ਬਿਜਲੀ, ਰੇਤ ਮਾਫੀਆ, ਸੂਬੇ ਦੀ ਅਰਥਵਿਵਸਥਾ ਹੋ ਸਕਦੀ ਐ ਵਿਰੋਧੀ ਧਿਰ ਦਾ ਮੁੱਖ ਮੁੱਦਾ
ਵਿਰੋਧੀ ਧਿਰਾਂ ਨੇ ਕੀਤੀ ਬਜਟ ਸੈਸ਼ਨ ਨੂੰ ਵਧਾਉਣ ਦੀ ਮੰਗ, ਸਰਕਾਰ ਕਰ ਰਹੀ ਐ ਵਿਚਾਰ
ਬਜਟ ਪੇਸ਼ ਕਰਨ ਲਈ 25 ਫਰਵਰੀ ਤੈਅ ਪਰ ਸਰਕਾਰ ਕਰ ਰਹੀ ਐ ਬਜਟ 28 ਨੂੰ ਪੇਸ਼ ਕਰਨ ‘ਤੇ ਵਿਚਾਰ
ਚੰਡੀਗੜ,(ਅਸ਼ਵਨੀ ਚਾਵਲਾ) ਪੰਜਾਬ ਵਿਧਾਨ ਸਭਾ ਵਿੱਚ ਭਲਕੇ ਵੀਰਵਾਰ ਤੋਂ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ (Budget session) ਕਾਫ਼ੀ ਜਿਆਦਾ ਹੰਗਾਮੇਦਾਰ ਰਹਿਣ ਦੇ ਆਸਾਰ ਹਨ ਇਸ ਬਜਟ ਸੈਸ਼ਨ ‘ਚ ਕਾਂਗਰਸ ਸਰਕਾਰ ਨੂੰ ਘੇਰਣ ਲਈ ਇੱਕ ਨਹੀਂ ਸਗੋਂ 2 ਵਿਰੋਧੀ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ। ਸ਼੍ਰੋਮਣੀ ਅਕਾਲੀ ਦਲ ਆਪਣੀ ਰਣਨੀਤੀ ਦੇ ਤਹਿਤ ਕਾਂਗਰਸ ‘ਤੇ ਹਮਲੇ ਕਰੇਗਾ ਅਤੇ ਆਮ ਆਦਮੀ ਪਾਰਟੀ ਵੀ ਇਸ ਬਜਟ ਸੈਸ਼ਨ ਵਿੱਚ ਆਪਣੇ ਵੱਖਰੇ ਤਰੀਕੇ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕਰੇਗੀ ਇਸ ਬਜਟ ਸੈਸ਼ਨ ਵਿੱਚ ਪੰਜਾਬ ਵਿੱਚ ਮਹਿੰਗੀ ਬਿਜਲੀ ਵੱਡਾ ਮੁੱਦਾ ਹੋ ਸਕਦਾ ਹੈ ਤੇ ਰੇਤ ਮਾਫੀਆ ਤੋਂ ਲੈ ਕੇ ਸੂਬੇ ਦੀ ਅਰਥ ਵਿਵਸਥਾ ਅਤੇ ਕਰਜ਼ੇ ਵਿਰੋਧੀ ਧਿਰਾਂ ਕਾਂਗਰਸ ਸਰਕਾਰ ਨੂੰ ਘੇਰਨ ਲਈ ਕੋਈ ਕਸਰ ਨਹੀਂ ਛੱਡਣਗੀਆਂ।
ਕਾਂਗਰਸ ਸਰਕਾਰ ਦੇ 3 ਸਾਲ ਵੀ ਅਗਲੇ ਮਹੀਨੇ ਮਾਰਚ ਵਿੱਚ ਮੁਕੰਮਲ ਹੋਣ ਜਾ ਰਹੇ ਹਨ। ਇਨਾਂ ਤਿੰਨ ਸਾਲਾਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਨਾ ਪੂਰੇ ਕਰਨ ‘ਤੇ ਵੀ ਸੁਆਲ ਖੜਾ ਕਰਨ ਲਈ ਵਿਰੋਧੀ ਧਿਰਾਂ ਪੂਰੀ ਕੋਸ਼ਿਸ਼ ਕਰਨਗੀਆਂ।
ਬਜਟ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੱਖ-ਵੱਖ ਪੰਜਾਬ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰਦੇ ਹੋਏ ਸੈਸ਼ਨ ਦੇ ਦਿਨ ਵਧਾਉਣ ਦੀ ਮੰਗ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਕਾਂਗਰਸ ਸਰਕਾਰ ਵਿਚਾਰ ਵੀ ਕਰ ਰਹੀਂ ਹੈ। ਹੁਣ ਤੱਕ ਜਾਰੀ ਹੋਏ ਪ੍ਰੋਗਰਾਮ ਅਨੁਸਾਰ ਸੂਬੇ ਦਾ ਵਿੱਤੀ ਸਾਲ 2020-21 ਲਈ ਬਜਟ 25 ਫਰਵਰੀ ਨੂੰ ਪੇਸ਼ ਹੋਣਾ ਹੈ ਅਤੇ 28 ਫਰਵਰੀ ਨੂੰ ਬਜਟ ਸੈਸ਼ਨ ਖਤਮ ਹੋ ਜਾਏਗਾ ਪਰ ਸਰਕਾਰ ਵਲੋਂ ਇਸ ਸੈਸ਼ਨ ਨੂੰ 2 ਦਿਨ ਤੱਕ ਵਧਾਉਣ ਲਈ ਵਿਚਾਰ ਕਰ ਰਹੀ ਹੈ। ਜੇ
ਕਰ ਬਜਟ ਸੈਸ਼ਨ 2 ਦਿਨ ਵਧਿਆ ਤਾਂ ਬਜਟ ਸੈਸ਼ਨ 2 ਮਾਰਚ ਨੂੰ ਖਤਮ ਹੋਏਗਾ ਅਤੇ 28 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਇਹ ਸੈਸ਼ਨ ਜਿਆਦਾ ਛੋਟਾ ਹੈ ਅਤੇ ਇੰਨੇ ਛੋਟੇ ਸੈਸ਼ਨ ਵਿੱਚ ਪੰਜਾਬ ਦੇ ਭਖਵੇਂ ਮੁੱਦੇ ਵਿਚਾਰੇ ਨਹੀਂ ਜਾ ਸਕਦੇ ਹਨ। ਉਨਾਂ ਕਿਹਾ ਕਿ ਇੰਨਾ ਛੋਟਾ ਸੈਸ਼ਨ ਫਿਰ ਸੱਦਣ ਦੀ ਹੀ ਕੀ ਜਰੂਰਤ ਹੈ, ਜੇਕਰ ਵਿਰੋਧੀ ਧਿਰਾਂ ਦੀ ਗਲ ਹੀ ਨਹੀਂ ਸੁਣਨੀ ਹੈ।
ਬਿਕਰਮ ਮਜੀਠਿਆ ਨੇ ਕਿਹਾ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਵਿੱਚ ਇੱਕ ਮਤਾ ਪੇਸ਼ ਕਰਦੇ ਹੋਏ ਵਿਰੋਧੀ ਧਿਰਾਂ ਦੀ ਜੁਬਾਨ ਹੀ ਬੰਦ ਕਰ ਦਿੱਤੀ ਸੀ ਅਤੇ ਜਿਹੜਾ ਕੰਮ ਸਰਕਾਰ ਕਰਨਾ ਚਾਹੁੰਦੀ ਸੀ, ਉਹ ਕੰਮ ਕੀਤਾ ਗਿਆ ਸੀ। ਮਜੀਠੀਆ ਸਰਕਾਰ ਦੇ ਮੁੱਦਿਆਂ ਸਲਾਹ ਦਿੰਦੇ ਕਿਹਾ ਕਿ ਜੇਕਰ ਇਸ ਬਜਟ ਸੈਸ਼ਨ ਵਿੱਚ ਵੀ ਇਸ ਤਰ੍ਹਾਂ ਦਾ ਕੀਤਾ ਗਿਆ ਤਾਂ ਹਰ ਦਿਨ 1 ਕਰੋੜ ਰੁਪਏ ਦਾ ਖਰਚਾ ਸੈਸ਼ਨ ‘ਤੇ ਕਰਨ ਦੀ ਕੀ ਜਰੂਰਤ ਹੈ।
ਉਨ੍ਹਾਂ ਕਿਹਾ ਕਿ ਜੇਕਰ ਬਜਟ ਹੀ ਪਾਸ ਕਰਵਾਉਣਾ ਹੈ ਤਾਂ ਇਕ ਦਿਨ ‘ਚ ਕਰਵਾ ਲਓ ਉਨਾਂ ਕਿਹਾ ਅਕਾਲੀ ਦਲ ਮੰਗ ਕਰਦੀ ਹੈ ਕਿ ਇਸ ਬਜਟ ਸੈਸ਼ਨ ਦੇ ਘੱਟ ਤੋਂ ਘੱਟ 10-12 ਦਿਨ ਹੋਰ ਵਧਾਏ ਜਾਣ ਤਾਂ ਕਿ ਸਾਰੇ ਮੁੱਦੇ ‘ਤੇ ਠੀਕ ਢੰਗ ਨਾਲ ਗੱਲਬਾਤ ਕੀਤੀ ਜਾ ਸਕੇ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਇੱਕ ਵਫ਼ਦ ਨੇ ਵੀ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਦੇ ਸੈਸ਼ਨ ਨੂੰ ਵਧਾਉਣ ਦੀ ਮੰਗ ਕੀਤੀ ਹੈ।
ਦੋਵਾਂ ਪਾਰਟੀਆਂ ਵਲੋਂ ਦਿੱਤੇ ਗਏ ਮੰਗ ਪੱਤਰ ਨੂੰ ਲੈਂਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਬਿਜ਼ਨਸ ਅਡਵਾਇਜਰੀ ਕਮੇਟੀ ਵਿੱਚ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।