ਬਜਟ ਦੌਰਾਨ ਭਿੜੇ ਸਿੱਧੂ ਅਤੇ ਮਜੀਠੀਆ, ਤੂੰ-ਤੂੰ, ਮੈਂ-ਮੈਂ ਤੋਂ ਸ਼ੁਰੂ ਹੋਈ ਲੜਾਈ ਮਾਰ ਕੁਟਾਈ ਤੱਕ ਆਈ 

Budget, Sidhu, Majithia, Fighting, Battle

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੂੰ ਕੀਤਾ ਸਦਨ ਤੋਂ ਬਾਹਰ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਸਦਨ ਅੰਦਰ ਪੇਸ਼ ਹੋ ਰਹੇ ਪੰਜਾਬ ਬਜਟ ਦੌਰਾਨ ਬਿਕਰਮ ਮਜੀਠਿਆ ਅਤੇ ਨਵਜੋਤ ਸਿੱਧੂ ਵਿਚਕਾਰ ਜੰਮ ਕੇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋਈ ਲੜਾਈ ਕੁਝ ਹੀ ਮਿੰਟਾਂ ਵਿੱਚ ਮਾਰ ਕੁਟਾਈ ਤੱਕ ਪੁਜਦੀ-ਪੁਜਦੀ ਰੁਕ ਗਈ । ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਵਿਚਕਾਰ ਆਉਂਦੇ ਹੋਏ ਸਥਿਤੀ ਨੂੰ ਕਾਫ਼ੀ ਜਿਆਦਾ ਗੰਭੀਰ ਹੋਣ ਤੋਂ ਰੋਕਿਆ ਪਰ ਦੋਹੇ ਪਾਸੇ ਤੋਂ ਚਲ ਰਹੀਂ ਬਹਿਸਬਾਜ਼ੀ ਕਦੋਂ ਹੱਥੋ-ਪਾਈ ਤੱਕ ਪੁੱਜ ਜਾਏ, ਜਿਸ ਨੂੰ ਦੇਖਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦੀ ਕਾਰਵਾਈ ਨੂੰ 18 ਮਿੰਟ ਲਈ ਮੁਲਤਵੀ ਕਰਦੇ ਹੋਏ ਅਕਾਲੀ-ਭਾਜਪਾ ਦੇ ਸਾਰੇ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ ਤੋਂ ਬਾਹਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ।

ਸਦਨ ਦੀ ਕਾਰਵਾਈ ਦੇ ਮੁਲਤਵੀ ਹੋਣ ਤੋਂ ਬਾਅਦ ਵੀ ਸਦਨ ਵਿੱਚ ਮਾਹੌਲ ਗਰਮ ਹੀ ਰਿਹਾ ਅਤੇ ਕੁਝ ਹੀ ਮਿੰਟਾਂ ਬਾਅਦ ਬਿਕਰਮ ਮਜੀਠਿਆ ਸਣੇ ਅਕਾਲੀ-ਭਾਜਪਾ ਦੇ ਵਿਧਾਇਕ ਸਦਨ ਤੋਂ ਬਾਹਰ ਚਲੇ ਗਏ। ਜਿਸ ਤੋਂ ਬਾਅਦ ਲਗਭਗ 1 ਵਜੇ ਮੁੜ ਤੋਂ ਬਜਟ ਦੇ ਭਾਸ਼ਣ ਨੂੰ ਸ਼ੁਰੂ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਵਿਧਾਨ ਸਭਾ ਵਿੱਚ ਬਜਟ ਦਾ ਭਾਸ਼ਣ ਸ਼ੁਰੂ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਹੰਗਾਮੇ ਦੇ ਕਾਰਨ ਉਸ ਨੂੰ ਰੋਕਣਾ ਪਿਆ ਹੋਵੇ। ਵਿਧਾਨ ਸਭਾ ਵਿੱਚ ਹੋਇਆ ਇੰਜ ਕਿ ਸ਼੍ਰੋਮਣੀ ਅਕਾਲੀ ਦਲ ਨਵਜੋਤ ਸਿੱਧੂ ਖ਼ਿਲਾਫ਼ ਇਕ ਨਿੰਦਾ ਪ੍ਰਸਤਾਵ ਸਦਨ ਵਿੱਚ ਪੇਸ਼ ਕਰਨਾ ਚਾਹੁੰਦੇ ਸਨ ਪਰ ਬਜਟ ਦੇ ਭਾਸ਼ਣ ਦੀ ਕਾਰਵਾਈ ਸ਼ੁਰੂ ਹੋਣ ਦੇ ਚਲਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਉਨਾਂ ਨੂੰ ਇਜਾਜ਼ਤ ਨਹੀਂ ਦਿੱਤੀ, ਜਿਸ ਤੋਂ ਭੜਕੇ ਅਕਾਲੀ ਦਲ ਦੇ ਵਿਧਾਇਕਾਂ ਨਾਲ ਵੈੱਲ ਦੇ ਬਿਲਕੁਲ ਨੇੜੇ ਜਾ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਸਦਨ ਦੇ ਅੰਦਰ ਜਿਥੇ ਨਵਜੋਤ ਸਿੱਧੂ ਬੈਠੇ ਸਨ, ਉਸ ਥਾਂ ਦੇ ਨੇੜੇ ਬਿਕਰਮ ਮਜੀਠੀਆ ਅਤੇ ਹੋਰ ਅਕਾਲੀ ਵਿਧਾਇਕਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁਝ ਪੋਸਟਰ ਵੀ ਦਿਖਾਏ ਜਾ ਰਹੇ ਸਨ। ਇਨਾਂ ਪੋਸਟਰ ਵਿੱਚ ਨਵਜੋਤ ਸਿੱਧੂ ਅਤੇ ਪਾਕਿਸਤਾਨ ਦੇ ਜਰਨਲ ਬਾਜਵਾ ਇੱਕ ਦੂਜੇ ਜੱਫੀ ਪਾ ਰਹੇ ਸਨ। ਇਨਾਂ ਪੋਸਟਰ ਨੂੰ ਦਿਖਾਉਂਦੇ ਹੋਏ ਅਕਾਲੀ ਦਲ ਦੇ ਵਿਧਾਇਕ ਨਵਜੋਤ ਸਿੱਧੂ ਅਤੇ ਪਾਕਿਸਤਾਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।

ਜਿਸ ਕਾਰਨ ਮੌਕੇ ‘ਤੇ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਦਾ ਆਹਮੋ ਸਾਹਮਣਾ ਹੋ ਗਿਆ। ਬਿਕਰਮ ਮਜੀਠਿਆ ਨੇ ਪਹਿਲਾਂ ਵਾਂਗ ਹੋਰ ਵੀ ਤੇਜ਼ ਨਾਅਰੇ ਲਗਾਉਣ ਸ਼ੁਰੂ ਕਰ ਦਿੱਤਾ ਤਾਂ ਨਵਜਸਤ ਸਿੱਧੂ ਨੇ ਬਿਕਰਮ ਮਜੀਠੀਆ ਨੂੰ ਪੁੱਠਾ ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਤਿੱਖੀ ਨੋਕ ਝੋਕ ਵਿੱਚ ਇੰਜ ਲਗ ਰਿਹਾ ਸੀ ਕਿ ਕਿਸੇ ਵੀ ਸਮੇਂ ਦੋਵਾਂ ਧਿਰਾਂ ਦੀ ਲੜਾਈ ਤੱਕ ਹੋ ਸਕਦੀ ਹੈ ਮਜੀਠੀਆ ਅਤੇ ਸਿੱਧੂ ਵਿਚਕਾਰ ਮੁਸ਼ਕਿਲ ਨਾਲ ਹੀ 2-3 ਫੁੱਟ ਦਾ ਫਾਸਲਾ ਸੀ।

ਸਥਿਤੀ ਨੂੰ ਦੇਖਦੇ ਹੋਏ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵਿਚਕਾਰ ਆਉਂਦੇ ਮਜੀਠੀਆ ਨੂੰ ਕੁਝ ਦੂਰ ਕਰ ਦਿੱਤਾ। ਜਿਸ ਤੋਂ ਬਾਅਦ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦੀ ਕਾਰਵਾਈ ਨੂੰ ਦੁਪਹਿਰ 1 ਵਜੇ ਤੱਕ ਲਈ ਮੁਲਤਵੀ ਕਰਦੇ ਹੋਏ ਅਕਾਲੀ-ਭਾਜਪਾ ਦੇ ਸਾਰੇ ਵਿਧਾਇਕਾਂ ਨੂੰ ਨੇਮ ਕਰ ਦਿੱਤਾ। ਇਸ ਦੌਰਾਨ ਮਾਰਸ਼ਲ ਨੂੰ ਆਦੇਸ਼ ਵੀ ਜਾਰੀ ਕਰ ਦਿੱਤੇ ਕਿ ਉਹ ਅਕਾਲੀ-ਭਾਜਪਾ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।