗੌਤਮ ਨਾਲ ਬਰਨਾਲਾ ਤੋਂ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਮਿਲਣ ਉਪਰੰਤ ਵਾਪਿਸ ਬਠਿੰਡਾ ਵੱਲ ਜਾ ਰਹੇ ਸੀ। ਜਦੋਂ ਕਾਰ ਸਵਾਰ ਖੁੱਡੀ ਖੁਰਦ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਸੜਕ ਦੇ ਉਲਟ ਸਾਇਡ ਆ ਰਹੀ ਇੱਕ ਰਾਮਪੁਰਾ ਦੇ ਨਿੱਜੀ ਸਕੂਲ ਦੀ ਬੱਸ ਨਾਲ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ‘ਚ ਸਵਾਰ ਨਿਰਮਲਾ ਦੇਵੀ (52) ਅਤੇ ਉਸਦੀ ਨੂੰਹ ਰੰਜਨਾ (32) ਪਤਨੀ ਗਗਨ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਖ਼ੁਦ ਕਾਰ ਚਾਲਕ ਗਗਨ ਕੁਮਾਰ ਅਤੇ ਉਸ ਦਾ 3 ਕੁ ਸਾਲ ਦਾ ਪੁੱਤਰ ਗੌਤਮ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ
ਘਟਨਾਂ ਦੀ ਸੂਚਨਾ ਮਿਲਣ ਉਪਰੰਤ ਤੁਰੰਤ ਥਾਣਾ ਸਦਰ ਦੇ ਸਬ ਇੰਸਪੈਟਕਰ ਗੌਰਵਬੰਸ ਸਿੰਘ, ਪੁਲੀਸ ਚੌਂਕੀ ਹੰਡਿਆਇਆ ਦੇ ਇੰਚਾਰਜ ਗੁਰਪਾਲ ਸਿੰਘ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪੁੱਜ ਗਏ। ਜਿਨ੍ਹਾਂ ਜਖ਼ਮੀਆਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ। ਜਿੱਥੋਂ ਜਖਮੀਆਂ ਦੀ ਗੰਭੀਰ ਹਾਲਤ ਨੂੰ ਭਾਂਪਦਿਆਂ ਲੁਧਿਆਣਾ ਰੈਫਰ ਕਰ ਦਿੱਤਾ। ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿਖੇ ਭੇਜ ਦਿੱਤਾ। ਉਨ੍ਹਾਂ ਦੱÎਸਿਆ ਕਿ ਬੱਸ ‘ਚ ਸਵਾਰ ਮਕਾਣ ਜਾ ਰਹੇ ਸੋਗਗ੍ਰਸਤ ਹਰਪ੍ਰੀਤ ਸਿੰਘ, ਅਮਰਜੀਤ ਕੌਰ, ਸੁਖਬੀਰ ਕੌਰ, ਰਾਮ ਸਰੂਪ, ਸੁਰਜੀਤ ਕੌਰ, ਭੁਪਿੰਦਰ ਕੌਰ ਵਾਸੀਆਨ ਰਾਮਪੁਰਾ ਫੂਲ ਵੀ ਜ਼ਖਮੀ ਹੋ ਗਏ
ਬੱਸ ਚਾਲਕ ਖਿਲਾਫ਼ ਮਾਮਲਾ ਦਰਜ਼
ਪੁਲੀਸ ਅਧਿਕਾਰੀਆਂ ਦੱਸਿਆ ਕਿ ਘਟਨਾ ਸਬੰਧੀ ਰਾਮਪੁਰਾ ਦੇ ਸ਼ਹੀਦ ਸਮਾਰਕ ਸੀਨੀਅਰ ਸੈਕੰਡਰੀ ਸਕੂਲ ਦੀ ਉਕਤ ਬੱਸ (ਬੱਸ ਨੰਬਰ ਪੀਬੀ 23-ਈ-3219) ਦੇ ਚਾਲਕ ਉਪਿੰਦਰਜੀਤ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਫੂਲ ਖਿਲਾਫ਼ ਆਈਪੀਸੀ ਦੀ ਧਾਰਾ 304 ਏ, 279, 337, 338, 427 ਤਹਿਤ ਮੁਕੱਦਮਾ ਨੰਬਰ 70 ਦਰਜ ਕਰ ਲਿਆ ਹੈ। ਬੱਸ ਚਾਲਕ ਪੁਲੀਸ ਦੀ ਗ੍ਰਿਫਤ ‘ਚੋ ਬਾਹਰ ਹੈ।